Nazrana Times

ਪੰਜਾਬੀ

ਭਾਜਪਾ ਵੀ ਬਣੀ ਬੰਦੀ ਸਿੰਘਾਂ ਦੀ ਦੁਸ਼ਮਣ...

10 Feb, 2026 11:14 PM
ਭਾਜਪਾ ਵੀ ਬਣੀ ਬੰਦੀ ਸਿੰਘਾਂ ਦੀ ਦੁਸ਼ਮਣ...

ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਬੰਦੀ ਸਿੰਘਾਂ ਬਾਰੇ ਭਾਰਤੀ ਹਕੂਮਤ ਦੀ ਨੀਤੀ ਅੱਜ ਵੀ ਜਿਉਂ ਦੀ ਤਿਉਂ ਹੈ ਅਤੇ ਕਾਂਗਰਸ, ਭਾਜਪਾ, ਬਾਦਲ ਦਲ ਤੇ ਆਮ ਆਦਮੀ ਪਾਰਟੀ ਇਹ ਸਭ ਬੰਦੀ ਸਿੰਘਾਂ ਦੇ ਵਿਰੋਧੀ ਹਨ। ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਕਈ ਵਾਰ ਰਿਹਾਈ ਰੋਕੀ ਤੇ ਹੁਣ ਦਿੱਲੀ ਦੀ ਮੌਜੂਦਾ ਭਾਜਪਾ ਸਰਕਾਰ ਨੇ ਵੀ ਰਿਹਾਈ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜੋ ਭਾਜਪਾ ਦਾ ਸਮਰਥਨ ਕਰਨ ਅਤੇ ਸੋਹਿਲੇ ਗਾਉਣ ਵਾਲੇ ਸਿੱਖ ਪੰਥ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਮੂੰਹ ਉੱਤੇ ਕਰਾਰੀ ਚਪੇੜ ਹੈ। ਹਾਲਾਂਕਿ ਦਿੱਲੀ ਸਰਕਾਰ ਦੇ ਇਸ ਸਜ਼ਾ ਸਮੀਖਿਆ ਬੋਰਡ ਨੇ 26 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਨੇ 20 ਸਾਲ ਤੋਂ ਵੀ ਘੱਟ ਸਜ਼ਾ ਭੁਗਤੀ ਹੈ ਪਰ ਸਿੱਖ ਕੌਮ ਦੇ ਜੁਝਾਰੂ ਯੋਧੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਤੀਹ ਸਾਲ ਤੋਂ ਵੀ ਵੱਧ ਸਮਾਂ ਜੇਲ੍ਹਾਂ ਤੇ ਕਾਲ-ਕੋਠੜੀਆਂ ਵਿੱਚ ਬਿਤਾ ਚੁੱਕੇ ਹਨ, ਇਸੇ ਤਰ੍ਹਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖੈੜਾ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਕੈਦ ਵਿੱਚ ਹਨ। ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਭਾਰਤੀ ਹਕੂਮਤ ਨੇ ਜੋ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਸਿੱਖ ਕੌਮ ਉੱਤੇ ਘੱਲੂਘਾਰੇ ਵਪਰਾਏ, ਨਸਲਕੁਸ਼ੀ ਕੀਤੀ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਉਸਦੇ ਰੋਹ ਤੇ ਰੋਸ ਵਜੋਂ ਹੀ ਇਹ ਸੂਰਮੇ ਮੈਦਾਨ-ਏ-ਜੰਗ ਵਿੱਚ ਕੁੱਦੇ ਸਨ, ਚੋਟੀ ਦੇ ਜੁਝਾਰੂ ਐਕਸ਼ਨ ਕੀਤੇ ਤੇ ਫਿਰ ਹਕੂਮਤ ਦੇ ਹੱਥ ਆਉਣ ਤੋਂ ਬਾਅਦ ਸਿੱਖੀ ਸਿਦਕ ਤੇ ਸਿਰੜ ਨਿਭਾਉਂਦਿਆਂ ਵਾਹਿਗੁਰੂ ਦੇ ਭਾਣੇ ਵਿੱਚ ਜੇਲ੍ਹਾਂ ਵਿੱਚ ਜੀਵਨ ਬਤੀਤ ਕਰ ਰਹੇ ਹਨ। ਸਿੱਖ ਕੌਮ ਇਹਨਾਂ ਸਿੰਘਾਂ ਦੀ ਰਿਹਾਈ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਹੈ, ਭਾਈ ਗੁਰਬਖਸ਼ ਸਿੰਘ ਖ਼ਾਲਸਾ ਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀਆਂ ਭੁੱਖ ਹੜਤਾਲਾਂ, ਮਾਰਚ, ਧਰਨੇ, ਪ੍ਰਦਰਸ਼ਨ, ਸੈਮੀਨਾਰ, ਕਾਨੂੰਨੀ ਲੜਾਈ ਅਤੇ ਹੋਰ ਸੰਘਰਸ਼ ਇਸ ਦੇ ਗਵਾਹ ਹਨ ਪਰ ਹਿੰਦ ਸਟੇਟ ਲਗਾਤਾਰ ਸਿੱਖਾਂ ਖ਼ਿਲਾਫ਼ ਭੁਗਤ ਰਹੀ ਹੈ। ਪਹਿਲੇ ਬੰਦੀ ਸਿੰਘ ਤਾਂ ਕੀ ਰਿਹਾਅ ਕਰਨੇ ਸੀ ਉਲ਼ਟਾ ਭਾਈ ਜਗਤਾਰ ਸਿੰਘ ਜੱਗੀ ਜੌਹਲ ਅਤੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਰਗੇ ਅਨੇਕਾਂ ਸਿੱਖ ਨੌਜਵਾਨ ਭਾਰਤੀ ਹਕੂਮਤ ਨੇ ਜੇਲ੍ਹਾਂ ਵਿੱਚ ਤਾੜ ਦਿੱਤੇ ਤੇ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰ ਦਿੱਤਾ। ਪਰ ਇਸ ਦੇ ਬਾਵਜੂਦ ਸਿੱਖ ਕੌਮ ਨਾਲ ਸੰਬੰਧਤ ਕੁਝ ਧਾਰਮਿਕ ਅਤੇ ਸਿਆਸੀ ਆਗੂ ਭਾਜਪਾ ਵਿੱਚ ਵੜ ਰਹੇ ਹਨ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹ ਰਹੇ ਹਨ, ਅੰਨ੍ਹੇਵਾਹ ਸਮਰਥਨ ਕਰ ਰਹੇ ਹਨ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ 'ਤੇ ਲੱਗੇ ਹੋਏ ਹਨ। ਬਾਕੀਆਂ ਦੀ ਗੱਲ ਤਾਂ ਵੱਖਰੀ ਰਹੀ ਗਈ, ਇੱਥੇ ਤਾਂ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਵੀ ਮਹਾਂਰਾਸ਼ਟਰ ਵਿੱਚ ਭਾਜਪਾ ਦਾ ਸਮਰਥਨ ਕਰ ਦਿੱਤਾ, ਅਮਿਤ ਸ਼ਾਹ ਨੂੰ ਸਨਮਾਨਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਵਿੱਚ ਭਾਜਪਾ ਨੂੰ ਮੋਹਰੀ ਬਣਾਇਆ, ਦਮਦਮੀ ਟਕਸਾਲ ਨੂੰ ਰੋਲਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ, ਖ਼ਾਲਸਈ ਅਣਖ਼ ਨੂੰ ਖੋਰਾ ਲਾਇਆ, ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਦੇ ਵੱਡੇ-ਵੱਡੇ ਦਮਗਜੇ ਮਾਰੇ ਪਰ ਇਸ ਦੇ ਬਾਵਜੂਦ ਵੀ ਭਾਜਪਾ ਨੇ ਬਾਬਾ ਧੁੰਮਾਂ ਨੂੰ ਕੌਡੀਆਂ ਦੇ ਭਾਅ ਵੀ ਨਾ ਜਾਣਿਆਂ ਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕ ਕੇ ਬਾਬਾ ਧੁੰਮਾ ਸਮੇਤ ਅਨੇਕਾਂ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਸਿਰ ਵਿੱਚ ਸਵਾਹ ਪਾ ਦਿੱਤੀ ਤੇ ਭਾਜਪਾ ਨੇ ਦੱਸ ਦਿੱਤਾ ਕਿ ਉਹ ਵੀ ਕਾਂਗਰਸ ਵਾਂਗ ਹੀ ਸਿੱਖ ਪੰਥ ਦੀ ਕਾਤਲ, ਦੁਸ਼ਮਣ ਅਤੇ ਪੰਥ ਦੋਖੀ ਜਮਾਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਬ੍ਰਾਹਮਣਵਾਦੀ ਹਾਕਮ ਫਿਰ ਮੁੱਕਰ ਗਏ ਜਿਵੇਂ ਕਾਂਗਰਸ 1947 ਤੋਂ ਪਹਿਲਾਂ ਸਿੱਖਾਂ ਨਾਲ ਵਾਅਦੇ ਕਰਕੇ ਬਾਅਦ ਵਿੱਚ ਮੁੱਕਰ ਗਈ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਲੀਮੈਂਟ ਵਿੱਚ ਸ਼ਰੇਆਮ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬੰਦੀ ਸਿੰਘਾਂ ਦੇ ਖ਼ਿਲਾਫ਼ ਜ਼ਹਿਰ ਉਗਲ ਚੁੱਕਾ ਹੈ, ਬੁੱਚੜ ਮੁੱਖ ਮੰਤਰੀ ਬਿਅੰਤ ਸਿਹੁੰ ਦਾ ਪੋਤਾ ਰਵਨੀਤ ਬਿੱਟੂ ਵੀ ਹੁਣ ਭਾਜਪਾ ਵਿੱਚ ਸਰਗਰਮ ਹੈ, ਭਾਜਪਾ ਵੀ ਸਿੱਖਾਂ ਨੂੰ ਗ਼ੁਲਾਮ ਅਤੇ ਸਿੱਖ ਕੌਮ ਦੇ ਯੋਧਿਆਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ ਇਸ ਹਾਲਾਤ ਵਿੱਚ ਭਾਰਤੀ ਹਕੂਮਤ ਅਤੇ ਭਾਜਪਾ ਖ਼ਿਲਾਫ਼ ਸੰਘਰਸ਼ ਕਰਨ ਦੀ ਬਜਾਏ ਕੁਝ ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਭਾਜਪਾ ਦੇ ਚਾਪਲੂਸ ਬਣਨਾ ਇਹ ਸਿੱਖ ਕੌਮ ਨਾਲ ਗ਼ੱਦਾਰੀ ਹੈ। ਸਿੱਖ ਕੌਮ ਸੰਘਰਸ਼ ਕਰਕੇ ਭਵਿੱਖ ਵਿੱਚ ਬੰਦੀ ਸਿੰਘਾਂ ਨੂੰ ਤਾਂ ਰਿਹਾਅ ਕਰਵਾ ਹੀ ਲਵੇਗੀ ਪਰ ਜਿਨ੍ਹਾਂ ਆਗੂਆਂ ਨੇ ਪੰਥ ਦੀ ਬੇੜੀ ਵਿੱਚ ਵੱਟੇ ਪਾਏ, ਕੌਮ ਨੂੰ ਡੋਬਣਾ ਚਾਹਿਆ, ਇਤਿਹਾਸ ਉਹਨਾਂ ਨੂੰ ਕਦੇ ਨਹੀਂ ਬਖਸ਼ੇਗਾ। 
 

        ਰਣਜੀਤ ਸਿੰਘ ਦਮਦਮੀ ਟਕਸਾਲ 
 (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
            ਮੋ: +918872293883.

Posted By: GURBHEJ SINGH ANANDPURI