Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ

16 Mar, 2026 07:39 PM
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ

ਗੰਭੀਰ ਜ਼ਖ਼ਮੀ ਸੇਵਾਦਾਰ ਨੂੰ ਡੇਢ ਲੱਖ ਤੇ ਜ਼ਖਮੀ ਸੇਵਾਦਾਰਾਂ ਨੂੰ ਲੱਖ-ਲੱਖ ਰੁਪਏ ਸਹਾਇਤਾ ਦਾ ਐਲਾਨ
 

ਪੰਥਕ ਜਥੇਬੰਦੀਆਂ ਨੂੰ ਆਪਸੀ ਅਨੁਸ਼ਾਸਨ, ਮਰਿਆਦਾ ਅਤੇ ਪੰਥਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ- ਐਡਵੋਕੇਟ ਧਾਮੀ
 

 ਅਨੰਦਪੁਰ ਸਾਹਿਬ, 16 ਮਾਰਚ 2026 – ਮੋਹਕਮ ਸਿੰਘ 
ਪਿਛਲੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਵਲੋਂ ਕੀਤੇ ਗਏ ਹਮਲੇ ਦੌਰਾਨ ਜ਼ਖਮੀ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੇਵਾਦਾਰਾਂ ਦਾ ਹਾਲ-ਚਾਲ ਜਾਨਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਅਤੇ ਸੇਵਾਦਾਰਾਂ ਦੀ ਹੌਂਸਲਾ-ਅਫਜ਼ਾਈ ਵਾਸਤੇ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਹਮਲੇ ਵਿਚ ਗੰਭੀਰ ਜ਼ਖਮੀ ਹੋਏ ਮੁਲਾਜ਼ਮ ਸਿਕੰਦਰ ਸਿੰਘ ਨੂੰ ਡੇਢ ਲੱਖ ਰੁਪਏ ਅਤੇ ਗੁਰਤੇਜ ਸਿੰਘ ਅਤੇ ਸਤਪਾਲ ਸਿੰਘ ਨੂੰ ਲੱਖ-ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। 
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਸੰਗਤੀ ਸੰਸਥਾ ਹੈ। ਜਿੱਥੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਗੁਰੂ-ਘਰ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਲਈ ਭੈਅ-ਭਾਵਨੀ ਅਤੇ ਅਨੁਸ਼ਾਸਨਬੱਧ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾੳੇੁਂਦੇ ਹਨ, ਉੱਥੇ ਸ਼੍ਰੋਮਣੀ ਕਮੇਟੀ ਵੀ ਆਪਣੇ ਕਰਮਚਾਰੀਆਂ ਦੇ ਆਤਮ ਸਨਮਾਨ, ਹੌਂਸਲਾ-ਅਫਜਾਈ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਦੀ ਡਿਊਟੀ ਗੁਰੂ ਦੀ ਅਮਾਨਤ ਹੈ। ਇਹ ਕੋਈ ਨੌਕਰੀ ਨਹੀਂ ਬਲਕਿ ਗੁਰਧਾਮਾਂ ਦੀ ਰੱਖਿਆ ਅਤੇ ਸੇਵਾ ਦਾ ਪਵਿੱਤਰ ਕਰੱਤਵ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਮੰਦਭਾਗੀ ਹੈ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਥਕ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਆਪਸੀ ਅਨੁਸ਼ਾਸਨ, ਮਰਿਆਦਾ ਅਤੇ ਪੰਥਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੇ ਹਮਲੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੇਵਾਦਾਰਾਂ ਨੇ ਬੜਾ ਸੰਜਮ ਅਤੇ ਸਬਰ ਦਿਖਾਇਆ ਹੈ। ਉਨ੍ਹਾਂ ਜ਼ਖ਼ਮੀ ਹੋਏ ਸੇਵਾਦਾਰਾਂ ਦੇ ਇਲਾਜ ਅਤੇ ਸੁਰੱਖਿਆ ਲਈ ਹਰ ਸੰਭਵ ਉਪਰਾਲਾ ਕਰਨ ਦਾ ਭਰੋਸਾ ਦਿਵਾਇਆ ਤਾਂ ਜੋ ਗੁਰੂ-ਘਰ ਦੇ ਕਰਮਚਾਰੀਆਂ ਦੇ ਹੌਸਲੇ ਅਤੇ ਮਨੋਬਲ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। 
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਸ. ਮਲਕੀਤ ਸਿੰਘ ਤਲਵੰਡੀ ਸੱਲਾ ਅਤੇ ਵਧੀਕ ਮੈਨੇਜਰ ਹਰਦੇਵ ਸਿੰਘ ਐਡਵੋਕੇਟ, ਮੀਤ ਮੈਨੇਜਰ ਭੁਪਿੰਦਰ ਸਿੰਘ ਅਤੇ ਜਸਵੀਰ ਸਿੰਘ, ਬਲਜਿੰਦਰ ਸਿੰਘ ਜੇ.ਈ. ਵੀ ਹਾਜ਼ਰ ਸਨ, ਜਿਨ੍ਹਾਂ ਨੇ ਜ਼ਖਮੀ ਮੁਲਾਜ਼ਮਾਂ ਨੂੰ ਜਲਦੀ ਸਿਹਤਯਾਬ ਹੋਣ ਦੀਆਂ ਕਾਮਨਾਵਾਂ ਕੀਤੀਆਂ।

Posted By: GURBHEJ SINGH ANANDPURI