Nazrana Times

ਪੰਜਾਬੀ

ਬੁੱਚੜ ਥਾਣੇਦਾਰ ਸੂਬਾ ਸਰਹੰਦ ਦੀਆਂ ਅੰਤਿਮ ਰਸਮਾਂ ਸਿੱਖ ਮਰਯਾਦਾ ਅਨੁਸਾਰ ਨਾ ਕੀਤੀਆਂ ਜਾਣ, ਕੋਈ ਵੀ ਪਾਠੀ ਤੇ ਰਾਗੀ ਅਖੰਡ ਪਾਠ, ਕੀਰਤਨ ਤੇ ਅਰਦਾਸ ਨਾ ਕਰੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

20 Sep, 2025 02:05 AM
ਬੁੱਚੜ ਥਾਣੇਦਾਰ ਸੂਬਾ ਸਰਹੰਦ ਦੀਆਂ ਅੰਤਿਮ ਰਸਮਾਂ ਸਿੱਖ ਮਰਯਾਦਾ ਅਨੁਸਾਰ ਨਾ ਕੀਤੀਆਂ ਜਾਣ, ਕੋਈ ਵੀ ਪਾਠੀ ਤੇ ਰਾਗੀ ਅਖੰਡ ਪਾਠ, ਕੀਰਤਨ ਤੇ ਅਰਦਾਸ ਨਾ ਕਰੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸੁਧੀਰ ਸੂਰੀ ਅਤੇ ਸੂਬਾ ਸਰਹੰਦ ਨੂੰ ਸੋਧਣ ਵਾਲੇ ਭਾਈ ਸੰਦੀਪ ਸਿੰਘ ਸੰਨੀ ਉੱਤੇ ਸਮੁੱਚੇ ਪੰਥ ਨੂੰ ਮਾਣ

ਅੰਮ੍ਰਿਤਸਰ, 19 ਸਤੰਬਰ ,ਨਜ਼ਰਾਨਾ ਟਾਈਮਜ ਬਿਊਰੋ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਬੁੱਚੜ ਥਾਣੇਦਾਰ ਸੂਬਾ ਸਿਹੁੰ ਉਰਫ਼ ਸੂਬਾ ਸਰਹੰਦ ਨੂੰ ਪਟਿਆਲਾ ਜੇਲ੍ਹ ਵਿੱਚ ਸੋਧਣ ਵਾਲੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਉੱਤੇ ਸਮੁੱਚੇ ਖ਼ਾਲਸਾ ਪੰਥ ਨੂੰ ਬੇਹੱਦ ਮਾਣ ਹੈ। ਉਹਨਾਂ ਕਿਹਾ ਕਿ 1980-90 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ, ਅਥਾਹ ਤਸ਼ੱਦਦ ਢਾਹੁਣ ਵਾਲੇ, ਦਰਿੰਦਗੀ ਦਾ ਨਾਥ ਨੱਚਣ ਵਾਲੇ ਜ਼ਾਲਮ ਥਾਣੇਦਾਰ ਸੂਬਾ ਸਰਹੰਦ ਦੇ ਜ਼ੁਲਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸੀ। ਖਾੜਕੂਵਾਦ ਸਮੇਂ ਵੀ ਇਸ ਨੂੰ ਕਈ ਵਾਰ ਸਿੰਘਾਂ ਨੇ ਸੋਧਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਦੁਸ਼ਟ ਉਸ ਸਮੇਂ ਬੱਚ ਗਿਆ ਸੀ। ਪਰ ਹੁਣ ਜਦੋਂ ਇਹ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਸੀ ਤਾਂ ਫ਼ਿਰਕੂ ਹਿੰਦੂਤਵੀ ਸ਼ਿਵ ਸੈਨਿਕ ਸੁਧੀਰ ਸੂਰੀ ਨੂੰ ਸੋਧਣ ਵਾਲੇ ਬੱਬਰ ਸ਼ੇਰ ਭਾਈ ਸੰਦੀਪ ਸਿੰਘ ਸੰਨੀ ਨੇ ਦੁਸ਼ਟ ਸੂਬਾ ਸਰਹੰਦ ਨੂੰ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਸੋਧ ਕੇ ਨਰਕਗਾਮੀ ਕਰ ਦਿੱਤਾ ਹੈ। ਭਾਈ ਸੰਦੀਪ ਸਿੰਘ ਸੰਨੀ ਦੇ ਦੋਵੇਂ ਐਕਸ਼ਨ ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਦੇ ਚੋਟੀ ਦੇ ਕਾਰਨਾਮੇ ਹਨ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਢਾਹਿਆ ਘੋਰ ਤਸ਼ੱਦਦ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਨੌਜਵਾਨਾਂ ਪ੍ਰਤੀ ਸਰਕਾਰ ਅਤੇ ਪੁਲਿਸ ਦੀ ਨੀਤੀ ਜਿਉਂ ਦੀ ਤਿਉਂ ਹੀ ਹੈ। ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਇਸ ਬੁੱਚੜ ਥਾਣੇਦਾਰ ਸੂਬਾ ਸਰਹੰਦ ਨੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਜੀਪਾਂ ਪਿੱਛੇ ਬੰਨ੍ਹ ਕੇ ਦੋਫਾੜ ਕਰਕੇ ਸ਼ਹੀਦ ਕੀਤਾ ਸੀ ਅਤੇ ਹੋਰ ਵੀ ਕਈ ਘਰ ਉਜਾੜੇ ਸਨ ਤੇ ਸਿੱਖਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾੜ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬਾ ਸਰਹੰਦ ਦੀਆਂ ਅੰਤਿਮ ਰਸਮਾਂ ਸਿੱਖ ਮਰਯਾਦਾ ਅਨੁਸਾਰ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਸਿੱਖ ਨਹੀਂ ਬਲਕਿ ਦਰਿੰਦਾ ਸੀ। ਇਸ ਨੇ ਕਈ ਸ੍ਰੀ ਅਖੰਡ ਪਾਠ ਸਾਹਿਬ ਖੰਡਤ ਕੀਤੇ ਸਨ ਤੇ ਅਖੰਡ ਪਾਠ ਸਾਹਿਬ ਕਰਦੇ ਸਿੰਘਾਂ ਨੂੰ ਚੁੱਕ ਕੇ ਮੁਕਾਬਲਾ ਬਣਾ ਦਿੰਦਾ ਸੀ। ਇਸ ਨੇ ਹਿੰਦ ਹਕੂਮਤ ਦੇ ਆਖੇ ਲੱਗ ਕੇ ਸਿੱਖੀ ਅਤੇ ਸਿੱਖਾਂ ਦਾ ਘਾਣ ਕੀਤਾ। ਹੁਣ ਕੋਈ ਵੀ ਰਾਗੀ ਅਤੇ ਪਾਠੀ ਇਸ ਬੁੱਚੜ ਥਾਣੇਦਾਰ ਸੂਬਾ ਸਰਹੰਦ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਤੇ ਅਰਦਾਸ ਨਾ ਕਰੇ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਿਵੇਂ ਬੁੱਚੜ ਅਫਸਰ ਸਵਰਨ ਘੋਟਣੇ ਦਾ ਜਲੰਧਰ ਵਿੱਚ ਭੋਗ ਸਮਾਗਮ ਰੋਕਿਆ ਸੀ, ਬੁੱਚੜ ਪੁਲਿਸ ਮੁਖੀ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ ਉੱਤੇ ਸਿੱਖਾਂ ਨੇ ਡੱਟ ਕੇ ਵਿਰੋਧ ਕੀਤਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਫੌਜੀ ਜਰਨੈਲ ਰਣਜੀਤ ਦਿਆਲ ਦੀ ਮੌਤ ਉੱਤੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਪਾਵਨ ਸਰੂਪ ਨਹੀਂ ਸੀ ਦਿੱਤਾ, ਇਸੇ ਤਰ੍ਹਾਂ ਬੁੱਚੜ ਥਾਣੇਦਾਰ ਸੂਬਾ ਸਰਹੰਦ ਦੀ ਮੌਤ ਉੱਤੇ ਵੀ ਖਾਲਸਾ ਪੰਥ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦਮਦਮੀ ਟਕਸਾਲ ਵੱਲੋਂ ਰਾਗੀਆਂ ਪਾਠੀਆਂ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਕੋਈ ਵੀ ਪਾਠੀ ਅਤੇ ਰਾਗੀ ਅਤੇ ਹੋਰ ਸਿੱਖ ਇਸ ਦੇ ਨਮਿੱਤ ਨਾ ਪਾਠ ਕਰਨ ਅਤੇ ਨਾ ਹੀ ਹੋਣ ਦੇਣ। ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਖ ਮਰਿਆਦਾ ਅਨੁਸਾਰ ਸਰਕਾਰ ਇਸ ਦਾ ਭੋਗ ਪਵਾਉਂਦੀ ਹੈ ਤਾਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਮੌਕੇ ਉੱਤੇ ਪਹੁੰਚ ਕੇ ਡੱਟ ਕੇ ਵਿਰੋਧ ਕਰਨ।

Posted By: GURBHEJ SINGH ANANDPURI

Loading…
Loading the web debug toolbar…
Attempt #