Nazrana Times

ਪੰਜਾਬੀ

ਕੀ ਏੱਦਾਂ ਪੰਥ ਤੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ?

16 Mar, 2026 01:53 AM
ਕੀ ਏੱਦਾਂ ਪੰਥ ਤੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ?

ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਅਤੇ ਸਿਆਸਤ 'ਚ ਸਰਗਰਮ ਅਖੌਤੀ ਅਕਾਲੀ ਆਗੂ ਇਹ ਦਾਅਵਾ ਕਰਦੇ ਨੇ ਕਿ ਉਹ ਭਾਰਤ ਸਰਕਾਰ, ਦਿੱਲੀ ਦਰਬਾਰ, ਭਾਜਪਾ, ਆਰ ਐਸ ਐਸ ਅਤੇ ਹੋਰ ਦੋਖੀਆਂ ਨਾਲ ਮਿਲ ਕੇ ਪੰਥ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾ ਦੇਣਗੇ, ਸੰਵਿਧਾਨ 'ਚ ਸੋਧ ਕਰਾ ਕੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜ਼ਾ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੂਹ ਸਿੰਘ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਲੈਣਗੇ। ਉਹ ਕਹਿੰਦੇ ਨੇ ਕਿ ਅਸੀਂ ਜੋ ਕਰ ਰਹੇ ਹਾਂ, ਸਾਨੂੰ ਕਰਨ ਦਿਓ, ਅਸੀਂ ਬਹੁਤ ਕੂਟਨੀਤੀ ਵਾਲੇ ਸਿਆਣੇ ਅਤੇ ਬੁੱਧੀਮਾਨ ਹਾਂ, ਅਸੀਂ ਕੌਮ ਦਾ ਬੇੜਾ ਬੰਨ੍ਹੇ ਲਾਵਾਂਗੇ, ਇਹਨਾਂ ਨਾਹਰਿਆਂ ਤੇ ਸੰਘਰਸ਼ਾਂ 'ਚ ਕੁਝ ਨਹੀਂ ਰੱਖਿਆ, ਹਕੂਮਤ ਨਾਲ ਮਿਲ-ਜੁਲ ਕੇ ਰਹੋ, ਨਜ਼ਾਰੇ ਲਵੋ, ਕੁਝ ਨਹੀਂ ਹੋ ਚੱਲਾ ਪੰਥ ਨੂੰ, ਵਿਰੋਧ-ਟਕਰਾਅ ਅਤੇ ਲੜਾਈ 'ਚ ਕੁਝ ਨਹੀਂ ਪਿਆ, ਭੁੱਲ ਜਾਓ ਢੱਠੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਬਸ ਮੱਥੇ ਟੇਕੋ, ਉਹਨਾਂ ਦੇ ਨਿਸ਼ਾਨੇ ਦੀ ਗੱਲ ਨਾ ਕਰੋ, ਨਹੀਂ ਤਾਂ ਸਰਕਾਰ ਹੋਰ ਮਾਰੂ'ਗੀ। ਕਹਿੰਦੇ ਨੇ ਕਿ ਕੀ ਕਰਨਾ ਖ਼ਾਲਿਸਤਾਨ, ਐਵੇਂ ਗਰਮ ਗੱਲਾਂ ਨਾ ਕਰੋ, ਅੱਗੇ ਬਥੇਰਾ ਨੁਕਸਾਨ ਕਰਵਾ'ਤਾ ਤੁਸੀਂ, ਤੁਹਾਡੀ ਪ੍ਰਾਪਤੀ ਹੀ ਕੀ ਹੈ। ਉਹ ਕਹਿੰਦੇ ਨੇ ਕਿ ਸਾਨੂੰ ਭਾਰਤ ਉੱਤੇ ਮਾਣ ਹੈ ਸਾਡਾ ਭਾਰਤ ਬੜਾ ਮਹਾਨ ਹੈ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੇ ਮੋਹਨ ਭਾਗਵਤ ਸਾਨੂੰ ਉਡੀਕ ਰਹੇ ਨੇ, ਜਦੋਂ ਅਸੀਂ ਉਹਨਾਂ ਦਾ ਸਮਰਥਨ ਕੀਤਾ ਤੇ ਸੋਹਿਲੇ ਗਾਏ ਤਾਂ ਉਹਨਾਂ ਨੇ ਸਾਨੂੰ ਥਾਲੀ 'ਚ ਰੱਖ ਕੇ ਸਾਰੇ ਹੱਕ ਦੇ ਦੇਣੇ ਨੇ ਤੇ ਅਸੀਂ ਦਿੱਲੀ ਅਤੇ ਨਾਗਪੁਰ ਤੋਂ ਜੈਕਾਰੇ ਲਾਉਂਦੇ ਹੋਏ ਵਾਪਸ ਆਵਾਂਗੇ, ਤੁਸੀਂ ਸਾਡੀਆਂ ਪ੍ਰਾਪਤੀਆਂ ਵੇਖ ਕੇ ਪਛਤਾਓਗੇ। 
ਇਹਨਾਂ ਧਰਮ ਦੇ ਠੇਕੇਦਾਰਾਂ ਅਤੇ ਸਰਕਾਰਾਂ ਦੀਆਂ ਜੁੱਤੀਆ ਚੱਟਣ ਵਾਲੇ ਵਿਕਾਊ ਆਗੂਆਂ ਉਤੇ ਅਣਖੀਲੇ ਸਿੱਖਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਕਿਸੇ ਵੇਲੇ ਇਹਨਾਂ ਦੀ ਮਾਨਸਿਕਤਾ 'ਤੇ ਤਰਸ ਵੀ ਆ ਜਾਂਦਾ ਹੈ। ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵੀ 24 ਸਾਲ ਭਾਜਪਾ ਨਾਲ ਸਾਂਝ ਪਾ ਕੇ ਸਿੱਖਾਂ ਨੂੰ ਬੇਵਕੂਫ਼ ਬਣਾਇਆ ਸੀ ਤੇ ਹੁਣ ਇਹ ਮੋਰਚਾ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਸੰਭਾਲ ਲਿਆ ਹੈ। ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਰੋਲ ਦਿੱਤਾ ਤੇ ਬਾਬਾ ਧੁੰਮੇ ਨੇ ਦਮਦਮੀ ਟਕਸਾਲ ਰੋਲ ਦਿੱਤੀ, ਦੋਵਾਂ ਦਾ ਇੱਕੋ ਜਿਹਾ ਕਿਰਦਾਰ ਹੈ ਤੇ ਦੋਵਾਂ ਉੱਤੇ ਹਿੰਦੂਤਵ ਮਿਹਰਬਾਨ ਹੈ। ਪਰ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਆਖਦਾ ਹੈ ਕਿ ਖ਼ਾਲਸਈ ਸ਼ਾਨ ਨੂੰ ਖੋਰਾ ਲਾ ਕੇ, ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾ ਕੇ, ਜ਼ਾਲਮ ਸਰਕਾਰ ਦੇ ਪੈਰਾਂ 'ਚ ਬਹਿ ਕੇ, ਪੰਥ ਦੇ ਦੁਸ਼ਮਣਾਂ ਨੂੰ ਸਿਰੋਪੇ ਪਾ ਕੇ, ਬਿਪਰਨ ਕੀ ਰੀਤ ਦੇ ਧਾਰਨੀ ਬਣ ਕੇ, ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ, ਗ਼ੱਦਾਰ ਬਾਦਲਾਂ ਪਰਿਵਾਰ ਦੀਆਂ ਅਰਦਾਸਾਂ ਕਰਕੇ, ਸਿੱਖਾਂ ਦੇ ਕਾਤਲਾਂ ਨਾਲ ਜੱਫੀਆਂ ਪਾ ਕੇ, ਸਿੱਖਾਂ ਨੂੰ ਸਨਾਤਨੀ ਅਖਵਾ ਕੇ, ਸਿੱਖ ਸੰਘਰਸ਼ ਨੂੰ ਖੂਹ 'ਚ ਪਾ ਕੇ, ਹਜ਼ਾਰਾਂ ਸਿੰਘਾਂ ਦੀਆਂ ਸ਼ਹੀਦੀਆਂ ਰੋਲ ਕੇ, ਪਹਿਲੇ ਮੁਖੀਆਂ ਦਾ ਅਪਮਾਨ ਕਰਵਾ ਕੇ ਗਾਲ੍ਹਾਂ ਦੇ ਇਲਜ਼ਾਮ ਲਾ ਕੇ, ਗੁਰੂ ਦੀ ਹਜ਼ੂਰੀ 'ਚ ਬੈਂਚ ਡਾਹ ਕੇ ਸਿਆਸੀ ਆਗੂਆਂ ਨਾਲ ਲੱਤਾਂ ਲਮਕਾ ਕੇ, ਪੱਥਰ ਉੱਤੇ ਫੁੱਲ ਪਾ ਕੇ, ਨਾਰੀਅਲ ਤੋੜ ਕੇ ਭੂਮੀ ਪੂਜ ਕਰਾ ਕੇ, ਭਾਜਪਾ ਦੇ ਝੰਡੇ ਝੁਲਾਅ ਕੇ, ਨੀਲਾ ਲਾਹ ਕੇ ਭਗਵਾਂ ਪਾ ਕੇ ਕੁੰਭ ਦੇ ਮੇਲੇ ਗੰਗਾ ਨਹਾ ਕੇ, ਗੁਰੂ ਸਾਹਿਬਾਨਾਂ ਅਤੇ ਪੰਜ ਪਿਆਰਿਆਂ ਨੂੰ ਵੀ ਹਿੰਦੂ ਕਹਿ ਕੇ, ਭਗਤਾਂ ਨੂੰ ਵੀ ਨਿਸ਼ਾਨਾ ਬਣਾ ਕੇ, ਵੱਖਰੀ ਸਿੱਖ ਕੌਮ 'ਤੇ ਸਵਾਲੀਆ ਚਿੰਨ੍ਹ ਲਾ ਕੇ, ਸਿੱਖਾਂ ਦੇ ਹੱਥਾਂ 'ਚ ਗੀਤਾ ਫੜਾ ਕੇ, ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਅਤੇ ਕੱਟੜਪੰਥੀ ਅਖਵਾ ਕੇ ਵੈਰੀਆਂ ਕੋਲੋਂ ਵਿਰੁੱਧ ਬੁਲਵਾ ਕੇ, ਆਪਣੇ ਮੂੰਹੋਂ ਮੀਆਂ ਮਿੱਠੂ ਬਣ ਕੇ, ਪੰਥਕ ਸਿੰਘਾਂ ਦੀ ਕਿਰਦਾਰਕੁਸ਼ੀ ਕਰਵਾ ਕੇ, ਪੰਥ ਦੀਆਂ ਬੇੜੀਆਂ 'ਚ ਵੱਟੇ ਪਾ ਕੇ ਤੁਸੀਂ ਪ੍ਰਾਪਤੀਆਂ ਨਹੀਂ ਬਲਕਿ ਗੁਲਾਮੀ ਦੀਆਂ ਜ਼ੰਜੀਰਾਂ ਹੋਰ ਪੱਕੀਆਂ ਕਰੋਗੇ, ਇੱਕੀਵੀਂ ਸਦੀ 'ਚ ਮਹਾਨ ਕਲੰਕ ਖੱਟੋਗੇ, ਇਤਿਹਾਸ ਤੁਹਾਨੂੰ ਨਹੀਂ ਬਖਸ਼ੇਗਾ। ਇਤਿਹਾਸ ਗਵਾਹ ਹੈ ਕਿ ਏੱਦਾਂ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਨਾ ਹੀ ਜ਼ਮੀਰਾਂ ਮਾਰ ਕੇ, ਸਰਕਾਰਾਂ ਦੀਆਂ ਲੇਲਕੜੀਆਂ ਕੱਢ ਕੇ ਮਸਲੇ ਹੱਲ ਕਰਵਾਉਣੇ ਪੰਥ ਦੀ ਰਵਾਇਤ ਹੈ। ਅਣਖੀਲੇ ਸਿੱਖ ਤਾਂ ਬਾਬਰ ਨੂੰ ਜਾਬਰ ਕਹਿ ਕੇ ਅਤੇ ਸਰਕਾਰਾਂ ਵਿਰੁੱਧ ਜੂਝ ਕੇ ਖ਼ਾਲਸਾ ਰਾਜ ਦੇ ਝੰਡੇ ਗੱਡ ਕੇ ਹੀ ਦਮ ਲੈਣਗੇ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Posted By: GURBHEJ SINGH ANANDPURI