ਗੁਰੂ ਦੇ ਬਣੋ ਤਾਂ ਪੰਥ ਦੀ ਗੱਲ ਕਰੋ — ਡਾ. ਸਤਿੰਦਰ ਪਾਲ ਸਿੰਘ
29 Oct, 2025 09:28 PM
ਗੁਰੂ ਦੇ ਬਣੋ ਤਾਂ ਪੰਥ ਦੀ ਗੱਲ ਕਰੋ — ਡਾ. ਸਤਿੰਦਰ ਪਾਲ ਸਿੰਘ
ਮਨ ਨੂੰ ਸੁਕੂਨ ਮਿਲਦਾ ਹੈ ਜਦੋਂ ਕੋਈ ਪੰਥ ਲਈ ਚਿੰਤਾ ਜਾਹਿਰ ਕਰਦਾ ਹੈ। ਪੰਥ ਲਈ ਸੋਚਣ ਵਾਲੇ ਬਹੁਤ ਹਨ। ਧਰਮ ਦਾ ਪ੍ਰਚਾਰ ਹੋਵੇ , ਧਾਰਮਕ , ਸਮਾਜਕ ਸੰਸਥਾਵਾਂ ਆਪਣੇ ਫਰਜ ਪੂਰੀ ਸ਼ਿੱਦਤ ਨਾਲ ਨਿਭਾਉਣ , ਕੌਮ ਵਿੱਚ ਏਕਾ ਹੋਵੇ , ਪੰਥ ਪ੍ਰਫੁੱਲਿਤ ਹੋਵੇ , ਇਹ ਕੌਣ ਨਹੀਂ ਚਾਹੁੰਦਾ। ਇਨ੍ਹਾਂ ਸਵਾਲਾਂ ਤੇ ਨਿਤ ਨਵੀਂ ਬਹਿਸ ਛਿੜਦੀ ਰਹਿੰਦੀ ਹੈ। ਇਹ ਵੇਖਦਿਆਂ ਖਾਸਾ ਸਮਾਂ ਗੁਜਰ ਗਿਆ ਹੈ ਪਰ ਹਾਲਾਤ ਸੁਧਰਨ ਦੀ ਥਾਂ ਜਿਆਦਾ ਚਿੰਤਾ ਜਨਕ ਹੁੰਦੇ ਜਾ ਰਹੇ ਹਨ। ਚਿੰਤਾ ਕੀਤੀ ਜਾ ਰਹੀ ਹੈ ਪਰ ਗੱਲ ਚਿੰਤਾ ਤੱਕ ਹੀ ਸੀਮਤ ਹੋ ਗਈ ਹੈ , ਅੱਗੇ ਨਹੀਂ ਤੁਰ ਰਹੀ। ਇਸ ਕਾਰਨ ਪਿੱਛੇ ਮੁੜ ਕੇ ਵੇਖਣਾ ਤਾਂ ਬਣਦਾ ਹੈ ਕਿ ਘਾਟ ਕਿੱਥੇ ਹੈ। ਧਰਮ ਪ੍ਰਚਾਰ ਦੀ ਲੋੜ ਮਹਿਸੂਸ ਹੋ ਰਹੀ ਹੈ , ਸੰਸਥਾਵਾਂ ਜਿੰਮੇਵਾਰੀ ਨਹੀਂ ਨਿਭਾ ਰਹਿਆਂ , ਏਕਾ ਨਹੀਂ ਹੈ , ਕੌਮ ਦੀ ਚੜ੍ਹਦੀਕਲਾ ਤੇ ਸੰਕਟ ਨਜਰ ਆ ਰਿਹਾ ਹੈ ਤਾਂ ਸੋਚਣ ਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਕੌਮ ਗੁਰੂ ਦੇ ਮਾਰਗ ਤੋਂ ਦੂਰ ਤਾਂ ਨਹੀਂ ਹੁੰਦੀ ਗਈ ਹੈ। ਜਿਸ ਦਾ ਮੁਖ ਗੁਰੂ ਵੱਲ ਹੈ ਉਸ ਤੇ ਗੁਰੂ ਦੀ ਮਿਹਰ ਨਿਰੱਝਰ ਵਰ੍ਹਦੀ ਹੈ , ਸਦਾ ਸੁੱਖ ਵਰਤਦਾ ਹੈ।ਜਿਸ ਨੇ ਗੁਰੂ ਦੀ ਮੰਨ ਲਈ ਗੁਰੂ ਨੇ ਉਸ ਨੂੰ ਪਾਤਸ਼ਾਹੀ ਸੌਂਪ ਦਿੱਤੀ “ ਲਖ ਖੁਸੀਆ ਪਾਤਿਸਾਹਿਆ ਜੇ ਸਤਿਗੁਰੁ ਨਦਰਿ ਕਰੇਇ” । ਅੱਜ ਖੁਸ਼ੀ ਨਹੀਂ ਹੈ , ਪਾਤਿਸ਼ਾਹੀ ਨਹੀਂ ਹੈ ਤਾਂ ਸਾਫ ਹੈ ਕਿ ਸਿੱਖ ਗੁਰੂ ਦੀ ਨਦਰਿ ਤੋਂ ਵਾਂਝਾ ਹੋ ਚੁਕਿਆ ਹੈ।ਗੁਰੂ ਨੇ ਸਿੱਖ ਨੂੰ ਸੱਚ ਨਾਲ ਜੋੜਿਆ। ਸੱਚ ਨਾਲ ਜੁੜਨ ਤੋਂ ਬਾਅਦ ਉਹ ਗੁਰਸਿੱਖ ਬਣਿਆ। ਕੀ ਅੱਜ ਸਿੱਖ ਦਾ ਸੱਚ ਨਾਲ ਸਬੰਧ ਟੁੱਟ ਦੀ ਕਗਾਰ ਤੇ ਆ ਖੜਿਆ ਹੋਇਆ ਹੈ।
ਗੁਰੂ ਦਾ ਹੁਕਮ ਸੀ ਕਿ ਸਿੱਖ ਆਪਣੀ ਦੇਹ ਨੂੰ ਘੋੜੀ ਸਮਝੇ ਜਿਸ ਤੇ ਬੈਠ ਕੇ ਉਸ ਨੇ ਨਿਰਬਾਨ ਪਦ ਪ੍ਰਾਪਤ ਕਰਨਾ ਹੈ। ਪਰ ਇਹ ਮਨੋਰਥ ਭੁੱਲ ਕੇ ਦੇਹ ਨੂੰ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਲਈ ਵਰਤਿਆ ਜਾ ਰਿਹਾ ਹੈ। ਗੁਰੂ ਨੇ ਕਿਹਾ ਸੀ ਕਿ ਮੁਖ ਵਿੱਚ ਗੁਰੂ ਦੇ ਗਿਆਨ ਦੀ ਲਗਾਮ ਹੋਵੇ ਪਰ ਲਗਾਮ ਬਦਲ ਕੇ ਲੋਭ ਦੀ ਹੋ ਗਈ ਹੈ। ਗੁਰੂ ਦੀ ਸੇਧ ਸੀ ਕਿ ਪ੍ਰੇਮ ਦਾ ਚਾਬੁਕ ਹੋਵੇ ਪਰ ਹੱਥ ਵਿੱਚ ਨਫਰਤ ਦਾ ਖੜਗ ਫੜ ਲਿਆ ਗਿਆ ਹੈ। ਲੋਭ ਨਾਮ ਜਪਣ ਦਾ ਨਹੀਂ ਕਿ ਨਾਮ ਜੱਪ ਜੱਪ ਕੇ ਅੰਤਰ ਦਾ ਸੰਤਾਪ ਸ਼ਾਂਤ ਹੋ ਜਾਏ , ਲੋਭ ਹੈ ਕਿ ਲੋਕ ਪ੍ਰਸ਼ੰਸਾ ਪ੍ਰਾਪਤ ਹੋ ਜਾਏ। ਗੁਰੂ ਦਾ ਸ਼ਬਦ ਯਾਦ ਨਹੀਂ ਹੈ ਕਿ “ ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ।। ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ।। “ । ਕਿਤਨੇ ਪ੍ਰਬੰਧਕ ਆਏ , ਚਲੇ ਗਏ , ਕੋਈ ਯਾਦ ਨਹੀਂ ਕਰਦਾ ਪਰ ਗੁਰਦਆਰੇ ਦਾ ਪ੍ਰਬੰਧਕ ਬਨਣ ਲਈ ਸੰਸਾਰ ਦੇ ਜਿਸ ਵੀ ਕੋਨੇ ਵਿੱਚ ਸਿੱਖ ਹਨ ਆਪਸ ਵਿੱਚ ਜੂੱਝ ਰਹੇ ਹਨ , ਵੈਰ ਵਿਰੋਧ ਪਾਲ ਕੇ ਬੈਠੇ ਹੋਏ ਹਨ। ਜਿਸ ਗੁਰਸਿੱਖ ਨੂੰ ਨਾਮ ਜੱਪਣ , ਨਿਤਨੇਮ ਕਰਨ ਵਿੱਚ ਸੁੱਖ ਖੋਜਣਾ ਚਾਹੀਦੇ ਜੇ ਉਹ ਕੁਰਸੀ , ਔਹਦੇ ਵਿੱਚ ਆਪਣਾ ਹਿੱਤ ਵੇਖ ਰਿਹਾ ਹੈ ਤਾਂ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਸਿੱਖ ਕੌਮ ਵਿੱਚ ਤਰੇੜਾਂ ਦਾ ਕਾਰਨ ਹੀ ਕੁਰਸੀ ਹੈ। ਸਿੱਖ ਸਮਝ ਰਿਹਾ ਹੈ ਕਿ ਔਹਦੇ , ਕੁਰਸੀ ਦਾ ਮਿਲਣਾ ਹੀ ਪ੍ਰਾਪਤੀ ਹੈ ਕਿਉਂਕਿ ਉਸ ਨੇ ਗੁਰੂ ਦੀ ਸਿਖਿਆ ਤੇ ਭਰੋਸਾ ਹੀ ਨਹੀਂ ਕੀਤਾ ਕਿ ‘ ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ।। “ । ਜੇ ਇਹ ਸਮਝ ਨਹੀਂ ਆ ਰਿਹਾ ਕਿ ਜੀਵਨ ਗੁਰ ਸ਼ਬਦ ਦੇ ਲੜ ਲੱਗਿਆਂ ਹੀ ਸਫਲ ਹੋਣਾ ਹੈ ਤੇ ਉਹ ਸਫਲਤਾ ਪ੍ਰਧਾਨਗੀਆਂ ਵਿੱਚ ਲੱਭ ਰਿਹਾ ਹੈ ਤਾਂ ਉਸ ਦਾ ਮੁਖ ਗੁਰੂ ਵੱਲ ਹੋਇਆ ਕਿਵੇਂ ਮੰਨਿਆ ਜਾ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਉਸ ਨੂੰ ਗੁਰਮੁਖ ਨਹੀਂ ਕਿਹਾ ਜਾ ਸਕਦਾ।
ਗੁਰੂ ਨੇ ਸਿਖਾਇਆ “ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।। “ ਪਰ ਇਹ ਵਿਚਾਰ ਵੀ ਗੁਰੂ ਦਾ ਸਿੱਖ ਧਾਰਨ ਨਹੀਂ ਕਰ ਸਕਿਆ ਹੈ। ਸਿੱਖ ਨੇ ਨਾ ਤਾਂ ਗੁਰੂ ਪਰਮਾਤਮਾ ਨੂੰ ਆਪਣਾ ਪਿਤਾ ਮੰਨਿਆ ਹੈ ਨਾਂ ਹੀ ਇੱਕ ਦੂਜੇ ਨਾਲ ਭ੍ਰਾਤਾ ਦਾ ਸਬੰਧ ਕਾਇਮ ਕੀਤਾ ਹੈ। ਭ੍ਰਾਤਾ ਦਾ ਸਬੰਧ ਹੁੰਦਾ ਤਾਂ ਮਸਲੇ ਰੱਲ ਮਿੱਲ ਕੇ ਹਲ ਕਰਨਾ ਸਿਖ ਲਿਆ ਗਿਆ ਹੁੰਦਾ। ਮਿਲ ਕੇ ਬੈਠਨਾ ਆਇਆ ਹੀ ਨਹੀਂ। ਭ੍ਰਾਤਾ ਮੰਨਿਆ ਹੁੰਦਾ ਤਾਂ ਪਰਿਵਾਰ ਦੀ ਲਾਜ ਰੱਖਣਾ ਸਿਖਿਆ ਹੁੰਦਾ। ਪਰਿਵਾਰ ਦਾ ਪਹਿਲਾ ਅਸੂਲ ਹੁੰਦਾ ਹੈ ਕਿ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ। ਮਸਲੇ ਘਰ ਦੀ ਚਾਹਰਦੀਵਾਰੀ ਅੰਦਰ ਨਿਬੇੜ ਲਉ , ਘਰ ਤੋਂ ਬਾਹਰ ਨਿੱਕਲੋ ਤਾਂ ਇੱਕ ਮੁੱਠ ਇੱਕ ਜੁੱਟ ਨਜਰ ਆਉ। ਨਜਰ ਹੀ ਨਾ ਆਉ ਇੱਕ ਦੂਜੇ ਨਾਲ ਖੜੇ ਵੀ ਰਹੋ। ਪਰ ਇਹ ਮਰਿਆਦਾ ਕਿਤਾਬੀ ਸ਼ਬਦਾਵਲੀ ਵਿੱਚ ਹੀ ਕੈਦ ਹੋ ਕੇ ਰਹਿ ਗਈ ਹੈ। ਇੱਕ ਦੂਜੇ ਨੂੰ ਪਰਾਇਆ ਮੰਨ ਕੇ ਬੇ ਵਿਸਾਹੀ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਦੂਜਿਆਂ ਤੇ ਦੋਸ਼ ਲਾਏ ਜਾ ਰਹੇ ਹਨ ਤੇ ਆਪਣੇ ਆਪ ਨੂੰ ਪੰਥ ਦਾ ਸੱਭ ਤੋਂ ਵੱਡਾ ਹਿਤੈਸ਼ੀ ਸਾਬਿਤ ਕੀਤਾ ਜਾ ਰਿਹਾ ਹੈ। ਪੰਥ ਦਾ ਹਿਤੈਸ਼ੀ ਤਾਂ ਉਹ ਕਿਹਾ ਜਾ ਸਕਦਾ ਹੈ ਜੋ ਗੁਰੂ ਦੀ ਗੱਲ ਮੰਨੇ ਤੇ ਹਰ ਸਿੱਖ ਨੂੰ ਆਪਣਾ ਭ੍ਰਾਤਾ ਜਾਣ ਕੇ ਉਸ ਦੇ ਹਿੱਤ ਦੀ ਸੋਚ ਰੱਖਦਾ ਹੋਵੇ। ਅੱਜ ਦਾ ਆਲਮ ਤਾਂ ਇਹ ਹੋ ਗਿਆ ਹੈ ਕਿ “ ਡਿੱਠੇ ਸਾਰੇ ਕੰਮਲੇ ਇੱਕ ਮੈਂ ਸਿਆਣਾ “ । ਪੰਥਕ ਏਕਤਾ ਦੇ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮਨਾਮੇ ਜਾਰੀ ਹੁੰਦੇ ਹਨ। ਲੱਗਦਾ ਹੈ ਕਿ ਏਕਤਾ ਇੱਕ ਨਾਅਰਾ ਬਣ ਕੇ ਰਹਿ ਗਿਆ ਹੈ।ਜੋ ਵੀ ਏਕਤਾ ਦੀ ਗੱਲ ਕਰ ਰਿਹਾ ਹੈ ਏਕਤਾ ਦੇ ਨਾਮ ਤੇ ਸਿਆਸਤ ਕਰ ਰਿਹਾ ਹੈ।ਕਿਉਂਕਿ “ ਗੁਰ ਹਾਈ “ ਦੀ ਭਾਵਨਾ ਧਾਰਨ ਨਹੀ ਕੀਤੀ , ਪਰਿਵਾਰ ਦੀ ਦ੍ਰਿਸ਼ਟੀ ਹੈ ਹੀ ਨਹੀਂ , ਸਾਰੇ ਮਸਲੇ ਸੜਕ ਦੀ ਜਾਗੀਰ ਬਣ ਗਏ ਹਨ। ਲੋਕਾਂ ਦੇ ਨਿਜੀ ਸਵਾਰਥ ਕੌਮ ਲਈ ਸ਼ਰਮਿੰਦਗੀ ਬਣ ਰਹੇ ਹਨ। ਮਨੁੱਖੀ ਬਿਰਤੀ ਹੈ ਤਾਂ ਮਸਲੇ ਹੋਣਾ ਸੁਭਾਵਕ ਹੈ , ਮਤਭੇਦ ਹੋਣਾ ਵੱਡੀ ਗੱਲ ਨਹੀਂ। ਪਰ ਜਿਵੇਂ ਮਸਲੇ ਨਜਿੱਠੇ ਜਾ ਰਹੇ ਹਨ ਇਹ ਗੁਰਸਿੱਖ ਦਾ ਢੰਗ ਨਹੀਂ ਹੋ ਸਕਦਾ ਨਾਂ ਹੀ ਇਸ ਦੇ ਕੋਈ ਸੁਖਾਵੇਂ ਨਤੀਜੇ ਨਿੱਕਲਣ ਦੀ ਆਸ ਵਿਖਾਈ ਦਿੰਦੀ ਹੈ। ਮਸਲੇ ਗੁਰੂਆਂ ਦੇ ਸਮੇਂ ਵੀ ਸਨ ਪਰ ਜਿਵੇਂ ਸਹਿਜ ਤੇ ਸਬਰ ਨਾਲ ਰਾਹ ਕੱਢੀ ਗਈ ਉਹ ਮਸਲੇ ਰਹੇ ਹੀ ਨਹੀਂ ਤੇ ਗੁਰੂ ਪੰਥ ਅਗਾਂਹ ਤੁਰਦਾ ਚਲਾ ਗਿਆ। ਇਹ ਠੀਕ ਹੈ ਕਿ ਗੁਰੂਆਂ ਦੀ ਵਡਿਆਈ ਦੇ ਨੇੜੇ ਵੀ ਪੁੱਜਣਾ ਕਿਸੇ ਦੇ ਵੱਸ ਦਾ ਨਹੀਂ ਪਰ ਪ੍ਰੇਰਨਾ ਤੇ ਸਬਕ ਤਾਂ ਲਿਆ ਹੀ ਜਾ ਸਕਦਾ ਹੈ। ਅੱਜ ਹਰ ਕਿਸੇ ਨੂੰ ਔਹਦਾ ਚਾਹੀਦੇ, ਨਾਮ ਚਾਹੀਦੇ। ਸਾਰਾ ਖਿਲਾਰਾ ਆਪਣੇ ਨਾਮ ਦਾ ਹੈ। ਸੱਭ ਤੋਂ ਮੰਦਭਾਗੀ ਗੱਲ ਤਾਂ ਇਹ ਹੋਈ ਕਿ ਫੈਸਲੇ ਕਰਨ ਵਾਲੇ ਆਪ ਹੀ ਮੁੱਦਈ ਬਣ ਗਏ।ਜਿਨ੍ਹਾਂ ਦੇ ਮੋਢਿਆਂ ਤੇ ਕੌਮ ਨੂੰ ਇਕੱਠਾ ਕਰਨ ਦੀ ਜਿੰਮੇਵਾਰੀ ਸੀ ਉਹ ਆਪ ਹੀ ਵੰਡੀਆਂ ਤੇ ਭੰਡੀਆਂ ਦੇ ਕਾਰਨ ਬਣ ਗਏ। ਜੇ ਗੁਰਸਿੱਖ ਨੇ ਗੁਰੂ ਅਰਜਨ ਸਾਹਿਬ ਦੀ ਬਾਣੀ ਦੀ ਕੇਵਲ ਇੱਕ ਪੰਕਤੀ “ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ “ ਦਾ ਭਾਵ ਹੀ ਮਨ ਵਿੱਚ ਵਸਾ ਲਿਆ ਹੁੰਦਾ ਤਾਂ ਬਹੁਤ ਸਾਰੇ ਬਜਰ ਕਪਾਟ ਆਪ ਹੀ ਢਹਿ ਜਾਣੇ ਸਨ। ਇਸ ਪੰਕਤੀ ਦਾ ਸਬੰਧ ਕੇਵਲ ਧਾਰਮਕ ਸੰਦਰਭਾਂ ਨਾਲ ਨਹੀਂ ਹੈ। ਇਸ ਤੋਂ ਪਹਿਲਾਂ ਦੀ ਪੰਕਤੀ “ ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ “ ਦੀ ਸੇਧ ਪੂਰਨ ਤੌਰ ਤੇ ਆਤਮ ਸਮਰਪਣ ਦੀ ਹੈ ਗੁਰੂ ਅੱਗੇ। ਇਹ ਨਹੀਂ ਹੋ ਸਕਦਾ ਕਿ ਭਗਤੀ , ਬੰਦਗੀ ਲਈ ਤਾਂ ਜੀਉ ਤੇ ਪਿੰਡ ਗੁਰੂ ਅੱਗੇ ਸਮਰਪਤ ਹੋਵੇ ਤੇ ਬਾਕੀ ਵਿਵਹਾਰ ਦਾ ਜੀਉ ਤੇ ਪਿੰਡ ਹੰਕਾਰ , ਵਿਕਾਰਾਂ ਦੇ ਕੈਦੀ ਬਣ ਜਾਏ । ਗੁਰਬਾਣੀ ਦੀ ਸੇਧ ਜੀਵਨ ਸ਼ੈਲੀ ਬਦਲਣ ਦੀ ਹੈ , ਨਿਰੋਲ ਤੇ ਨਿਰਮਲ ਅਵਸਥਾ ਸਿਰਜਣ ਦੀ ਹੈ ਕਿਉਂਕਿ ਗੁਰਬਾਣੀ ਜੀਵਨ ਦੇ ਮਨੋਰਥ ਤੇ ਸਫਲਤਾ ਨੂੰ ਹੀ ਗੁਣਾਂ ਦੀ ਪ੍ਰਾਪਤੀ ਨਾਲ ਜੋੜ ਕੇ ਵੇਖਦੀ ਹੈ।ਗੁਰਸਿੱਖ ਲਈ ਪੰਥ ਲੋਕਾਂ ਦਾ ਸਮੂਹ ਨਹੀਂ ਇੱਕ ਖਾਸ ਜੀਵਨ ਮਾਰਗ ਹੈ ਜੋ ਗੁਰੂ ਨਾਨਕ ਜੀ ਨੇ ਉਲੀਕਿਆ ਸੀ। ਪੰਥ ਕੀ ਹੈ , ਪੰਥਕ ਹੋਣਾ ਕੀ ਹੈ ਇਸ ਨੂੰ ਸਮਝੇ ਬਿਨਾ ਹੀ ਪੰਥ , ਪੰਥ ਦੀ ਰਟਨ ਦੇ ਕੋਈ ਮਾਇਨੇ ਨਹੀਂ ਹਨ । ਇਹ ਵੀ ਸਮਝਣਾ ਪਵੇਗਾ ਕਿ ਪੰਥਕ ਸੰਸਥਾ ਜਾਂ ਦਲ ਕਿਸ ਨੂੰ ਕਿਹਾ ਜਾਵੇ। ਭਾਰਤ ਵਿੱਚ ਕੋਈ ਸਿਆਸੀ ਦਲ ਜਿਸ ਦਾ ਗਠਨ ਲੋਕਤੰਤਰ ਦੀ ਬੰਤਰ ਅਨੁਸਾਰ ਹੋਇਆ ਹੈ ਅਤੇ ਜਿਸ ਨੂੰ ਚੋਣ ਕਮੀਸ਼ਨ ਦੀ ਮਾਨਤਾ ਪ੍ਰਾਪਤ ਹੈ ਉਸ ਦਾ ਉੱਦੇਸ਼ ਸਪਸ਼ਟ ਹੋ ਜਾਂਦਾ ਹੈ ਕਿ ਸੱਤਾ ਵਿੱਚ ਆਉਣਾ , ਸਰਕਾਰ ਬਣਾਉਣਾ ਅਜਿਹੇ ਦਲ ਦਾ ਮੁੱਖ ਮਨੋਰਥ ਹੈ। ਲੋਕਤੰਤਰ ਵਿੱਚ ਸੱਤਾ ਦੀ ਸਿਆਸਤ ਕਰਨ ਵਾਲਿਆਂ ਕੋਲੋਂ ਪੰਥਕ ਹਿੱਤਾਂ ਦੇ ਪਹਿਰੇਦਾਰ ਬਣਨ ਦੀ ਆਸ ਕਰਨਾ ਵਿਅਰਥ ਹੈ। ਸੱਤਾ ਲਈ ਕਈ ਸਮਝੌਤੇ ਕਰਨ ਪੈਂਦੇ ਹਨ, ਕਈ ਦੰਦ ਫੰਦ ਕਰਨੇ ਪੈਂਦੇ ਹਨ ਜਿਨ੍ਹਾਂ ਨੂੰ ਸਿਆਸਤ ਵਿੱਚ ਜਾਇਜ ਮੰਨਿਆ ਜਾਂਦਾ ਹੈ। ਸੱਤਾ ਦੀ ਸਿਆਸਤ ਲਈ ਧਨ ਵੀ ਜੁਟਾਨਾ ਪੈਂਦਾ ਹੈ ਜੋ ਇਮਾਨਦਾਰ ਤਰੀਕਿਆਂ ਨਾਲ ਸੰਭਵ ਨਹੀਂ ਹੈ। ਸਿੱਖ ਕੌਮ ਨੇ ਅੱਜ ਤੱਕ ਸਿਆਸੀ ਸੰਸਥਾ ਤੇ ਪੰਥਕ ਸੰਸਥਾ ਦਾ ਫਰਕ ਨਹੀਂ ਸਮਝਿਆ ਹੈ। ਅਕਾਲੀ ਦਲ ਪੰਜਾਬ ਦਾ ਖੇਤਰੀ ਸਿਆਸੀ ਦਲ ਤਾਂ ਹੋ ਸਕਦਾ ਹੈ , ਚਾਹ ਕੇ ਵੀ ਪੰਥਕ ਦਲ ਨਹੀਂ ਬਣ ਸਕਦਾ ਕਿਉਂਕਿ ਸੱਤਾ ਹਾਸਲ ਕਰਨ ਲਈ ਸਿਰਫ ਸਿੱਖਾਂ ਦੇ ਵੋਟ ਕਾਫੀ ਨਹੀਂ ਹਨ। ਬਾਕੀ ਅਕਾਲੀ ਗੁਟ ਕਾਮਿਆਬ ਨਹੀਂ ਹੋਏ ਕਿਉਂਕਿ ਪੰਥਕ ਹਿੱਤਾਂ ਤੇ ਸੱਤਾ ਦੇ ਵਿਚਕਾਰ ਡੋਲਦੇ ਰਹੇ ਹਨ । ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਕੋਈ ਅਜਿਹੀ ਸੰਸਥਾ ਬਣਾਈ ਹੀ ਨਹੀਂ ਜਾ ਸਕੀ ਹੈ ਜਿਸ ਨੂੰ ਸੱਚੇ ਅਰਥਾਂ ਵਿੱਚ ਪੰਥਕ ਕਿਹਾ ਜਾਵੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਪ੍ਰਬੰਧਕੀ ਜਿਆਦਾ ਹੋ ਜਾਂਦੀ ਹੈ। ਇਹ ਗੱਲ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਛੇਤੀ ਹੈ ਸਮਝ ਆ ਗਈ ਸੀ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਸੀ। ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਅਕਾਲੀ ਦਲ ਦੀ ਭੂਮਿਕਾ ਦਾ ਪੁਨਰ ਮੁੱਲਾਂਕਣ ਹੋਣਾ ਚਾਹੀਦਾ ਸੀ , ਪੰਥ ਅਵੇਸਲਾ ਹੋ ਗਿਆ। ਅੱਜ ਕੌਮ ਦੀ ਲੋੜ ਤਿੰਨ ਪੱਧਰੀ ਸੰਸਥਾਵਾਂ ਹਨ। ਇੱਕ ਤਾਂ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਸੰਸਥਾਵਾਂ , ਦੂਜਿਆਂ ਨਿਰੋਲ ਸਿਆਸੀ ਸੰਸਥਾਵਾਂ ਜਾਂ ਦਲ ਜੋ ਕੌਮ ਦੇ ਹਿੱਤਾਂ ਦੀ ਰਾਜਸੀ ਤਲ ਤੇ ਰਾਖੀ ਕਰ ਸਕਣ , ਤੀਜੀਆਂ ਪੰਥਕ ਸੰਸਥਾਵਾਂ ਜੋ ਧਰਮ ਪ੍ਰਚਾਰ , ਕੌਮੀ ਮਸਲਿਆਂ ਦੇ ਨਿਦਾਨ , ਕੌਮ ਦੀ ਆਪਣੀ ਪਛਾਣ ਬਣਾਈ ਰੱਖਣ ਤੇ ਇੱਕਜੁੱਟ ਰੱਖਣ ਲਈ ਸਮਰਪਿਤ ਹੋਣ। ਅੱਜ ਭਾਰਤ ਵਿੱਚ ਹਿੰਦੂ ਧਰਮ ਦੀ ਚੜ੍ਹਤ ਦਾ ਸਿਹਰਾ ਕਿਸੇ ਤੇ ਬੰਨਣ ਹੁੰਦਾ ਹੈ ਤਾਂ ਉਹ ਕੇਵਲ ਆਰ ਐਸ ਐਸ ਹੈ। ਇਸ ਸੰਗਠਨ ਨੇ ਬਿਨਾ ਸ਼ੋਰ ਮਚਾਈਆਂ , ਬਿਨਾ ਕਿਸੇ ਪ੍ਰਚਾਰ ਦੇ ਬੜੇ ਹੀ ਖਾਮੋਸ਼ ਢੰਗ ਨਾਲ ਸੌ ਸਾਲ ਹਿੰਦੂਆਂ ਨੂੰ ਜੋੜਨ ਲਈ ਮਿਹਨਤ ਕੀਤੀ ਹੈ । ਆਰ ਐਸ ਐਸ ਨੇ ਵੱਡੇ ਵੱਡੇ ਸਮਾਗਮ ਨਹੀਂ ਕੀਤੇ , ਬੈਨਰ ਪੋਸਟਰ ਨਹੀਂ ਲਾਏ ਬਲਕਿ ਨਿੱਕੀਆਂ ਨਿੱਕੀਆਂ ਸ਼ਾਖਾਵਾਂ ਲਾਈਆਂ। ਜੇ ਪੰਜ ਸੱਤ ਲੋਗ ਆਏ ਤਾਂ ਵੀ ਸ਼ਾਖਾ ਲੱਗੀ। ਗਲੀ ਮੁਹੱਲਿਆਂ ਵਿੱਚ ਆਰ ਐਸ ਐਸ ਨੇ ਪੈਰ ਜਮਾਏ। ਅੱਜ ਹਰ ਖੇਤਰ ਵਿੱਚ ਕੰਮ ਕਰਨ ਲਈ ਉਨ੍ਹਾਂ ਦੇ ਵੱਖ ਵੱਖ ਉਪ ਸੰਗਠਨ ਹਨ। ਸਿਆਸਤ ਤੋਂ ਦੂਰ ਰੱਖ ਕੇ ਆਰ ਐਸ ਐਸ ਨੇ ਲੋਕਾਂ ਨੂੰ ਜੋੜਿਆ ਤੇ ਆਪਣਾ ਮਜਬੂਤ ਆਧਾਰ ਬਣਾਇਆ। ਇੱਕ ਵੱਡਾ ਵਿਦਿਅਕ ਢਾਂਚਾ ਵੀ ਖੜਾ ਕੀਤਾ ਜਿਸ ਦਾ ਵਾਧੂ ਫਾਇਦਾ ਮਿਲਿਆ। ਅੱਜ ਉਸ ਨੂੰ ਸੱਤਾ ਦਾ ਵੀ ਪੂਰਾ ਲਾਭ ਮਿਲ ਰਿਹਾ ਹੈ ਕਿਉਂਕਿ ਭਾਜਪਾ ਦੀ ਸੱਤਾ ਦੀ ਚਾਬੀ ਆਰ ਐਸ ਐਸ ਕੋਲ ਹੈ। ਜੇ ਪੰਥਕ ਹਿੱਤਾਂ ਲਈ ਕੌਮ ਗੰਭੀਰ ਹੈ ਤਾਂ ਅਜਿਹਾ ਇੱਕ ਸੰਗਠਨ ਅੱਜ ਦੀ ਵੱਡੀ ਲੋੜ ਹੈ। ਪੰਥਕ ਸੰਸਥਾ ਅਜਿਹੀ ਹੋਵੇ ਜੋ ਕੇਵਲ ਸਿੱਖ ਹਿੱਤਾਂ ਲਈ ਸੋਚੇ ਤੇ ਕਰੇ।
ਸਿੱਖ ਕੌਮ ਅੱਜ ਇੱਕ ਵੈਸ਼ਵਿਕ ਕੌਮ ਬਣ ਚੁਕੀ ਹੈ। ਪੰਥਕ ਹਿੱਤ ਕੇਵਲ ਪੰਜਾਬ ਨੂੰ ਕੇਂਦਰ ਵਿੱਚ ਰੱਖ ਕੇ ਨਹੀਂ ਸੋਚੇ ਜਾ ਸਕਦੇ। ਕੌਮ ਨੇ ਬਹੁਤ ਗੁਰਦੁਆਰੇ ਉਸਾਰ ਲਏ , ਹੁਣ ਗੁਰਸਿੱਖ ਉਸਾਰਨ ਦੀ ਲੋੜ ਹੈ। ਗੁਰਸਿੱਖ ਨਹੀਂ ਹੋਣਗੇ ਤਾਂ ਗੁਰਦੁਆਰੇ ਆਪਣਾ “ ਗੁਰੂ ਦੁਆਰੈ ਹੋਇ ਸੋਝੀ ਪਾਇਸੀ “ ਦਾ ਪਾਵਨ ਮਨੋਰਥ ਗੁਆ ਦੇਣਗੇ। ਗੁਰਦੁਆਰੇ ਸਿਆਸਤ ਤੋਂ ਦੂਰ ਰੱਖੇ ਜਾਣ ਤੇ ਮਾਤਰ “ ਸੋਝੀ ਪਾਇਸੀ “ ਦਾ ਮਨੋਰਥ ਪੂਰਾ ਕਰਨ ਲਈ ਸਮਰਪਿਤ ਹੋਣ ਇਸ ਲਈ ਗੁਰਦੁਆਰਿਆਂ ਨੂੰ ਸਿਆਸਤ ਤੋਂ ਮੁਕਤ ਕਰਨਾ ਇੱਕ ਫੌਰੀ ਲੋੜ ਹੈ। ਗੁਰਦੁਆਰਿਆਂ ਵਿੱਚ ਸਿਰੋਪਾ ਦੇਣ , ਕਿਰਪਾਨ ਭੇਂਟ ਕਰਨ , ਗੁਰਦੁਆਰੇ ਦੀ ਸਟੇਜ ਤੇ ਸਿਆਸੀ ਲੋਗਾਂ ਦੇ ਬੋਲਣ ਤੇ ਫੌਰਨ ਰੋਕ ਲਗਾਈ ਜਾਣੀ ਚਾਹੀਦੀ ਹੈ। ਸਿਰੋਪੇ , ਕਿਰਪਾਨਾਂ ਅੱਜ ਸਿਆਸੀ ਖੁਸ਼ਾਮਦ ਦੇ ਹਥਿਆਰ ਬਣ ਗਏ ਹਨ। ਸਿੱਖੀ ਦੇ ਪ੍ਰਤੀਕਾਂ ਦੀ ਇਸ ਤੋਂ ਭਾਰੀ ਬੇਅਦਬੀ ਹੋਰ ਨਹੀਂ ਹੋ ਸਕਦੀ। ਕਿਧਰੇ ਕਕਾਰ ਪਾ ਕੇ ਜਾਣ ਦੀ ਇਜਾਜਤ ਨਾਂ ਮਿਲੇ ਤਾਂ ਰੌਲਾ ਪਾ ਦਿੱਤਾ ਜਾਂਦਾ ਹੈ ਪਰ ਆਪ ਅਸੀਂ ਗੁਰਦੁਆਰਿਆਂ ਵਿੱਚ ਕੀ ਕਰ ਰਹੇ ਹਾਂ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ , ਇਸ ਬਾਰੇ ਕੀ ਕਦੇ ਸੋਚਿਆ ਗਿਆ ਹੈ। ਗੁਰਦੁਆਰਾ ਗੁਰੂ ਦਾ ਦਰਬਾਰ ਹੈ। ਸ਼ੋਭਾ ਬਸ ਉਸ ਦੀ ਹੈ , ਬਾਕੀ ਕੋਈ ਵੀ ਆਵੇ , ਉਸ ਦਾ ਦਾਸ , ਸੇਵਕ ਹੈ। ਗੁਰੂ ਦੇ ਦਰਬਾਰ ਵਿੱਚ ਦੋ ਹੀ ਥਾਂ ਹਨ , ਗੁਰੂ ਜਾਂ ਉਸ ਦੇ ਦਾਸ। ਕੋਈ ਵਿਤਕਰਾ ਗੁਰੂ ਦੇ ਦਰਬਾਰ ਦੀ ਮਰਿਆਦਾ ਦੀ ਉਲੰਘਣਾ ਹੈ। ਜਿਸ ਦਿਨ ਇਹ ਮਰਿਆਦਾ ਲਾਗੂ ਹੋ ਗਈ , ਗੁਰਦੁਆਰਿਆਂ ਦੇ ਨੱਬੇ ਫ਼ੀਸਦੀ ਪ੍ਰਬੰਧਕੀ ਵਿਵਾਦ ਆਪ ਹੀ ਦੂਰ ਹੋ ਜਾਣਗੇ। ਗੁਰਦੁਆਰੇ “ ਏਤੁ ਦੁਆਰੈ ਧੋਇ ਹਛਾ ਹੋਇਸੀ “ ਦੀ ਪਛਾਣ ਬਣਨ । ਇਹ ਗੁਰਦੁਆਰੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਨਾਂ ਕਿ ਬਿਲਡਿੰਗਾਂ ਦੀ ਉਸਾਰੀ , ਲੰਗਰ , ਸਿਰੋਪੇ ਤੇ ਖਰਚੀਲੇ ਸਮਾਗਮ।
ਗੁਰੂ ਦਾ ਬਣਨ ਲਈ ਇੱਕੋ ਸੰਵਿਧਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸੰਵਿਧਾਨ ਨਾਲ ਕਿਸੇ ਦੇਸ਼ ਦਾ ਰਾਜ ਚੱਲਦਾ ਹੈ , ਗੁਰਬਾਣੀ ਨਾਲ ਗੁਰਸਿੱਖ ਦਾ ਜੀਵਨ ਚੱਲਦਾ ਹੈ। ਪੰਥ ਦੀ ਗੱਲ ਕਰਨ ਦਾ ਹੱਕ ਕੇਵਲ ਉਸ ਨੂੰ ਹੈ ਜੋ ਗੁਰੂ ਦਾ ਬਣ ਗਿਆ ਹੈ। ਕੋਈ ਵੀ ਸੰਸਥਾ ਹੈ ਜਾਂ ਸਿੱਖ ਹੈ ਉਸ ਦੀ ਮਾਨਤਾ ਤਾਂ ਹੀ ਹੋਣੀ ਚਾਹੀਦੀ ਹੈ ਜੇ ਉਸ ਦਾ ਆਚਾਰ ਵਿਹਾਰ ਗੁਰ ਸ਼ਬਦ ਤੋਂ ਪ੍ਰਮਾਣਿਤ ਹੁੰਦਾ ਹੈ। ਵਿਅਕਤੀਗਤ , ਕਾਲਪਨਿਕ ਉਡਾਰੀਆਂ ਦੀ ਸਿੱਖ ਪੰਥ ਵਿੱਚ ਕੋਈ ਥਾਂ ਨਹੀਂ ਹੈ।
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com
Posted By: GURBHEJ SINGH ANANDPURI








