ਕਿਸਾਨਾਂ ਦੀ ਜਮੀਨ 'ਤੇ ਪਈ ਰੁਕਾਵਟ: ਬਾਰਡਰ 'ਤੇ ਤਣਾਅ ਕਾਰਨ ਗੇਟ ਬੰਦ, ਸੰਘਰਸ਼ ਦੀ ਚੇਤਾਵਨੀ
17 May, 2025 03:39 PM
ਗੇਟ ਨਾ ਖੋਲੇ ਗਏ ਤਾਂ ਵਿੱਢਾਗੇਂ ਵੱਡਾ ਸੰਘਰਸ਼ - ਭੂਰਾ
ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਕਾਰਨ ਕੰਡਿਆਲੀ ਤਾਰਾਂ ਨਾਲ ਲੱਗਦੇ ਕਿਸਾਨਾਂ ਦੀ ਜਮੀਨ 'ਤੇ ਜਾਣ ਲਈ ਖੇਤੀਬਾੜੀ ਗੇਟ ਨਹੀਂ ਖੋਲੇ ਜਾ ਰਹੇ। ਇਸ ਕਾਰਨ ਤਰਨਤਾਰਨ ਜ਼ਿਲ੍ਹੇ ਸਮੇਤ ਹੋਰ ਸਰਹੱਦੀ ਇਲਾਕਿਆਂ ਦੇ ਸੈਂਕੜੇ ਕਿਸਾਨ ਦਿਨੋ ਦਿਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕਿਸਾਨ ਨਾ ਤਾਂ ਆਪਣੀ ਜ਼ਮੀਨ 'ਤੇ ਖੇਤੀ ਕਰ ਸਕਦੇ ਹਨ ਅਤੇ ਨਾ ਹੀ ਉਸਨੂੰ ਵੇਚਣ ਜਾਂ ਲੀਜ਼ 'ਤੇ ਦੇਣ ਦੀ ਪੋਜ਼ੀਸ਼ਨ ਵਿੱਚ ਹਨ। ਬਾਰਡਰ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਭੂਰਾ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ:"ਸਰਕਾਰ ਸੁਰੱਖਿਆ ਦੀ ਆੜ 'ਚ ਸਾਡੇ ਹੱਕਾਂ ਨੂੰ ਰੌਂਦ ਰਹੀ ਹੈ। ਜ਼ਮੀਨਾਂ ਸਾਡੀਆਂ ਹਨ, ਪਰ ਅਸੀਂ ਉਨ੍ਹਾਂ 'ਤੇ ਕਬਜ਼ਾ ਨਹੀਂ ਕਰ ਸਕਦੇ। ਇਹ ਸਿੱਧਾ ਸਾਡਾ ਆਰਥਿਕ ਸ਼ੋਸ਼ਣ ਹੈ। ਜੇਕਰ ਸਰਕਾਰ ਨੇ ਤੁਰੰਤ ਗੇਟ ਨਹੀਂ ਖੋਲ੍ਹੇ, ਤਾਂ ਅਸੀਂ ਵੱਡਾ ਸੰਘਰਸ਼ ਛੇੜਣ ਲਈ ਤਿਆਰ ਹਾਂ।"ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡਾਂ 'ਚ ਹਜ਼ਾਰਾਂ ਕਿਸਾਨ ਐਸੇ ਹਨ ਜਿਨ੍ਹਾਂ ਦੀ ਜ਼ਮੀਨ ਕਡਿਆਲੀ ਤਾਰ ਤੋਂ ਪਾਰ ਪੈਂਦੀ ਹੈ। ਇਨ੍ਹਾਂ ਵਿੱਚੋਂ ਕਈ ਪਰਿਵਾਰਾਂ ਦੀ ਆਮਦਨ ਦਾ ਸਿਰਫ਼ ਇੱਕ ਹੀ ਸਰੋਤ ਇਹੀ ਜ਼ਮੀਨ ਹੈ, ਜਿਸ ਨੂੰ ਖਾਲੀ ਪਈ ਦੇਖ ਕੇ ਕਿਸਾਨ ਦੁਖੀ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਜ਼ਮੀਨਾਂ ਦੀ ਪਹੁੰਚ ਲਈ ਗੇਟ ਤੁਰੰਤ ਖੋਲੇ ਜਾਣ ਜਾਂ ਫਿਰ ਉਨ੍ਹਾਂ ਦੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।
Posted By: Gurmeet Singh Valtoha








