Nazrana Times

ਪੰਜਾਬੀ

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ, ਕੁਰਬਾਨੀਆਂ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

19 Mar, 2025 11:57 PM
ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ, ਕੁਰਬਾਨੀਆਂ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਧਰਮਾ ਪ੍ਰੋਡਕਸ਼ਨਸ’ ਅਤੇ ‘ਹੰਬਲ ਮੋਸ਼ਨ ਪਿਕਚਰਸ’ ਵਲੋਂ ਬੰਬੇ ਚ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਫਿਲਮ ਦਾ ਟ੍ਰੇਲਰ

ਮੁੰਬਈ 19 ਮਾਰਚ, ਹਰਜਿੰਦਰ ਸਿੰਘ ਜਵੰਦਾ

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ, ਕੁਰਬਾਨੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰਦੀ ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਅਕਾਲ' ਆਗਾਮੀ 10 ਅਪ੍ਰੈਲ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਹੈ।ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਧਾਰਮਿਕ ਵਿਸ਼ੇ ਅਤੇ ਰੂਹਾਨੀਅਤ ਭਰੇ ਗੀਤ ਸੰਗੀਤ ਨਾਲ ਚਰਚਾ ਵਿੱਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਹਾਲ ਹੀ ਚ ‘ਧਰਮਾ ਪ੍ਰੋਡਕਸ਼ਨਸ’ ਅਤੇ ‘ਹੰਬਲ ਮੋਸ਼ਨ ਪਿਕਚਰਸ’ ਵਲੋਂ ਬੰਬੇ ਚ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਸ ਮੌਕੇ ਬਾਲੀਵੁੱਡ ਦੇ ਨਾਮੀ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਕਰਨ ਜੌਹਰ, ਗਿੱਪੀ ਗਰੇਵਾਲ, ਨਿਕਿਤਿਨ ਧੀਰ,ਅਦਾਕਾਰਾ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਮੀਤਾ ਵਸ਼ਿਸ਼ਠ, ਭਾਨਾ ਐਲ ਏ ਅਤੇ ਸ਼ਿੰਦਾ ਗਰੇਵਾਲ ਆਦਿ ਵੀ ਮੌਜੂਦ ਰਹੇ।

ਦੱਸ ਦਈਏ ਕਿ ਫ਼ਿਲਮ ਦੇ ਟ੍ਰੇਲਰ ਵਿੱਚ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਯੋਧਿਆਂ ਦੀ ਵੀਰਤਾ ਨੂੰ ਜਜ਼ਬੇ ਨੂੰ ਦਿਖਾਇਆ ਗਿਆ ਹੈ। ਫਿਲਮ ਦੇ ਟ੍ਰੇਲਰ ਤੋਂ ਪਤਾ ਚਲਦਾ ਹੈ ਕਿ ਇਹ ਫ਼ਿਲਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਤੇ ਕੌਮ ਲਈ ਵਾਰ ਦਿੱਤੀ ਸੀ। ਇਹ ਫ਼ਿਲਮ ਪਿਆਰ, ਬਹਾਦਰੀ ਅਤੇ ਕੁਰਬਾਨੀ ਦੀ ਗਾਥਾ ਹੈ।ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ, ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਵਲੋਂ ਪੰਜਾਬੀ ਸਿਨੇਮਾ ਚ ਪੰਜਾਬ, ਪੰਜਾਬੀਅਤ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ, ਚੰਗੀ ਸੇਧ ਦੇਣ ਵਾਲੀਆਂ ਅਤੇ ਜ਼ਿੰਦਗੀ ਦੀਆਂ ਸੱਚਾਈਆਂ ਨਾਲ ਜੁੜੀਆਂ ਅਰਥ ਭਰਪੂਰ ਫ਼ਿਲਮਾਂ ਦੀ ਪੇਸ਼ਕਾਰੀ ਲਈ ਹਮੇਸ਼ਾਂ ਹੀ ਮੋਹਰੀ ਰਹਿੰਦੇ ਹਨ।

ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਖੁਦ ਲਿਖੀ ਗਈ ਹੈ ਤੇ ਇਸ ਦਾ ਨਿਰਦੇਸ਼ਨ ਵੀ ਖ਼ੁਦ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਵਲੋਂ ਕੀਤੀ ਗਈ ਹੈ।ਇਹ ਫ਼ਿਲਮ ‘ਹੰਬਲ ਮੋਸ਼ਨ ਪਿਕਚਰਸ’ ਅਤੇ ‘ਫਜ਼ਕੋ’ ਦੀ ਸਾਂਝੀ ਪੇਸ਼ਕਸ਼ ਹੈ ਜਿਸ ਦੇ ਨਿਰਮਾਤਾ ਖੁਦ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਧਰਮਪਤਨੀ ਰਵਨੀਤ ਕੌਰ ਗਰੇਵਾਲ ਹੈ, ਜਦਕਿ ਸਹਿ ਨਿਰਮਾਤਾ ਭਾਨਾ ਐੱਲ. ਏ. ਅਤੇ ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ ਹਨ।ਇਸ ਫਿਲਮ ਰਾਹੀਂ ਬਾਲੀਵੁੱਡ ਅਦਾਕਾਰ ਨਿਕਿਤਿਨ ਧੀਰ ਪਾਲੀਵੁੱਡ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ ਜੋ ਕਿ ਇੱਕ ਪ੍ਰਭਾਸ਼ਾਲੀ ਤੇ ਦਮਦਾਰ ਕਿਰਦਾਰ ‘ਚ ਨਜ਼ਰ ਆਉਣਗੇ।ਇਹ ਫਿਲਮ ਪੰਜਾਬੀ ਸਿਨੇਮਾ ‘ਚ ਹੀ ਨਹੀਂ ਬਲਕਿ ਹਿੰਦੀ ਸਿਨੇਮਾ ਯਾਨੀ ਕਿ ਬਾਲੀਵੁੱਡ ਚ ਵੀ ਰਿਲੀਜ਼ ਹੋਵੇਗੀ। ਜਿਸ ਨੂੰ ਬਾਲੀਵੁੱਡ ਦੇ ਨਾਮੀ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਕਰਨ ਜੋਹਰ ਦੀ ਪ੍ਰੋਡਕਸ਼ਨ ਕੰਪਨੀ ‘ਧਰਮਾ ਪ੍ਰੋਡਕਸ਼ਨਸ’ ਹੇਠ ਹਿੰਦੀ ਸਿਨੇਮਾ ਚ ਰਿਲੀਜ਼ ਕੀਤਾ ਜਾਵੇਗਾ।ਜੋ ਕਿ ਪੰਜਾਬੀ ਫਿਲਮ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਮਿਲਾਪ ਨਾਲ ਪੰਜਾਬੀ ਇੰਡਸਟਰੀ ਦਾ ਕੱਦ ਹੋਰ ਵੱਡਾ ਹੋਵੇਗਾ। ਫਿਲਮ ਉਨ੍ਹਾਂ ਥਾਵਾਂ ’ਤੇ ਵੀ ਰਿਲੀਜ਼ ਕੀਤੀ ਜਾਵੇਗੀ, ਜਿੱਥੇ ਹੁਣ ਤੱਕ ਪੰਜਾਬੀ ਫ਼ਿਲਮਾਂ ਰਿਲੀਜ਼ ਨਹੀਂ ਹੁੰਦੀਆਂ ਸਨ। ਕਰਨ ਜੌਹਰ ਨੂੰ ਬਾਲੀਵੁੱਡ ’ਚ ਵੱਡੀਆਂ ਫ਼ਿਲਮਾਂ ਦੇਣ ਲਈ ਹੀ ਜਾਣਿਆ ਜਾਂਦਾ ਹੈ।ਫਿਲਮ ਦਾ ਸੰਗੀਤ ਸ਼ੰਕਰ-ਅਹਿਸਾਨ ਲੋਏ ਨੇ ਦਿੱਤਾ ਹੈ ਅਤੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ। ਇਸ ਫਿਲਮ ਚ ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਮੀਤਾ ਵਸ਼ਿਸ਼ਠ, ਜੱਗੀ ਸਿੰਘ, ਭਾਨਾ ਐਲ ਏ, ਪ੍ਰਿੰਸ ਕੰਵਲਜੀਤ ਸਿੰਘ, ਜਰਨੈਲ ਸਿੰਘ, ਅਸ਼ੀਸ਼ ਦੁੱਗਲ, ਹਰਿੰਦਰ ਭੁੱਲਰ, ਸ਼ਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਆਦਿ ਕਲਾਕਾਰ ਅਹਿਮ ਕਿਰਦਾਰਾਂ ਚ ਨਜ਼ਰ ਆਉਣਗੇ।

ਜਿੰਦ ਜਵੰਦਾ 9463828000

Posted By: GURBHEJ SINGH ANANDPURI

Loading…
Loading the web debug toolbar…
Attempt #