Nazrana Times

ਪੰਜਾਬੀ

“ਪੈਂਚਰਾਂ ਵਾਲਾ ਅੱਤਵਾਦੀ....

06 Dec, 2025 01:19 AM
“ਪੈਂਚਰਾਂ ਵਾਲਾ ਅੱਤਵਾਦੀ....

“ਪੈਂਚਰਾਂ ਵਾਲਾ ਅੱਤਵਾਦੀ....
 

ਪਿੰਡ ਰਈਏਵਾਲ ਦੇ ਅੱਡੇ ਤੇ ਇੱਕ ਨਿੱਕਾ ਜਿਹਾ ਚਬੂਤਰਾ ਸੀ, ਜਿੱਥੇ ਜਗਤਾਰ ਸਿੰਘ ਦੀ ਛੋਟੀ ਜਿਹੀ ਪੈਂਚਰਾਂ ਦੀ ਦੁਕਾਨ ਸੀ। 20 ਸਾਲ ਦਾ ਜਗਤਾਰ, ਸਾਫ਼ ਦਿਲ ਦਾ, ਘਰ ਚ ਇਕੱਲਾ ਕਮਾਉਣ ਵਾਲਾ ਸੀ।
ਉਹਦਾ ਸਾਰਾ ਧਿਆਨ ਸਿਰਫ਼ ਕਿਰਤ ਵਿਚ ਸੀ। ਸਭ ਤੋਂ ਵੱਡੀ ਜਿੰਮੇਦਾਰੀ ਛੋਟੀ ਭੈਣ ਦਾ ਵਿਆਹ ਜੋ ਕਰਨਾ ਸੀ।
ਦੁਪਹਿਰ ਦੇ 3 ਵੱਜੇ ਸੂਰਜ ਸਿੱਧਾ ਇਸਦੀ ਦੁਕਾਨ ’ਤੇ ਪੈ ਰਿਹਾ ਸੀ।
ਜਗਤਾਰ ਟਾਇਰ ਚੈਕ ਕਰ ਰਿਹਾ ਸੀ ਕਿ ਅਚਾਨਕ ਦੋ ਬੰਦੇ ਆਏ ਦਾੜ੍ਹੀਆਂ ਤੇ ਦਸਤਾਰਾਂ ਵਾਲੇ....ਉਹਨਾਂ ਨੇ ਮੋਟਰਸਾਈਕਲ ਰੋਕਿਆ।
“ਓ ਭਰਾ, ਪਿਛਲਾ ਟਾਇਰ ਲੀਕ ਹੈ… ਪੈਂਚਰ ਲਾ ਦੇ।” ਜਗਤਾਰ ਨੇ ਸਿਰ ਝੁਕਾ ਕੇ ਕਿਹਾ... “ਹੁਣੇ ਕਰ ਦਿੰਦਾ ਹਾਂ ਭਰਾ ਜੀ।” ਉਹਨੂੰ ਕੀ ਪਤਾ ਸੀ ਕਿ ਉਹ ਕੌਣ ਹਨ? ਉਹ ਤਾਂ ਹਰ ਆਏ ਬੰਦੇ ਦਾ ਕੰਮ ਕਰਦਾ ਸੀ। ਨਾ ਪੁੱਛ ਪੜਤਾਲ, ਨਾ ਆਉਣ ਵਾਲੇ ਦਾ ਅਤਾ ਪਤਾ....ਸਿਰਫ਼ ਕਿਰਤ....ਜਦੋਂ ਪੈਂਚਰ ਲੱਗ ਗਿਆ ਤਾਂ ਜਗਤਾਰ ਨੇ ਹੱਥ ਪੂੰਝਦੇ ਕਿਹਾ....“ਭਰਾ ਜੀ, 5 ਰੁਪਏ।” ਉਹਨਾਂ ਨੇ ਜਲਦੀ ਵਿੱਚ 10 ਰੁਪਏ ਰੱਖੇ ਤੇ ਮੋਟਰਸਾਈਕਲ ਸਟਾਰਟ ਕਰਕੇ ਚਲੇ ਗਏ। ਜਗਤਾਰ ਹੱਸ ਕੇ ਬੋਲਿਆ....ਵੱਡੇ ਭਰਾ ਜੀ ਪੰਜ ਰੁਪਏ ਵੱਧ ਰਹੇ ਨੇ…!” ਪਰ ਉਹ ਤੁਰ ਚੁੱਕੇ ਸਨ। ਉਸੇ ਸਮੇਂ, ਪਿੰਡ ਦਾ ਦਾਤੀ ਹਥੌੜਾ ਪਾਰਟੀ ਵਾਲਾ ਵੱਡਾ ਮੁਖਬਰ ਦੂਰੋਂ ਇਹ ਸਭ ਦੇਖ ਰਿਹਾ ਸੀ। ਉਹ ਹੌਲੀ ਹੌਲੀ ਬੁੜਬੁੜਿਆ..... “ਇਹ ਤਾਂ ਅੱਜ ਵਧੀਆ ਫਸੂ....
ਸ਼ਾਮ ਤੱਕ ਉਸ ਮੁਖਬਰ ਨੇ ਥਾਣੇ ਜਾ ਕੇ ਰਿਪੋਰਟ ਪਾ ਦਿੱਤੀ...
“ਸਰ, ਜਗਤਾਰ ਖਾੜਕੂਆਂ ਨੂੰ ਮਦਦ ਕਰਦਾ ਹੈ… ਅੱਜ ਹੀ ਉਹਨਾਂ ਦਾ ਮੋਟਰਸਾਈਕਲ ਠੀਕ ਕੀਤਾ ਹੈ।” ਥਾਣੇਦਾਰ ਨੇ ਸਿਗਰੈੱਟ ਸੁੱਟਦੇ ਕਿਹਾ... “ਵਧੀਆ… ਇੱਕ ਹੋਰ ਮੁਕਾਬਲੇ ਦੀ ਫਾਈਲ ਤਿਆਰ।”
ਰਾਤ ਦੇ 1 ਵੱਜ ਰਹੇ ਸਨ। ਜਗਤਾਰ ਦਿਨ ਭਰ ਦੀ ਥਕਾਵਟ ਨਾਲ ਸੁੱਤਾ ਪਿਆ ਸੀ। ਅਚਾਨਕ ਗੱਡੀਆਂ ਦੇ ਰੁਕਣ ਦੀ ਆਵਾਜ਼ ਓਹਨਾ ਦੇ ਕੰਨੀਂ ਪਈ 6-7 ਫੌਜੀ ਤੇ ਪੁਲਿਸ ਵਾਲੇ ਰੋਅਬ ਨਾਲ ਬੋਲੇ.... “ਦਰਵਾਜ਼ਾ ਖੋਲ੍ਹੋ....ਜਗਤਾਰ ਡਰ ਕੇ ਉੱਠਿਆ। ਮਾਂ ਕੰਬਦੀ ਆਵਾਜ਼ ਵਿੱਚ ਬੋਲੀ....“ਕੌਣ ਹੈ…? ਰਾਤ ਦੇ ਵੇਲੇ…?” ਦਰਵਾਜ਼ਾ ਖੋਲਿਆ ਗਿਆ। ਥਾਣੇਦਾਰ ਅੰਦਰ ਦਾਖਲ ਹੋਇਆ.... “ਇਹ ਜਗਤਾਰ ਹੈ? ਚਲ ਥਾਣੇ… ਪੁੱਛਗਿੱਛ ਕਰਨੀ ਹੈ।”
ਜਗਤਾਰ ਹੜਬੜਾ ਗਿਆ....“ਪਰ ਜਨਾਬ… ਮੈਂ ਕੀ ਕੀਤਾ…? ਮੈਂ ਤਾਂ ਪੈਂਚਰ ਲਗਾਉਣਾ…ਛੋਟੀ ਜਿਹੀ ਦੁਕਾਨ ਚਲਾ ਰਿਹਾ…” ਥਾਣੇਦਾਰ ਨੇ ਚਪੇੜ ਮਾਰੀ....“ਬੜਾ ਸਾਧੂ ਬਣਦਾ? ਦੋ ਖਾੜਕੂਆਂ ਦਾ ਮੋਟਰਸਾਈਕਲ ਠੀਕ ਕੀਤਾ…? ਚਲ! ਹੱਥ ਪਿੱਛੇ ਕਰ!” ਮਾਂ ਤੇ ਛੋਟੀ ਭੈਣ ਨੇ ਦੁਹਾਈ ਪਾਈ.... “ਜਨਾਬ! ਮੇਰਾ ਪੁੱਤ ਤਾਂ ਫਕੀਰਾਂ ਵਰਗਾ ਹੈ…ਉਹ ਤਾਂ ਕਿਰਤ ਕਰਕੇ ਘਰ ਚਲਾਉਂਦਾ ਹੈ… ਕੀ ਪਤਾ ਉਹ ਕੌਣ ਸਨ…? ਇਹਦਾ ਦੋਸ਼ ਕੀ?” ਪਰ ਬੁੱਚੜਾਂ ਨੂੰ ਮਾਵਾਂ ਦੀਆਂ ਗੱਲਾਂ ਨਹੀਂ ਸੁਣਾਈ ਦਿੰਦੀਆਂ। ਉਹ ਜਗਤਾਰ ਨੂੰ ਬਾਂਹ ਫੜ ਕੇ ਬਾਹਰ ਲੈ ਗਏ। ਜਗਤਾਰ, ਰੋਂਦੀ ਮਾਂ ਨੂੰ ਵੇਖ ਕੇ ਆਖਰੀ ਵਾਰ ਚੀਕਿਆ... “ਮਾਂ, ਮੈਂ ਕੁਝ ਨਹੀਂ ਕੀਤਾ!
ਅਗਲੇ ਦਿਨ ਅਖ਼ਬਾਰਾਂ ਤੇ ਰੇਡੀਓ ’ਚ ਖ਼ਬਰ ਚੱਲ ਰਹੀ ਸੀ....
“ਪੁਲਿਸ ਮੁਕਾਬਲੇ ’ਚ ਇੱਕ ਖ਼ਤਰਨਾਕ ਅੱਤਵਾਦੀ ਮਾਰਿਆ ਗਿਆ। ਨਾਮ...ਜਗਤਾਰ ਸਿੰਘ।” ਜਗਤਾਰ ਦੇ ਹੱਥਾਂ ਵਿੱਚ ਹਥਿਆਰ ਫੜਾਇਆ ਹੋਇਆ ਸੀ....ਉਹੀ ਹੱਥ ਜਿਨ੍ਹਾਂ ਨੇ ਕਦੇ ਬੰਦੂਕ ਨੂੰ ਛੂਹਿਆ ਵੀ ਨਹੀਂ ਸੀ, ਤੇ ਹੱਥ ਸਿਰਫ਼ ਪੰਪ, ਟਾਇਰ ਤੇ ਪੈਂਚਰ ਲਾਉਂਦਿਆਂ ਭੈਣ ਦਾ ਵਿਆਹ ਕਰਨ ਦਾ ਸੁਪਨਾ ਦੇਖਣ ਤੱਕ ਸੀਮਤ ਸਨ। 
 

                    ਕੁਲਵੰਤ ਸਿੰਘ ਬਾਜ

Posted By: GURBHEJ SINGH ANANDPURI

Loading…
Loading the web debug toolbar…
Attempt #