Nazrana Times

ਪੰਜਾਬੀ

ਖ਼ਾਲਸਾ ਪੰਥ ਦੁਨਿਆਵੀ ਰੰਗਾਂ ਨਾਲ਼ ਖੇਡੀ ਜਾਣ ਵਾਲ਼ੀ ਹੋਲੀ ਦੇ ਪ੍ਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ

25 Mar, 2025 11:53 PM
ਖ਼ਾਲਸਾ ਪੰਥ ਦੁਨਿਆਵੀ ਰੰਗਾਂ ਨਾਲ਼ ਖੇਡੀ ਜਾਣ ਵਾਲ਼ੀ ਹੋਲੀ ਦੇ ਪ੍ਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ

ਖ਼ਾਲਸਾ ਪੰਥ ਦੁਨਿਆਵੀ ਰੰਗਾਂ ਨਾਲ਼ ਖੇਡੀ ਜਾਣ ਵਾਲ਼ੀ ਹੋਲੀ ਦੇ ਪ੍ਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ

ਖ਼ਾਲਸਾ ਪੰਥ ਦਾ ਤਿਉਹਾਰ ਹੋਲਾ-ਮਹੱਲਾ ਆਤਮਿਕ ਰੰਗ ਤੇ ਸ਼ਸਤਰਾਂ ਦਾ ਸੁਮੇਲ ਹੈ

ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸਮੇਂ ਮਨੂੰਵਾਦੀਆਂ ਨੇ ਮਨੂੰਸਿਮ੍ਰਤੀ ਅਨੁਸਾਰ ਜਿੱਥੇ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ, ਓਥੇ ਦਰਖ਼ਤ, ਪਸ਼ੂ, ਪੰਛੀ ਤੇ ਤਿਉਹਾਰ ਵੀ ਵੰਡੇ ਹੋਏ ਸਨ। ਜਿਵੇਂ ਪਿੱਪਲ ਬ੍ਰਾਹਮਣ ਸੀ, ਤਾਂ ਕਿੱਕਰ ਖੱਤਰੀ ਤੇ ਵੈਸ਼ ਸਨ, ਤੇ ਸ਼ੂਦਰ ਅੱਕ ਸੀ। ਇੰਝ ਹੀ ਪੰਛੀਆਂ ਵਿੱਚ ਕਬੂਤਰ ਬ੍ਰਾਹਮਣ ਸੀ, ਤੋਤਾ ਵੈਸ਼ ਸੀ ਤੇ ਸ਼ੂਦਰ ਕਾਂ ਸੀ। ਇਸੇ ਤਰ੍ਹਾਂ ਤਿਉਹਾਰ ਵੀ ਵੰਡੇ ਹੋਏ ਸਨ, ਸ਼ਰਾਧ ਤੇ ਵੈਸਾਖੀ ਬ੍ਰਾਹਮਣਾਂ ਦੀ, ਦੁਸਹਿਰਾ ਤੇ ਬਸੰਤ ਖੱਤਰੀਆਂ ਦਾ ਤੇ ਹੋਲੀ ਸ਼ੂਦਰਾ ਦੀ। ਸਿੱਖ ਧਰਮ ਇਸ ਵਰਣ-ਵੰਡ ਨੂੰ ਪ੍ਰਵਾਨ ਨਹੀਂ ਕਰਦਾ, ਸਗੋਂ ਮੁੱਢੋਂ ਰੱਦ ਕਰਦਾ ਹੈ।

ਹੋਲਾ-ਮਹੱਲਾ ਬਾਰੇ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ “ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਲਈ ਕਲਗ਼ੀਧਰ ਪਿਤਾ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਦੀ ਇੱਕ ਨੂੰ ਸਿੱਖ ਹੋਲਾ-ਮਹੱਲਾ ਮਨਾਉਂਦੇ ਹਨ, ਜਿਸ ਦਾ ਹੋਲੀ ਨਾਲ਼ ਕੋਈ ਸੰਬੰਧ ਨਹੀਂ ਹੈ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ (ਫਰੈਂਡਲੀ ਮੈਚ) ਹੈ। ਪੈਦਲ ਤੇ ਘੋੜ ਸਵਾਰ ਸ਼ਸਤਰਧਾਰੀ ਸਿੱਖ ਦੋ ਪਾਸਿਆਂ ਤੋਂ ਇੱਕ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਸਨ। ਕਲਗੀਧਰ ਪਿਤਾ ਜੀ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਹੋਏ ਦੋਹਾਂ ਦਲਾਂ ਨੂੰ ਸ਼ੁਭ ਸਿੱਖਿਆ ਦਿੰਦੇ ਅਤੇ ਸ਼ਸਤਰ ਚਲਾਉਣ ਦੇ ਦਾਅ-ਪੇਚ ਸਮਝਾਉਂਦੇ ਅਤੇ ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਭਰੇ ਦੀਵਾਨ ਵਿੱਚ ਵਿਸ਼ੇਸ਼ ਇਨਾਮ ਤੇ ਥਾਪੜਾ ਬਖ਼ਸ਼ਦੇ।”

ਭਾਈ ਕਾਨ੍ਹ ਸਿੰਘ ਨਾਭਾ ਜੀ ਹੋਰ ਲਿਖਦੇ ਹਨ ਕਿ “ਅਸੀਂ ਸਾਲ ਪਿੱਛੋਂ ਇਹ ਰਸਮ ਨਾਂ-ਮਾਤਰ ਕਰ ਛੋੜਦੇ ਹਾਂ, ਲਾਭ ਕੁਝ ਨਹੀਂ ਉਠਾਉਂਦੇ ਹਾਲਾਂਕਿ ਸ਼ਸਤਰ ਵਿੱਦਿਆ ਤੋਂ ਅਨਜਾਣ ਸਿੰਘ ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।”

ਖ਼ਾਲਸਾ ਪੰਥ ਦੁਨਿਆਵੀ ਰੰਗਾਂ ਨਾਲ਼ ਖੇਡੀ ਜਾਣ ਵਾਲ਼ੀ ਹੋਲੀ ਦੇ ਪਰੰਪਰਾਗਤ ਰੂਪ ਨੂੰ ਧਾਰਨ ਨਹੀਂ ਕਰਦਾ। ਖ਼ਾਲਸਾ ਪੰਥ ਦਾ ਤਿਉਹਾਰ ਹੋਲਾ ਆਤਮਿਕ ਰੰਗ ਤੇ ਸ਼ਸਤਰਾਂ ਦਾ ਸੁਮੇਲ ਹੈ। ਦਸਮੇਸ਼ ਪਿਤਾ ਨੇ ਸੰਮਤ 1757 (1700 ਈ:) ਚੇਤ ਵਦੀ ਇੱਕ ਨੂੰ ਹੋਲਗੜ੍ਹ ਕਿਲ੍ਹੇ ਪਹੁੰਚ ਕੇ ਹੋਲਾ-ਮਹੱਲਾ ਖੇਡਣ ਦੀ ਰੀਤ ਚਲਾਈ। ‘ਝੰਡੇ ਝੱੁੁਲਦੇ, ਨਗਾਰੇ ਜਾਂਦੇ ਵੱਜਦੇ, ਨੀਲੇ ’ਤੇ ਸਵਾਰ ਪਾਤਸ਼ਾਹ ਹੈ’। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਸੰਤ ਦੇ ਮੌਸਮੀ ਤਿਉਹਾਰਾਂ ਨੂੰ ਯੋਧਿਆਂ ਵਰਿਆਮਾਂ ਦਾ ਤਿਉਹਾਰ ਬਣਾਇਆ। ਇਹ ਦਸਮੇਸ਼ ਪਿਤਾ ਜੀ ਦੀ ਕ੍ਰਾਂਤੀਕਾਰੀ ਸੋਚ ਦਾ ਕ੍ਰਿਸ਼ਮਾ ਸੀ ਜਿਸ ਦੁਆਰਾ ਉਹਨਾਂ ਇੱਕ ਪੁਰਾਣੀ ਹਾਰੀ ਟੁੱਟੀ ਪਲੀਤ ਰੀਤ ਨੂੰ ਪੁਨੀਤ ਤੇ ਜਗਤ-ਜੀਤ ਬਣਾ ਕੇ ਖ਼ਾਲਸਾ ਪੰਥ ਨੂੰ ਇਨਕਲਾਬ ਦੇ ਰਾਹ ਤੋਰਿਆ। ਰਾਗੀਆਂ, ਕਵੀਸ਼ਰਾਂ, ਢਾਡੀਆਂ ਨੇ ਇਸ ਦੇ ਗੁਣ ਗਾਏ। ਹੋਲੇ-ਮਹੱਲੇ ਦੀ ਉਪਮਾ ਵਿੱਚ ਛੰਦ ਲਿਖਣ ਵਾਲ਼ੇ ਦੋ ਨਿਹਾਲ ਸਿੰਘ ਹੋਏ ਹਨ, ਇੱਕ ‘ਸੰਤ ਨਿਹਾਲ ਸਿੰਘ ਸੋਹਲਾ’, ਦੂਸਰਾ ‘ਪੰਡਿਤ ਨਿਹਾਲ ਸਿੰਘ ਲਾਹੌਰੀ’। ਪੰਡਿਤ ਨਿਹਾਲ ਸਿੰਘ ਦੇ ਤਿੰਨ ਕਾਵਿ-ਬੰਦ ਨਮੂਨੇ ਵਜੋਂ ਹਾਜ਼ਰ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੂ ਕੋ ਇਹ,

ਲਾਡਲੋ ਛਬੀਲੋ ਪੰਥ ਖ਼ਾਲਸਾ ਅਨੰਤ ਹੈ।

ਵਿਚਾਰ ਕੀ ਸੁ ਮੂਰਤੀ, ਵਿਰਾਜੇ ਚਾਰੁ ਬੀਰ ਰਸ,

ਰਾਜਸੀ ਵਿਹਾਰ ਚੀਤ ਸ਼ਾਤਕੀ ਲਸੰਤ ਹੈ।

ਔਰ ਜੋਈ ਦੇਖੀਏ ਮਲੇਛਨ ਕੇ ਝੁੰਡ ਭਾਰੇ,

ਤਾਂ ਕੋ ਰੰਗ ਭੂਮਿ ਮਹਿ ਛਿਨੇਕ ਮੈਂ ਦਲੰਤ ਹੈ।

ਅੰਧਕਾਰ ਟਾਰਬੇ ਕੋ ਦੁੱਜਨ ਕੇ ਮਾਰਬੇ ਕੋ,

ਮਾਰਤੰਡ ਸਿੰਘਨ ਕੋ ਨਾਮ ਖਬਾਤਵੰਤ ਹੈ।


ਪ੍ਰੀਤਿ ਸਿਉਂ ਪ੍ਰਤੀਤ ਸਿਉਂ ਪੂਜ ਕੇ ਸੁ ਗ੍ਰੰਥ ਨਾਥ,

ਪੰਥ ਛੀਰ ਸਿੰਧ ਜੋਊ ਨੈਨੁ ਸਯੋਂ ਵਿਰੋਲਾ ਹੈ।

ਬਾਂਟ ਕੇ ਕੜਾਹ ਦੀਨਬੰਧੁ ਕੋ ਪ੍ਰਸਾਦ ਸੁਧਾ,

ਸਾਜ ਕੈ ਮਹੱਲਾ, ਫਤੇ ਗਾਜ ਕੈ ਸੁ ਬੋਲਾ ਹੈ।

ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿਧ ਹੋਲੀ,

ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।

ਔਰਨ ਕੀ ਆਰਤੀ ਸੁ ਆਰਤਾ ਅਕਾਲ ਜੂ ਕੋ,

ਲੋਕਨ ਕੀ ਬੋਲੀ ਦੀਨ ਬੰਧ ਕੋ ਸੁ ਬੋਲਾ ਹੈ।

ਅੰਬਿਕਾ ਕੜਾਹੀ ਮਹਾਰਾਜ ਕੋ ਕੜਾਹ ਸੁਧਾ,

ਚੋਲੀ ਤੋਂ ਬਖਾਨੇ ਬਾਲ, ਸੁਆਮੀ ਜੀ ਕੋ ਚੋਲਾ ਹੈ।

ਝੰਡੀ ਐ ਸਵਾਰੀ ਆਪ ਝੰਡਾ ਜੂ ਸਵਾਰਾ ਨਾਥ

ਝੋਲੀ ਤੋਂ ਤਮਾਮ ਕੀਸੁ ਖਾਲਸੇ ਕੋ ਝੋਲਾ ਹੈ।

ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ,

ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।

ਸੁਭਟ ਸੁਚਾਲਾ ਪੁਨ ਲਖਬਾਹਾ ਕਲਗਾ ਸਿੰਘ ਸਚੋਲਾ ਹੈ।

ਕਾਲਾ ਪੰਚਮ, ਗਜਾ ਚੰਡਾ ਜਗਾ ਮਿਧੋਲਾ ਹੈ।

ਫਿਰਨਾ ਕੂਹੀ ਸੁ ਬਾਜ ਕਛਹਿਰਾ ਸਭ ਸੁੰਦਰ ਗਲੋਲਾ ਹੈ,

ਅਪਰ ਮੁਛਹਿਰਾ ਦਾੜ੍ਹਾ ਜੈਸੇ ਤੈਸੇ ਬੋਲਾ ਹੋਲਾ ਹੈ।

ਦੇਵੀ ਦੇਵ ਸਿਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ,

ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।

ਭਾਈ ਨੰਦ ਲਾਲ ਜੀ ਵੀ ਆਪਣੀਆਂ ਗਜ਼ਲਾਂ ਰਾਹੀਂ ਫੁਰਮਾਉਂਦੇ ਹਨ :

ਗੁਲਾਲ ਅਫ਼ਸ਼ਾਨੀਏ ਦਸਤਿ ਮੁਬਾਰਿਕ ਜਮੀਨੋ ਆਸਮਾਂ ਰਾ ਸੁਰਖਰੂ ਕਰਦ।

ਅਰਥਾਤ- ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਲਾਲ ਗੁਲਾਲ ਉਡਾਇਆ ਜਿਸ ਨੇ ਧਰਤੀ ਤੇ ਅਕਾਸ਼ ਨੂੰ ਲਾਲ ਗੁਲਾਲ ਕਰ ਦਿੱਤਾ। ਭਾਈ ਨੰਦ ਲਾਲ ਜੀ ਇੱਥੇ ਆਤਮਿਕ ਗੁਲਾਲ ਦੀ ਗੱਲ ਕਰਦੇ ਹਨ ਕਿਉਂਕਿ ਦੁਨਿਆਵੀ ਵਸਤਾਂ ਦਾ ਬਣਿਆ ਹੋਇਆ ਗੁਲਾਲ ਦਾ ਰੰਗ ਧਰਤੀ ਅਤੇ ਅਕਾਸ਼ ਨੂੰ ਲਾਲ ਗੁਲਾਲ ਨਹੀਂ ਕਰ ਸਕਦਾ। ਹਿੰਦੂ ਪਰੰਪਰਾ ਅਨੁਸਾਰ ਇੱਕ ਦੂਜੇ ਉੱਤੇ ਦੁਨਿਆਵੀ ਰੰਗ ਸੁੱਟ ਕੇ ਮੌਜ਼-ਮਸਤੀ ਕਰਨ ਨੂੰ 'ਹੋਲੀ' ਦੇ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ। ਭਾਈ ਨੰਦ ਲਾਲ ਜੀ ਤਾਂ ਫੁਰਮਾਉਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੇ-ਰੰਗ ਮਨਾਂ ਨੂੰ ਨਾਮ ਦੇ ਰੰਗਣ ਵਿੱਚ ਰੰਗ ਦਿੱਤਾ। ਨਾਮ ਦਾ ਅੰਦਰਲਾ ਰੰਗ ਗੁਰੂ ਅਰਜਨ ਪਾਤਸ਼ਾਹ ਦੇ ਹੇਠ ਲਿਖੇ ਫੁਰਮਾਨ ਉੱਪਰ ਚੱਲ ਕੇ ਆਤਮਾ ਨੂੰ ਚੜ੍ਹਦਾ ਹੈ। ਅਰਥਾਤ :

ਆਜੁ ਹਮਾਰੈ ਗ੍ਰਿਿਹ ਬਸੰਤ ॥ ਗੁਨ ਗਾਏ ਪ੍ਰਭ ਤੁਮ੍ ਬੇਅੰਤ ॥1॥ ਰਹਾਉ ॥

ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਿਲ ਖੇਲਨ ਲਾਗ ॥

ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥2॥

ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥

ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥3॥

ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥

ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥

(ਬਸੰਤ ਮਹਲਾ ਪੰਜਵਾਂ, ਅੰਗ 1180)

ਦੁਨਿਆਵੀ ਰੰਗਾਂ ਨਾਲ਼ ਖੇਡੀ ਹੋਲੀ ਤਾਂ ਮਨ ਵਿੱਚ ਚੰਚਲਤਾ ਪੈਦਾ ਕਰਦੀ ਹੈ। ਦੁਨਿਆਵੀ ਹੋਲੀ ਦੇ ਰੰਗ ਤਮਾਸ਼ੇ ਵਾਲ਼ੀਆਂ ਪ੍ਰੰਪਰਾਵਾਂ ਗੁਰੂ ਆਸ਼ੇ ਦੇ ਉਲ਼ਟ ਹਨ ਤੇ ਸਮਾਜ ਨੂੰ ਨਿਘਾਰ ਵਾਲ਼ੇ ਪਾਸੇ ਲਿਜਾਣ ਵਾਲ਼ੀਆਂ ਹਨ। ਅਸਲੀ ਬਸੰਤ ਹਿਰਦੇ ਵਿੱਚ ਲਿਆਉਣ ਲਈ ਸਤਿਗੁਰੂ ਜੀ ਨੂੰ ਨਮਸਕਾਰ ਕਰੋ ਅਤੇ ਹੋਲੇ-ਮਹੱਲੇ ਦੇ ਦਿਹਾੜੇ ’ਤੇ ਸ਼ਸਤਰ ਅਭਿਆਸ ਦੇ ਨਾਲ਼-ਨਾਲ਼ ਗੁਰੂ ਦੇ ਦਿੱਤੇ ਹੋਏ ਨਾਮ-ਸਿਮਰਨ ਦਾ ਭੀ ਅਭਿਆਸ ਕਰੋ। ਨਾਮ ਸਿਮਰਨ ਦੀ ਬਦੌਲਤ ਸਾਰੇ ਚਿੰਤਾ ਝੋਰੇ ਦੂਰ ਹੋ ਕੇ ਮਹਾਂਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਰੀਰਿਕ ਬਲ਼ ਦੇ ਨਾਲ਼-ਨਾਲ਼ ਆਤਮਿਕ ਬਲ਼ ਵੀ ਮਿਲਦਾ ਹੈ ਅਤੇ ਪ੍ਰਮਾਤਮਾ ਦੀ ਮਿਹਰ ਨਾਲ਼ ਹਿਰਦੇ ਨੂੰ ਲਾਲ ਰੰਗ ਚੜ੍ਹ ਜਾਂਦਾ ਹੈ ਅਰਥਾਤ ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ ਉਸ ਦੇ ਮਨ ਨੂੰ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਚੜ੍ਹਦਾ ਹੈ।

ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥

(ਗੁਰੂ ਗ੍ਰੰਥ ਸਾਹਿਬ ਅੰਗ 808)

ਭਾਈ ਨੰਦ ਲਾਲ ਜੀ ਦੀਆਂ ਹੋਲੇ-ਮਹੱਲੇ ਦੇ ਸੰਬੰਧ ਵਿੱਚ ਲਿਖੀਆਂ ਫਾਰਸੀ ਦੀਆਂ ਗਜ਼ਲਾਂ ਦਾ ਭਾਵ ਅਰਥ ਵੀ ਇਹੀ ਬਣਦਾ ਹੈ ਕਿ 'ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ' ਸਿਧਾਂਤਕ ਪੱਖੋਂ ਵਿਚਾਰਿਆ ਜਾਵੇ ਤਾਂ ਪਿਚਕਾਰੀ ਨਾਲ਼ ਰੰਗ ਸੁੱਟਣ ਦਾ ਸ਼ਸਤਰ ਚਲਾਉਣ ਦੀ ਗੌਰਵਮਈ ਜੰਗੀ ਪ੍ਰਕਿਿਰਆ ਨਾਲ਼ ਕੋਈ ਸੰਬੰਧ ਨਹੀਂ ਜੁੜਦਾ। ਹੋਲੇ ਮਹੱਲੇ ਦਾ ਜਾਂ ਖ਼ਾਲਸੇ ਦਾ ਹਿੰਦੋਸਤਾਨ ਦੇ ਪੌਰਾਣਿਕ ਤਿਉਹਾਰ ਹੋਲੀ ਦੇ ਨਾਲ਼ ਉੱਕਾ ਹੀ ਕੋਈ ਸੰਬੰਧ ਨਹੀਂ ਜੁੜਦਾ। ਅਫ਼ਸੋਸ ਉਹਨਾਂ ਸਿੱਖਾਂ ਤੇ ਸਿੱਖ ਧਾਰਮਿਕ ਆਗੂਆਂ ’ਤੇ ਹੈ ਜਿਹੜੇ ਅਨੰਦਪੁਰ ਸਾਹਿਬ ਹੋਲੇ-ਮਹੱਲੇ ਵਾਲ਼ੇ ਦਿਨ ਹਿੰਦੂ ਮੱਤ ਅਨੁਸਾਰ ਇੱਕ ਦੂਜੇ ਦੀਆਂ ਦਾੜ੍ਹੀਆਂ ਤੇ ਦਸਤਾਰਾਂ ’ਤੇ ਰੰਗ ਸੁੱਟ ਕੇ ਸਿੱਖ ਧਰਮ ਦਾ ਮਜ਼ਾਕ ਉਡਾਉਂਦੇ ਹਨ ਅਤੇ ਸਿੱਖ ਧਰਮ ਦਾ ਮਜ਼ਾਕ ਉਡਾਉਂਦੇ ਹਨ ਅਤੇ ਸਿੱਖ ਧਰਮ ਦਾ ਹਿੰਦੂਕਰਨ ਕਰਨ ਵਿੱਚ ਮਾਣ ਸਮਝਦੇ ਹਨ। ਦਸਤਾਰਾਂ ਤੇ ਦਾੜ੍ਹੀਆਂ ’ਤੇ ਰੰਗ ਸੁੱਟ ਕੇ ਹੋਲੀ ਮਨਾਉਂਦੇ ਸਿੱਖ, ਹੋਲੇ-ਮਹੱਲੇ ਦੇ ਬਾਨੀ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁੱਖ ਮੋੜ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਪਸ਼ਟ ਐਲਾਨ ਹੈ ਕਿ :

ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉ ਮੈਂ ਸਾਰਾ।

ਜਬ ਯਹ ਗਹੇ ਬਿਪਰਨ ਕੀ ਰੀਤ, ਮੈ ਨਾ ਕਰੂ ਇਨਕੀ ਪਰਤੀਤ।

ਹੁਣ ਜੇ ਸਿੱਖ ਧਰਮ ਦੇ ਠੇਕੇਦਾਰ ਹੀ ਬਿਪਰਨ ਦੀਆਂ ਰੀਤਾਂ ਦਾ ਪ੍ਰਚਾਰ ਕਰਨਗੇ ਤਾਂ ਪੰਥ ਦੀ ਅਡੱਰੀ ਹੋਂਦ-ਹਸਤੀ ਦੇ ਨਿਆਰੇਪਣ ਅਤੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਉੱਤੇ ਕੌਣ ਪਹਿਰਾ ਦੇਵੇਗਾ?

ਖ਼ਾਲਸਾ ਪੰਥ ਦੇ ਤਿਉਹਾਰ ਹੋਲਾ-ਮਹੱਲਾ ਬਾਰੇ ਇੱਕ ਹੋਰ ਅਹਿਮ ਤੱਥ ਵਿਚਾਰਨਯੋਗ ਹੈ ਅਰਥਾਤ- ‘ਪੋਥੀ ਪ੍ਰਮੇਸ਼ਰ ਕਾ ਥਾਨ’ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂ ਸਾਹਿਬਾਨ ਰਾਹੀਂ ਪ੍ਰਵਾਣਿਤ ਤੇ ਉਹਨਾਂ ਦੀ ਨਿਗਰਾਨੀ ਵਿੱਚ ਸੰਪੂਰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਦਰਸ਼ਨ ਦਾ ਕੋਈ ਵੀ ਸੰਕਲਪ ਜਾਂ ਸਿਧਾਂਤ ਅਜਿਹਾ ਨਹੀਂ ਹੈ, ਜਿਸ ਦੀ ਮੁੱਢਲੀ ਤੇ ਬੁਨਿਆਦੀ ਰੂਪ ਰੇਖਾ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਨਾ ਉਲੀਕੀ ਗਈ ਹੋਵੇ। ਗੁਰੂ ਨਾਨਕ ਪਾਤਸ਼ਾਹ ਨੇ ਸ਼ਸਤਰ ਦੁਆਰਾ ਸ਼ਕਤੀ ਦੇ ਪ੍ਰਯੋਗ ਨੂੰ ਜਾਇਜ਼ ਠਹਿਰਾਇਆ ਹੈ ਅਰਥਾਤ- “ਮੂਰਖ ਗੰਢੁ ਪਵੈ ਮੁਹਿ ਮਾਰ” (ਵਾਰ ਮਾਝ ਮਹਲਾ 1 ਅੰਗ 143)।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਨਕਲਾਬੀ ਬਾਣੀ ਨਿਰਸੰਦੇਹ ਸਮੁੱਚੇ ਸਿੱਖ ਚਿੰਤਨ ਦਾ ਧੁਰਾ ਹੈ। ਹੋਲਾ-ਮਹੱਲਾ ਦੇ ਸੰਕਲਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ਼ੋਂ ਅਲੱਗ ਕਰ ਕੇ ਨਹੀਂ ਸਮਝਿਆ ਜਾ ਸਕਦਾ। ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ-ਸਿਧਾਂਤ ਦੇਗ ਤੇਗ ਫ਼ਤਹਿ ਬਾਰੇ ਵਿਚਾਰ ਕਰਦੇ ਹਾਂ। ਗੁਰੂ ਦੀਆਂ ਸੰਗਤਾਂ ਲਈ ਜਿੱਥੇ ਕੜਾਹ ਪ੍ਰਸ਼ਾਦ, ਗੁਰੂ ਕਾ ਲੰਗਰ ਆਦਿ ਨੂੰ ‘ਦੇਗ’ ਕਿਹਾ ਜਾਂਦਾ ਹੈ, ਓਥੇ ਨਾਲ਼ ਹੀ ਨਿਯਮ ਹੈ ਕਿ ਬਿਨਾਂ ਕ੍ਰਿਪਾਨ ਭੇਟ ਦੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ ਅਤੇ ਨਾ ਹੀ ਛਕਣੀ ਹੈ। ਗੁਰੂ ਘਰ ਵਿੱਚ ਸਿੱਖ ਧਰਮ ਦੇ ਮੂਲ ਸਿਧਾਂਤ ‘ਦੇਗ-ਤੇਗ ਫ਼ਤਹਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖ਼ਾਲਸੇ ਜੀ ਕੇ ਬੋਲ ਬਾਲੇ’ ਦੇ ਆਧਾਰ ’ਤੇ ਦੇਗ ਨੂੰ ਕ੍ਰਿਪਾਨ ਭੇਟ ਦਾ ਨਿਯਮ ਹੈ, ਤਾਂ ਜੋ ਗੁਰੂ ਸਿੱਖ ਸ਼ਸਤਰਾਂ ਨੂੰ ਭੁੱਲ ਕੇ ਕੇਵਲ ਦੇਗਾਂ ਵਾਸਤੇ ਹੀ ਨਾ ਰਹਿ ਜਾਣ। ਵਰਤਮਾਨ ਦਾ ਕੌੜਾ ਸੱਚ ਇਹ ਹੀ ਹੈ ਕਿ ਸਿੱਖਾਂ ਨੇ ਸ਼ਸਤਰ ਅਭਿਆਸ ਛੱਡ ਕੇ ਵੰਨ-ਸੁਵੰਨੇ ਲੰਗਰਾਂ ’ਤੇ ਜ਼ੋਰ ਦਿੱਤਾ ਹੋਇਆ ਹੈ।

ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699 ਨੂੰ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਅਤੇ ਚੇਤ ਵਦੀ ਇੱਕ 1700 ਈ: ਨੂੰ ਹੋਲੇ-ਮਹੱਲੇ ਦੀ ਅਰੰਭਤਾ ਕੀਤੀ। ਜਿਸ ਦਾ ਸਾਰ ਤੱਤ ਸੀ ਵਿਸਾਖੀ ਵਾਲ਼ੇ ਦਿਨ ਪੰਜ ਸਿਰਾਂ ਦੀ ਮੰਗ ਕਰ ਕੇ ਪੰਜ ਪਿਆਰੇ ਸਿਰਜਣ ਦੀ ਘਟਨਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦਾ ਸਿਧਾਂਤ ਵਿਵਹਾਰਕ ਰੂਪ ਵਿੱਚ ਖ਼ਾਲਸਾ ਪੰਥ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਅਤੇ ਹੋਲੇ ਮਹੱਲੇ ਦਾ ਤਿਉਹਾਰ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਿਆ।

‘ਗੁਰੂ ਕੀਆਂ ਸਾਖੀਆਂ’ ਵਿੱਚ ਹੋਲੇ-ਮਹੱਲੇ ਦੀ ਅਰੰਭਤਾ ਇਸ ਪ੍ਰਕਾਰ ਦਰਜ ਹੈ ਨਗਾਰਚੀ ਸਿੰਘ ਨੇ ਨਗਾਰੇ ’ਤੇ ਦੂਹਰੀ ਚੋਟ ਲਗਾਈ, ਖ਼ਾਲਸੇ ਦੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਸੇ ਅਸਮਾਨ ਗੂੰਜਾਇ ਦੀਆ। ਇਸ ਉਪਰੰਤ ਖ਼ਾਲਸਾ ਹੋਲਗੜ ਕੀ ਤਰਫ ਆਇਆ। ਪ੍ਰਿਥਮੇ ਪਾਂਚ ਨਿਸ਼ਾਨਚੀ ਇਨ ਕੇ ਪੀਛੇ ਪਾਂਛ ਪਿਆਰੇ, ਜਿਨ ਕੇ ਹਾਥ ਮੇਂ ਲੰਮੀਆਂ ਕਿਰਪਾਨਾਂ ਫੜ੍ਹੀਆਂ ਹੋਈਆਂ ਸਨ। ਇਨ ਕੇ ਪੀਛੇ ਨਗਾਰਚੀ ਸਿੰਘ ਅਰਾਕੀ (ਘੋੜੇ) ’ਤੇ ਸਵਾਰ ਹੋਇ ਨਗਾਰੇ ਨੂੰ ਦੂਹਰੀ ਚੋਟ ਸੇ ਅਸਮਾਨ ਗੂੰਜਾ ਰਿਹਾ ਸੀ। ਸਤਿਗੁਰੂ ਜੀ ਨੀਲੇ ’ਤੇ ਅਸਵਾਰ ਹੋਏ ਜਾਏ ਰਹੇ ਸਨ, ਸਰਬ ਖ਼ਾਲਸਾ ਗੁਰੂ ਜੀ ਕੇ ਪੀਛੇ ਆਇ ਰਹਾ ਥਾ। ਕਿਸੇ ਸਿੰਘ ਕਾ ਅਰਾਕੀ (ਘੋੜਾ) ਸਤਿਕਾਰ ਵਜੋਂ ਗੁਰੂ ਜੀ ਕੀ ਅਸਵਾਰੀ ਸੇ ਆਗੇ ਨਹੀਂ ਗਿਆ ਸਭ ਲਗਾਮੇਂ ਖਿੱਚੀ ਪੀਛੇ ਆ ਰਹੇ ਸਨ। ਇਹ ਸਮਾਂ ਦੇਖਨੇ ਵਾਲ਼ਾ ਸੀ, ਖ਼ਾਲਸੇ ਦੀਆਂ ਸੁਰਮਈ ਦਸਤਾਰਾਂ ਤੇ ਬਸਤਰਾਂ ਅਤੇ ਸ਼ਸਤਰਾਂ ਨੇ ਸਾਵਨ ਮਾਸ ਕੀਆਂ ਕਾਲੀਆਂ ਘਟਾਂ ਤੇ ਬਿਜਲੀ ਕੀ ਚਮਕ ਦਮਕ ਕੋ ਮਾਤ ਕਰ ਦੀਆ ਥਾ। ਇਸ ਤਰ੍ਹਾਂ ਖ਼ਾਲਸਈ ਦਰਿਆਏ ਠਾਠਾਂ ਮਾਰਦਾ ਹੂਆ ਪੂਰੇ ਜੋਬਨ ਸੇ ਹੋਲ ਗਢ ਕੇ ਮੈਦਾਨ ਮੇਂ ਜਾਇ ਪਹੁੰਚਾ।”

image

ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

Posted By: GURBHEJ SINGH ANANDPURI

Loading…
Loading the web debug toolbar…
Attempt #