Nazrana Times

ਪੰਜਾਬੀ

ਬੇਮਿਸਾਲ ਸਿਦਕ ਦੀ ਰੋਸ਼ਨ ਮਸ਼ਾਲ ਬਾਬਾ ਦੀਪ ਸਿੰਘ ਜੀ - ਡਾ. ਸਤਿੰਦਰ ਪਾਲ ਸਿੰਘ

26 Jan, 2026 02:13 AM
ਬੇਮਿਸਾਲ ਸਿਦਕ  ਦੀ ਰੋਸ਼ਨ ਮਸ਼ਾਲ ਬਾਬਾ ਦੀਪ ਸਿੰਘ ਜੀ - ਡਾ. ਸਤਿੰਦਰ ਪਾਲ ਸਿੰਘ

ਬਾਬਾ ਦੀਪ ਸਿੰਘ ਜੀ ਗਿਨੇ ਚੁਨੇ ਸੂਰਵੀਰ ਤੇ ਮਹਾਨ ਸਿੱਖ ਨਾਇਕਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਨੂੰ ਆਪਨੇ ਜੀਵਨ ‘ਚ ਗੁਰੂ , ਗੁਰ ਸ਼ਬਦ ਤੇ ਗੁਰੂ ਘਰ ਤਿਨਾਂ ਦੀ ਸੇਵਾ ਦਾ ਦੁਰਲਭ ਅਉਸਰ ਮਿਲਿਆ I ਇਸ ਸੇਵਾ ਨੂੰ ਬਾਬਾ ਜੀ ਨੇ ਇੰਨੀ ਉੱਚੀ – ਸੁੱਚੀ ਭਾਵਨਾ , ਸਮਰਪਣ ਤੇ ਸਿਦਕ ਨਾਲ ਨਿਭਾਇਆ ਕਿ ਸੁਨਹਿਰੀ ਇਤਿਹਾਸ ਰਚਿਆ ਗਿਆ I ਆਪ ਦਾ ਜੀਵਨ ਗੁਰੂ ਨਾਨਕ ਸਾਹਿਬ ਦੇ ਹੁਕਮ “ ਸਿਰੁ ਦੀਜੈ ਕਾਣਿ ਨ ਕੀਜੈ “ ਦੀ ਕਸੋਟੀ ਤੇ ਪੂਰਾ ਉਤਰਨ ਵਾਲਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖੰਡੇ ਬਾਟੇ ਦੀ ਪਾਹੁਲ ਤੋਂ ਨਿੱਤਰੇ ਧਰਮ ਬਲ ਦਾ ਪ੍ਰੇਰਣਾਦਾਈ ਪ੍ਰਤੀਕ ਸੀ I ਗੁਰੂ ਨਾਨਕ ਸਾਹਿਬ ਦਾ ਖਰਾ ਸੱਦਾ ਸੀ “ ਸਿਰੁ ਧਰਿ ਤਲੀ ਗਲੀ ਮੋਰੀ ਆਉ “ ਜਿਸ ਨੂੰ ਤਨੋਂ ਮਨੋਂ ਧਾਰਨ ਕਰ ਲੱਖਾਂ ਲੋਗ ਸਿੱਖ ਬਣੇ ਪਰ ਇਸ ਨੂੰ ਸ਼ਬਦ ਦਰ ਸ਼ਬਦ ਸਿੱਧ ਕਰਨ ਦਾ ਸੁਭਾਗ ਇਕੱਲੇ ਬਾਬਾ ਦੀਪ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ I ਗੁਰ ਸ਼ਬਦ ਨੂੰ ਧਾਰਨ ਕਰਨ ਵਾਲੇ , ਗੁਰੂ ਦੇ ਮਾਰਗ ਤੇ ਚੱਲਣ ਵਾਲੇ ਲੱਖਾਂ , ਕਰੋੜਾਂ ਦੀ ਤਦਾਦ ‘ਚ ਹਨ . ਗੁਰੂ ਦੀ ਵਡਿਆਈ ਦੀ ਅੰਤਰ ਦ੍ਰਿਸ਼ਟੀ ਕਿਸੇ ਨੂੰ ਹੀ ਮਿਲਦੀ ਹੈ I 
ਨੇੜੈ ਨੇੜੈ ਸਭੁ ਕੋ ਕਹੈ II ਗੁਰਮੁਖਿ ਭੇਦੁ ਵਿਰਲਾ ਕੋ ਲਹੈ II 
( ਪੰਨਾ ੧੧੩੯ ) 
ਵਾਹਿਗੁਰੂ ਦੀ ਭਗਤੀ ਤੇ ਸਮਰਪਣ ਦੀ ਰਮਜ ਪਛਾਣ ਲੈਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ ੨੬ , ਜਨਵਰੀ ਸੰਨ ੧੬੮੨ ਨੂੰ ਅੰਮ੍ਰਿਤਸਰ ਦੇ ਪਹੁਵਿੰਡ ਵਿੱਚ ਹੋਇਆ ਸੀ I ਆਪ ਪਿਤਾ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਦੀ ਇਕੱਲੀ ਸੰਤਾਨ ਸਨ I ਆਪ ਦਾ ਲਾਲਨ ਪਾਲਨ ਬੜੇ ਹੀ ਚਾਉ ਤੇ ਰੀਝਾਂ ਨਾਲ ਹੋਇਆ I ਬਾਰਹ ਸਾਲ ਦੀ ਉਮਰ ‘ਚ ਆਪ ਨੂੰ ਮਾਤਾ ਪਿਤਾ ਨਾਲ ਆਨੰਦਪੁਰ ਸਾਹਿਬ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ I ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਕਈ ਦਿਨ ਆਨੰਦਪੁਰ ਸਾਹਿਬ ਰਹਿ ਕੇ ਜਦੋਂ ਵਾਪਿਸ ਹੋਣ ਲੱਗਾ ਤਾਂ ਦਸਮ ਪਿਤਾ ਨੇ ਬਾਬਾ ਜੀ ਨੂੰ ਕੋਲ ਹੀ ਰੋਕ ਲਿਆ I ਗੁਰੂ ਸਾਹਿਬ ਨੇ ਬਾਬਾ ਜੀ ਦੀ ਸਿਖਿਆ ਆਦਿਕ ਦੇ ਸ੍ਰੇਸ਼ਟ ਪ੍ਰਬੰਧ ਕਰਾਏ I ਭਾਈ ਮਨੀ ਸਿੰਘ ਤੇ ਹੋਰ ਸਿੱਖ ਵਿਦਵਾਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ , ਧਾਰਮਕ ਦਰਸ਼ਨ , ਪੰਜਾਬੀ ਤੇ ਹੋਰ ਭਾਸ਼ਾਵਾਂ ‘ਚ ਪ੍ਰਵੀਨ ਕੀਤਾ I ਬਾਬਾ ਜੀ ਨੇ ਘੁੜਸਵਾਰੀ ਸ਼ਸਤਰ ਵਿਦਿਆ , ਯੁੱਧ ਕਲਾ ‘ਚ ਵੀ ਮਹਾਰਤ ਹਾਸਲ ਕਰ ਲਈ I ਸੰਨ ੧੬੯੯ ਵਿੱਚ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਬਾਬਾ ਦੀਪ ਸਿੰਘ ਜੀ ਦਸਮ ਪਿਤਾ ਹੱਥੋਂ ਅੰਮ੍ਰਿਤ ਪਾਨ ਕਰ ਸਿੰਘ ਸੱਜ ਗਏ I 
ਬਾਬਾ ਦੀਪ ਸਿੰਘ ਜੀ ਤਗੜੇ ਸ਼ਰੀਰ ਤੇ ਮਜਬੂਤ ਇਰਾਦਿਆਂ ਦੇ ਸੁਆਮੀ ਬਣ ਕੇ ਉਭਰੇ ਜੋ ਨਿਤ ਗੁਰਬਾਣੀ ਤੇ ਨਾਮ ਸਿਮਰਨ ‘ਚ ਰਮੇ ਰਹਿੰਦੇ ਸਨ I ਆਪ ਨੇ ਗੁਰੂ ਸਾਹਿਬ ਨਾਲ ਕਈ ਜੰਗਾਂ ਵਿੱਚ ਵੀ ਹਿੱਸਾ ਲਿਆ ਤੇ ਬਹਾਦਰੀ ਵਿਖਾਈ I ਸੰਨ ੧੭੦੨ ਵਿੱਚ ਨੌਜਵਾਨ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਮੰਨ ਆਪਨੇ ਪਿੰਡ ਪਹੁਵਿੰਡ ਪਰਤ ਗਏ ਤੇ ਆਪਨੇ ਬਿਰਧ ਹੋ ਗਏ ਮਾਤਾ – ਪਿਤਾ ਦੀ ਸੇਵਾ ਸੰਭਾਲ ‘ਚ ਲੱਗ ਪਏ I ਮਾਤਾ – ਪਿਤਾ ਦੀ ਸੇਵਾ ਨਾਲ ਹੀ ਮਨ ਗੁਰ ਸ਼ਬਦ ‘ਚ ਜੁੜਿਆ ਰਹਿੰਦਾ ਤੇ ਗੁਰ ਚਰਣਾਂ ਦੀ ਪ੍ਰੀਤਿ ਗੂੜ੍ਹੀ ਹੁੰਦੀ ਜਾਂਦੀ ਸੀ I ਇਸ ਦੁਰਾਨ ਆਪ ਦਾ ਵਿਆਹ ਵੀ ਹੋ ਗਿਆ I ਸੰਨ ੧੭੦੪ ‘ਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜੇਬ ਦੀ ਕੁਰਾਨ ਦੀ ਕਸਮ ਤੇ ਭਰੋਸਾ ਕਰ ਆਨੰਦਪੁਰ ਸਾਹਿਬ ਛੱਡਿਆ ਤਾਂ ਮੁਗਲਾਂ ਨੇ ਧੋਖਾ ਕਰ ਹੰਮਲਾ ਕਰ ਦਿੱਤਾ I ਚਾਰੋ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਲਾਸਾਨੀ ਬਲਿਦਾਨ ਹੋਇਆ I ਵੱਡੀ ਤਦਾਦ ‘ਚ ਸਿੱਖ ਸ਼ਹੀਦੀਆਂ ਪਾ ਗਏ I ਪਰਿਵਾਰ ਵਿੱਛੜ ਗਿਆ , ਸਿੰਘ ਖਿੰਡਰ ਗਏ I ਬਾਬਾ ਦੀਪ ਸਿੰਘ ਜੀ ਨੂੰ ਜਿਵੇਂ ਹੀ ਇਹ ਦੁਖਦ ਸਮਾਚਾਰ ਪ੍ਰਾਪਤ ਹੋਏ ਉਹ ਗੁਰੂ ਸਾਹਿਬ ਨੂੰ ਮਿਲਣ ਲਈ ਘਰੋਂ ਤੁਰ ਪਏ I ਗੁਰੂ ਸਾਹਿਬ ਨਾਲ ਉਨ੍ਹਾਂ ਦਾ ਮੇਲ ਉਸ ਅਸਥਾਨ ਤੇ ਹੋਇਆ ਜਿਸ ਨੂੰ ਵਰਤਮਾਨ ‘ਚ ਦਮਦਮਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ I ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬ ਜੰਗਾਂ ਤੋਂ ਛੇਤੀ ਹੀ ਉਬਰ ਕੇ ਆਪਣਾ ਪੂਰਾ ਧਿਆਨ ਸਿੱਖ ਪੰਥ ਨੂੰ ਮੁੜ ਸੰਗਠਿਤ ਕਰਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਉਣ ਵਿੱਚ ਲਾਉਣ ਵਾਲੇ ਸਨ I ਸਾਰੇ ਧਰਮ ਗ੍ਰੰਥ ਤੇ ਵਡਮੁੱਲਾ ਸਮਾਨ ਰਾਵੀ ਦੇ ਹੜ੍ਹ ‘ਚ ਰੁੜ੍ਹ ਜਾਨ ਕਾਰਨ ਭਾਰੀ ਨੁਕਸਾਨ ਹੋਇਆ ਸੀ I ਗੁਰੂ ਸਾਹਿਬ ਜਾਣਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਬਿਨਾ ਧਰਮ ਦਾ ਕਾਰਜ ਅੱਗੇ ਨਹੀਂ ਵੱਧ ਸੱਕਦਾ I ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਧੀਰਮਲਿਆਂ ਕੋਲ ਸੀ ਪਰ ਉਨ੍ਹਾਂ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਵਿਅੰਗ ਵੀ ਕੀਤੇ I ਗੁਰੂ ਸਾਹਿਬ ਨੇ ਇਸ ਦੀ ਪਰਵਾਹ ਨਾ ਕਰਦਿਆਂ ਆਪਣੀ ਆਤਮਿਕ ਸ਼ਕਤੀ ਤੇ ਸਿਮ੍ਰਤੀ ਨਾਲ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੂਬਹੂ ਲਿਖਵਾਇਆ I ਲਿਖਣ ਦੀ ਸੇਵਾ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਦੇ ਨਾਲ ਹੀ ਬਾਬਾ ਦੀਪ ਸਿੰਘ ਕੋਲੋਂ ਵੀ ਲਈ I ਬਾਅਦ ‘ਚ ਬਾਬਾ ਜੀ ਨੇ ਆਪਣੀ ਹਸਤਲਿਪੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਵਰੂਪ ਹੋਰ ਤਿਆਰ ਕੀਤੇ I ਇਹ ਸਿੱਖ ਪੰਥ ਦੀ ਸਮੇਂ ਦੀ ਬਹੁਤ ਵੱਡੀ ਸੇਵਾ ਸੀ . ਬਾਬਾ ਜੀ ਨੇ ਅਰਬੀ ਲਿਪੀ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕੀਤਾ I ਦਸਮ ਪਿਤਾ ਜਦੋਂ ਦਮਦਮਾ ਸਾਹਿਬ ਤੋਂ ਤੁਰ ਕੇ ਦੱਖਨ ਵੱਲ ਜਾਣ ਲੱਗੇ ਤਾਂ ਬਾਬਾ ਦੀਪ ਸਿੰਘ ਜੀ ਨੂੰ ਉੱਥੇ ਹੀ ਰਹਿ ਕੇ ਗੁਰਬਾਣੀ ਤੇ ਸਿੱਖੀ ਦੇ ਪ੍ਰਚਾਰ , ਪ੍ਰਸਾਰ ਦੀ ਜਿੰਮੇਵਾਰੀ ਸੌੰਪੀ I ਬਾਬਾ ਜੀ ਪੂਰੇ ਤਨ ਮਨ ਨਾਲ ਆਪਨੇ ਮਿਸ਼ਨ ‘ਚ ਲੱਗ ਗਏ I ਉਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ , ਗੁਰ ਸ਼ਬਦ ਦੀ ਵਿਆਖਿਆ ਕਰਦੇ ਤੇ ਨਾਮ ਸਿਮਰਨ ਕਰਾਉਂਦੇ I ਆਪ ਲੋੜਵੰਦ ਸਿੱਖਾਂ ਦੀ ਅੱਗੇ ਹੋ ਕੇ ਮਦਦ ਵੀ ਕਰਦੇ I ਬਾਬਾ ਜੀ ਨੇ ਸਿੱਖਾਂ ਦਾ ਇੱਕ ਵੱਡਾ ਜੱਥਾ ਵੀ ਤਿਆਰ ਕਰ ਲਿਆ I 
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਂਦੇੜ ਸਾਹਿਬ ਤੋਂ ਬਾਬਾ ਬੰਦਾ ਸਿੰਘ ਜੀ ਨੂੰ ਪੰਜਾਬ ਭੇਜਿਆ ਤਾਂ ਬਾਬਾ ਦੀਪ ਸਿੰਘ ਜੀ ਆਪਨੇ ਜੱਥੇ ਨਾਲ ਉਨ੍ਹਾਂ ਦੇ ਨਾਲ ਹੋ ਗਏ ਤੇ ਕਈ ਜੰਗਾ ਵਿੱਚ ਸ਼ਾਮਲ ਹੋਏ I ਸਿਆਲਕੋਟ ਤੱਕ ਜਿੱਤ ਹਾਸਲ ਕਰਨ ਵਿੱਚ ਆਪ ਦਾ ਅਹਿਮ ਯੋਗਦਾਨ ਰਿਹਾ I ਇਹ ਅਦੁੱਤੀ ਤੇ ਵਿਸਮਾਦ ਭਰਿਆ ਸੀ I ਕਦੇ ਹੱਥ ‘ਚ ਕਲਮ ਤੇ ਕਦੇ ਕਿਰਪਾਨ I ਕਦੇ ਗੁਰਬਾਣੀ ਦੀ ਵਿਖਾਇਆ ਕਰਦੀ ਰਸਨਾ ਤੇ ਕਦੇ ਵੈਰੀ ਨੂੰ ਨੇਸਤਨਾਬੂਦ ਕਰਦਿਆਂ ਭੁਜਾਵਾਂ I ਸੰਕਲਪ ਇੱਕੋ ਸੀ ਗੁਰੂ ਦੇ ਹੁਕਮ ਦੀ ਪਾਲਨਾ I ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਵਾਪਿਸ ਆ ਗਏ I ਆਪ ਸ਼ਹੀਦੀ ਮਿਸਲ ਦੇ ਜੱਥੇਦਾਰ ਦੇ ਰੂਪ ‘ਚ ਪੰਥ ਦੀ ਸੇਵਾ ‘ਚ ਲੱਗ ਗਏ I 
ਅੱਜ ਆਮ ਤੌਰ ਤੇ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਤਲੀ ਤੇ ਸਿਰ ਰੱਖ ਕੇ ਜੂਝਨ ਵਾਲੇ ਨਾਇਕ ਵਜੋਂ ਹੀ ਯਾਦ ਕੀਤਾ ਜਾਂਦਾ ਹੈ I ਇਹ ਬਲਿਦਾਨ ਬੇਸ਼ਕ ਬੇਮਿਸਾਲ ਸੀ ਪਰ ਇਸ ਬਲਿਦਾਨ ਦੀ ਸ਼ਕਤੀ ਦੇ ਪਿੱਛੇ ਦੀ ਅਸਲ ਤਾਕਤ ਗੁਰੂ ਤੇ ਗੁਰੂ ਸ਼ਬਦ ਦੀ ਸੇਵਾ ਦਾ ਅਦੁੱਤੀ ਸੰਕਲਪ ਵੀ ਉੰਨਾ ਹੀ ਬੇਮਿਸਾਲ ਸੀ I 
ਸੰਨ ੧੭੫੬ ਵਿੱਚ ਅਹਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹੰਮਲਾ ਕੀਤਾ I ਉਹ ਲੁੱਟ ਮਾਰ ਕਰਦਾ ਦਿੱਲੀ ਤੱਕ ਪੁੱਜ ਗਿਆ I ਭਾਰੀ ਤਬਾਹੀ ਕਰਨ ਤੇ ਦੌਲਤ ਲੁੱਟਣ ਤੋਂ ਬਾਅਦ ਜਦੋਂ ਅਬਦਾਲੀ ਵਾਪਸ ਪਰਤਿਆ ਤਾਂ ਨਾਲ ਵੱਡੀ ਤਦਾਦ ‘ਚ ਇਸਤਰੀਆਂ ਤੇ ਬੱਚਿਆਂ ਨੂੰ ਵੀ ਕੈਦ ਕਰ ਕੇ ਲੈ ਆਇਆ I ਸਿੱਖਾਂ ਨੂੰ ਇਹ ਬਰਦਾਸ਼ਤ ਨਾ ਹੋਇਆ I ਸਿੱਖ ਮਿਸਲਾਂ ਨੇ ਉਸ ਦੇ ਕਾਫ਼ਿਲੇ ਤੇ ਕਈ ਹੰਮਲੇ ਕੀਤੇ I ਜਦੋਂ ਉਸ ਦਾ ਕਾਫਿਲਾ ਕੁਰਛੇਤਰ ਪੁੱਜਾ ਤਾਂ ਬਾਬਾ ਦੀਪ ਸਿੰਘ ਜੀ ਦੀ ਅਗੁਆਈ ਹੇਠ ਸਿੱਖਾਂ ਨੇ ਜਬਰਦਸਤ ਹੰਮਲਾ ਮਾਰਿਆ ਤੇ ਕੈਦ ਇਸਤਰੀਆਂ I ਬੱਚਿਆਂ ਨੂੰ ਆਜਾਦ ਕਰਾ ਲਿਆ I ਸਾਰਿਆ ਇਸਤਰੀਆਂ , ਬੱਚਿਆਂ ਨੂੰ ਪੂਰੀ ਇੱਜਤ ਨਾਲ ਉਨ੍ਹਾਂ ਦੇ ਘਰ ਪੁਜਾਇਆ ਗਿਆ I ਇਹ ਭਾਰਤ ਦੇ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਘਟਨਾ ਵਜੋਂ ਦਰਜ ਕੀਤੇ ਜਾਣ ਯੋਗ ਹੈ I 
ਅਬਦਾਲੀ ਸਿੱਖਾਂ ਤੋਂ ਭਾਰੀ ਸ਼ਿਕਸਤ ਖਾ ਕੇ ਬਦਲੇ ਦੀ ਅੱਗ ‘ਚ ਬਲਦਾ ਪਰਤ ਗਿਆ I ਲਾਹੌਰ ਦਾ ਰਾਜਕਾਜ ਜਦੋਂ ਅਬਦਾਲੀ ਦੇ ਪੁੱਤਰ ਤੈਮੂਰ ਖਾਨ ਤੇ ਜਹਾਨ ਖਾਨ ਕੋਲ ਆਇਆ ਤਾਂ ਉਨ੍ਹਾਂ ਸੰਨ ੧੭੫੭ ਵਿੱਚ ਅੰਮ੍ਰਿਤਸਰ ਤੇ ਹੰਮਲਾ ਕਰ ਦਿੱਤਾ I ਪਵਿੱਤਰ ਈਮਾਰਤਾਂ ਢਹਾ ਦਿੱਤੀਆਂ ਤੇ ਅੰਮ੍ਰਿਤ ਸਰੋਵਰ ਨੂੰ ਕੂੜੇ ਕਰਕਟ ਨਾਲ ਭਰ ਦਿੱਤਾ I ਸਿੱਖਾਂ ਅੰਦਰ ਭਾਰੋ ਰੋਸ਼ ਪੈਦਾ ਹੋ ਗਿਆ I ਬਾਬਾ ਦੀਪ ਸਿੰਘ ਜੀ ਜੋ ਉਸ ਸਮੇਂ ੭੫ ਸਾਲ ਦੇ ਬਿਰਧ ਹੋ ਚੁੱਕੇ ਸਨ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਸਹਿਣ ਨਾ ਕਰ ਸਕੇ ਤੇ ਫੌਰਨ ਹੀ ਆਪਨੇ ਜੱਥੇ ਨਾਲ ਅੰਮ੍ਰਿਤਸਰ ਵੱਲ ਕੂਚ ਕਰ ਗਏ I ਤਰਨਤਾਰਨ ਤੱਕ ਪੁੱਜਦਿਆਂ ਪੁੱਜਦਿਆਂ ਉਨ੍ਹਾਂ ਦੇ ਸਾਥੀਆਂ ਦੀ ਤਦਾਦ ਤਕਰੀਬਨ ਪੰਜ ਹਜਾਰ ਹੋ ਗਈ I ਆਪ ਨੇ ਜੋ ਖਾਸ ਖੰਡਾ ਚੁੱਕਿਆ ਹੋਇਆ ਸੀ ਉਸ ਦਾ ਵਜਨ ਹੀ ਪੰਦ੍ਰਹ ਕਿਲੋ ਸੀ I ਜਹਾਨ ਖਾਨ ਨੇ ਬਾਬਾ ਜੀ ਨੂੰ ਅੰਮ੍ਰਿਤਸਰ ਤੋਂ ਪਹਿਲਾਂ ਹੀ ਰੋਕ ਲਿਆ I ਗੋਹਲਵਾੜ ਵਿੱਚ ਭਾਰੀ ਜੁੱਧ ਹੋਇਆ ਤੇ ਅਫਗਾਨੀਆਂ ਨੂੰ ਭੱਜਣਾ ਪੈ ਗਿਆ I ਇੰਨੇ ਨੂੰ ਅਤਾਈ ਖਾਨ ਹੋਰ ਫੌਜ ਲੈ ਕੇ ਆ ਗਿਆ ਜਿਸ ਨਾਲ ਪਾਸਾ ਪਲਟਣ ਲੱਗ ਪਿਆ I ਸਿੱਖ ਤੇਜੀ ਨਾਲ ਸ਼ਹੀਦ ਹੋਣ ਲੱਗ ਪਏ I ਜੰਗ ਕਰਦਿਆਂ ਬਾਬਾ ਦੀਪ ਸਿੰਘ ਜੀ ਦੀ ਗਰਦਨ ਤੇ ਗਹਿਰਾ ਵਾਰ ਹੋਇਆ I ਇਸ ਤੋਂ ਬਿਨਾ ਘਬਰਾਈਆਂ ਬਾਬਾ ਜੀ ਇੱਕ ਹਥ ਨਾਲ ਗਰਦਨ ਸੰਭਾਲਦੇ ਜੁੱਧ ਕਰਦੇ ਰਹੇ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕ੍ਰਮਾ ਤੱਕ ਆ ਗਏ I ਮਾਨਤਾ ਹੈ ਕਿ ਬਾਬਾ ਜੀ ਦਾ ਸੀਸ ਧੜ ਤੋਂ ਅਲਗ ਹੋ ਗਿਆ ਸੀ ਤੇ ਸੀਸ ਤਲੀ ਤੇ ਰੱਖ ਕੇ ਜੁੱਧ ਕਰਦੇ ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਤੱਕ ਆ ਗਏ ਸਨ I ਜੋ ਹੋਇਆ ਉਹ ਸੰਸਾਰ ਨੇ ਨਾ ਕਦੇ ਵੇਖਿਆ ਸੀ ਨਾ ਕਦੇ ਵੇਖੇਗਾ ਕਿਉਂਕਿ ਬਾਬਾ ਦੀਪ ਸਿੰਘ ਜਿਹੇ ਮਹਾਨ ਨਾਇਕ ਇੱਕੋ ਵਾਰ ਜਨਮ ਲੈਂਦੇ ਹਨ ਤੇ ਜੀਵਨ ਮੁਕਤ ਹੋ ਪਰਮਾਤਮਾ ‘ਚ ਸਮੋ ਜਾਂਦੇ ਹਨ I ਬਾਬਾ ਜੀ ਦੀ ਸ਼ਹੀਦੀ ਹੋਈ I ਸਿੱਖਾਂ ਦੀ ਬਹਾਦਰੀ ਅੱਗੇ ਅਫਗਾਨੀ ਟਿਕ ਨਾ ਸਕੇ ਤੇ ਭੱਜ ਗਏ I ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਬਹਾਲ ਕੀਤੀ ਗਈ I 
ਕੋਈ ਬਾਬਾ ਦੀਪ ਸਿੰਘ ਕਿਵੇਂ ਬਣਦਾ ਹੈ ਤੇ ਕਿਵੇਂ ਧਰਮ ਦੀ ਮਰਿਆਦਾ ਲਈ ਸੰਕਲਪ ਪੂਰੇ ਕਰਦਾ ਹੈ ਇਹ ਸਮਝਣ ਤੇ ਧਾਰਨ ਕਰਨ ਦਾ ਵਿਸ਼ਾ ਹੈ I ਕੌਤਕ ਵਰਤਿਆ ਨਹੀਂ ਕਰਦੇ ਨਾ ਹੀ ਸਿੱਖ ਪਂਥ ਵਿੱਚ ਇਨ੍ਹਾਂ ਦੀ ਕੋਈ ਮਾਨਤਾ ਹੈ, ਸਿਦਕ ਤੇ ਅਡੋਲ ਰਹਿਣਾ ਅਜਿਹੇ ਵਿਸਮਾਦ ਪੈਦਾ ਕਰਦਾ ਹੈ ਜਿਸ ਅੱਗੇ ਸਾਰੇ ਸੁਪਨ ਕੌਤਕ ਵੀ ਫਿੱਕੇ ਪੈ ਜਾਂਦੇ ਹਨ । 
 

ਡਾ . ਸਤਿੰਦਰ ਪਾਲ ਸਿੰਘ 
ਈ – ੧੭੧੬ , ਰਾਜਾਜੀਪੁਰਮ 
ਲਖਨਊ – ੨੨੬੦੧੭ 
ਈ ਮੇਲ - akaalpurkh.7@gmail.com

Posted By: GURBHEJ SINGH ANANDPURI