Nazrana Times

ਪੰਜਾਬੀ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ਼ ਡਰਾਮਾ, ਸਰਕਾਰ ਕਰ ਰਹੀ ਖਾਨਾਪੂਰਤੀ – ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

09 Feb, 2026 12:00 AM
ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ਼ ਡਰਾਮਾ, ਸਰਕਾਰ ਕਰ ਰਹੀ ਖਾਨਾਪੂਰਤੀ – ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 8 ਫਰਵਰੀ ,ਕੰਵਰ ਪ੍ਰਤਾਪ ਸਿੰਘ 
 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਉੱਤੇ ਗੰਭੀਰ ਸਵਾਲ ਚੁੱਕਦਿਆਂ ਇਸਨੂੰ ਸਿਰਫ਼ ਖਾਨਾਪੂਰਤੀ ਅਤੇ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਚੜ੍ਹਦੇ ਦੌਰ ਵਿੱਚ ਖਾੜਕੂਆਂ ਨੇ ਪੰਜਾਬ ਵਿੱਚ ਰੱਤੀ ਭਰ ਵੀ ਨਸ਼ਾ ਨਹੀਂ ਸੀ ਵਿਕਣ ਦਿੱਤਾ, ਪਰ ਅੱਜ ਹਕੂਮਤ ਦੀਆਂ ਨਾਕਾਮ ਨੀਤੀਆਂ ਕਾਰਨ ਨਸ਼ੇ ਹਰ ਪਿੰਡ ਅਤੇ ਸ਼ਹਿਰ ਤੱਕ ਪਹੁੰਚ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਿਆਂ ਵਿਰੁੱਧ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਨਾ ਵੀ ਸਰਕਾਰ ਦੀ ਦੋਹਰੀ ਨੀਤੀ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਆਖਿਆ ਕਿ ਹਕੂਮਤ ਨਸ਼ਿਆਂ ਰਾਹੀਂ ਸਿੱਖ ਕੌਮ ਦੀ ਨਸਲਕੁਸ਼ੀ ਕਰ ਰਹੀ ਹੈ ਅਤੇ ਨਸ਼ਿਆਂ ਨੂੰ ਹਥਿਆਰ ਵਜੋਂ ਵਰਤ ਕੇ ਪੰਜਾਬ ਦੀ ਅਣਖੀਲੀ ਨੌਜਵਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਪਹਿਲਾਂ ਟੈਂਕਾਂ-ਤੋਪਾਂ ਨਾਲ, ਫਿਰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਅਤੇ ਹੁਣ ਨਸ਼ਿਆਂ ਦੇ ਜ਼ਹਿਰੀਲੇ ਜਾਲ ਵਿੱਚ ਫਸਾ ਕੇ ਨੌਜਵਾਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਜੁਝਾਰੂਆਂ ਦੇ ਵਾਰਸਾਂ ਦੇ ਹੱਥਾਂ ਵਿੱਚ ਬੰਦੂਕਾਂ ਜਾਂ ਕਲਮਾਂ ਨਹੀਂ, ਸਗੋਂ ਨਸ਼ਿਆਂ ਦੇ ਟੀਕੇ, ਕੈਪਸੂਲ, ਚਿੱਟਾ ਅਤੇ ਹੋਰ ਨੁਕਸਾਨਦਾਇਕ ਵਸਤੂਆਂ ਹਨ। ਨਸ਼ਿਆਂ ਕਾਰਨ ਨੌਜਵਾਨ ਨਿਪੁੰਸਕਤਾ ਦਾ ਸ਼ਿਕਾਰ ਹੋ ਰਹੇ ਹਨ, ਬਲਾਤਕਾਰ ਅਤੇ ਐਸ਼-ਪ੍ਰਸਤੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਲੁੱਟਾਂ-ਖੋਹਾਂ ਆਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ, ਗਲੀ-ਮੁਹੱਲੇ, ਕਾਲਜ ਅਤੇ ਯੂਨੀਵਰਸਿਟੀ ਦਾ ਨੌਜਵਾਨ ਨਸ਼ਿਆਂ ’ਚ ਡੁੱਬ ਕੇ ਹੀਰੇ ਵਰਗਾ ਮਨੁੱਖਾ ਜੀਵਨ ਤਬਾਹ ਕਰ ਰਿਹਾ ਹੈ। ਖੇਤਾਂ ਅਤੇ ਨਾਲੀਆਂ ਵਿੱਚ ਨਸ਼ੇ ਵਿੱਚ ਡਿੱਗੇ ਨੌਜਵਾਨਾਂ ਦੇ ਦ੍ਰਿਸ਼ ਆਮ ਹੋ ਗਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇ ਸਰਕਾਰ ਸੱਚਮੁੱਚ ਸਖ਼ਤੀ ਕਰ ਰਹੀ ਹੈ ਤਾਂ ਫਿਰ ਇਹ ਨਸ਼ਾ ਆਖਿਰ ਆ ਕਿੱਥੋਂ ਰਿਹਾ ਹੈ ? ਅੰਤ ਵਿੱਚ ਭਾਈ ਰਣਜੀਤ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਤੋਂ ਕੋਈ ਆਸ ਨਾ ਰੱਖੀ ਜਾਵੇ, ਸਗੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪ ਮੈਦਾਨ ਵਿੱਚ ਨਿੱਤਰਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ’ਚ ਫਸੇ ਨੌਜਵਾਨਾਂ ਤੱਕ ਪਿਆਰ ਅਤੇ ਸੁਹਿਰਦ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਦਲਦਲ ਵਿੱਚੋਂ ਕੱਢਣਾ ਸਮੇਂ ਦੀ ਲੋੜ ਹੈ। ਗੁਰਮਤਿ ਦਾ ਰਾਹ ਅਪਣਾ ਕੇ, ਨਾਮ-ਬਾਣੀ ਦੇ ਸਰੂਰ ਨਾਲ ਚੜ੍ਹਦੀ ਕਲਾ ਵੱਲ ਵਧਦਿਆਂ ਸਿੱਖ ਕੌਮ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ।

Posted By: GURBHEJ SINGH ANANDPURI

Loading…
Loading the web debug toolbar…
Attempt #