Nazrana Times

ਪੰਜਾਬੀ

ਪੰਥ ਵਿਹੂਣੇ ਅਕਾਲੀ ਦਲ ਬਾਦਲ ਦਾ ਕੀ ਬਣੇਗਾ ?

23 Apr, 2025 09:10 PM
ਪੰਥ ਵਿਹੂਣੇ ਅਕਾਲੀ ਦਲ ਬਾਦਲ ਦਾ ਕੀ ਬਣੇਗਾ ?

ਪੰਥ ਵਿਹੂਣੇ ਅਕਾਲੀ ਦਲ ਬਾਦਲ ਦਾ ਕੀ ਬਣੇਗਾ ?

ਬਾਦਲ ਦਲ ਦੇ ਹਾਲਾਤ ਦਿਨੋਂ-ਦਿਨ ਮਾੜੇ ਹੁੰਦੇ ਜਾ ਰਹੇ ਨੇ। ਦੋ ਦਸੰਬਰ ਦੇ ਵਰਤਾਰੇ ਤੋਂ ਬਾਅਦ ਵੀ ਪੰਥ ਅਤੇ ਪੰਜਾਬ ਵਾਸੀ ਬਾਦਲਾਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਹਨ। ਜਿਨ੍ਹਾਂ ਜਥੇਦਾਰਾਂ ਨੇ ਬਾਦਲਾਂ ਨੂੰ ਤਲਬ ਕੀਤਾ ਸੀ, ਉਹਨਾਂ ਜਥੇਦਾਰਾਂ ਤੋਂ ਬਾਦਲਕੇ ਬਹੁਤ ਔਖੇ ਸਨ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਕੇ ਉਹਨਾਂ ਨੂੰ ਅਹੁਦਿਆਂ ਤੋਂ ਪਾਸੇ ਕਰ ਦਿੱਤਾ। ਜਥੇਦਾਰਾਂ ਵਾਲਾ ਵਿਵਾਦ ਹੋਵੇ ਜਾਂ ਪੰਜ ਮੈਂਬਰੀ ਕਮੇਟੀ ਵਾਲਾ, ਇਹ ਅਜੇ ਕਿਸੇ ਤਣ-ਪੱਤਣ ਨਹੀਂ ਲੱਗਾ, ਪੰਥਕ ਧਿਰਾਂ ਵੱਲੋਂ ਲਗਾਤਾਰ ਬਾਦਲਾਂ ਖ਼ਿਲਾਫ ਰੋਹ ਅਤੇ ਰੋਸ ਜਤਾਇਆ ਜਾ ਰਿਹਾ ਹੈ।

ਦੂਜੇ ਪਾਸੇ ਬਾਦਲਕਿਆਂ ਨੂੰ ਇੰਝ ਜਾਪਦਾ ਹੈ ਕਿ ਉਹ ਦੋ ਦਸੰਬਰ ਵਾਲੇ ਫ਼ੈਸਲੇ ਤੋਂ ਬਾਅਦ ਮੁਕਤ ਹੋ ਗਏ ਹਨ ਤੇ ਹੁਣ ਉਹ ਫਿਰ ਚੰਮ ਦੀਆਂ ਚਲਾ ਸਕਦੇ ਹਨ। ਸੁਖਬੀਰ ਸਿੰਘ ਬਾਦਲ ਤਾਂ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ, ਸੱਤਾ ਦੀ ਪ੍ਰਾਪਤੀ ਲਈ ਬਾਦਲਕੇ ਕੁਝ ਵੀ ਕਰ ਸਕਦੇ ਹਨ। ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ, ਪ੍ਰਭੂਸੱਤਾ ਅਤੇ ਹੁਕਮਨਾਮੇ ਦੀ ਕੋਈ ਪ੍ਰਵਾਹ ਨਹੀਂ ਹੈ। ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਨੂੰ ਵੀ ਬਾਦਲ ਦਲ ਦੇ ਆਗੂ ਨਿਸ਼ਾਨਾ ਬਣਾਉਣ ਤੋਂ ਗ਼ੁਰੇਜ਼ ਨਹੀਂ ਕਰ ਰਹੇ। ਸਾਰੇ ਪਾਸੇ ਇਹੀ ਚਰਚਾ ਚੱਲ ਰਹੀ ਹੈ ਕਿ ਜੇ ਬਾਦਲਕਿਆਂ ਦੇ ਇਹੀ ਹਾਲਾਤ ਰਹੇ ਤਾਂ ਇਹਨਾਂ ਦਾ ਕੀ ਬਣੇਗਾ ? ਮੁੱਖ ਮੰਤਰੀ ਬਣਨਾ ਤਾਂ ਦੂਰ, ਇੱਕ ਸੀਟ ਵੀ ਜਿੱਤ ਨਹੀਂ ਪਾਉਣਗੇ। ਹਰ ਸਿੱਖ ਦੇ ਮੂੰਹੋਂ ਇਹ ਗੱਲ ਸੁਭਾਵਿਕ ਨਿਕਲ ਰਹੀ ਹੈ ਕਿ ਬਾਦਲਕਿਆਂ ਨੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦਾ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਰੋਲ ਦਿੱਤਾ ਹੈ।

ਬਾਦਲ ਦਲ ਵਾਲੇ ਸੋਚਦੇ ਨੇ ਕਿ ਕੀ ਅਸੀ ਕਾਂਗਰਸ ਨਾਲੋਂ ਵੀ ਮਾੜੇ ਆਂ ? ਕੀ ਅਸੀਂ ਆਮ ਆਦਮੀ ਪਾਰਟੀ ਤੋਂ ਵੀ ਗਏ ਗੁਜਰੇ ਆਂ ? ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਤੁਸੀਂ ਉਨ੍ਹਾਂ ਨਾਲੋਂ ਵਧੀਆ ਹੁੰਦੇ ਜਾਂ ਨਾ, ਤੁਸੀਂ ਜੇ ਹਰ ਪਲ ਇਹ ਸੋਚਦੇ ਕਿ ਜੋ ਮਰਜ਼ੀ ਹੋ ਜਾਵੇ, ਪੰਥ ਨਹੀਂ ਗਵਾਉਣਾ, ਤਾਂ ਗੱਲ ਈ ਹੋਰ ਹੋਣੀ ਸੀ। ਪਰ ਤੁਸੀ ਤਾਂ ਸੋਚਿਆ ਈ ਇਹ ਕਿ ਪੰਥ ਜਿਹੜੇ ਮਰਜ਼ੀ ਖੂਹ ਵਿੱਚ ਡਿੱਗੇ, ਅਸੀਂ ਬਾਕੀ ਸਭ ਕੁਝ ਹੜੱਪਣਾ ਹੈ।

ਜਿਵੇਂ ਹਿੰਦੀ ਫਿਲਮ 'ਦੀਵਾਰ' ਵਿੱਚ ਅਮਿਤਾਭ ਬਚਨ ਬਦਮਾਸ਼ ਕੋਲ ਧਨ-ਦੌਲਤ, ਗੱਡੀਆਂ, ਬੈਂਕ ਬੈਲੰਸ ਹੁੰਦਾ ਹੈ ਪਰ ਸ਼ਸ਼ੀ ਕਪੂਰ ਓਹਦੀ ਸਾਰੀ ਮਾਇਆ ਨੂੰ ਐਨਾ ਕਹਿ ਕੇ ਸਿਫ਼ਰ ਕਰ ਦਿੰਦਾ ਹੈ ਕਿ ਮੇਰੇ ਕੋਲ ਮਾਂ ਹੈ। ਓਵੇਂ 1978 ਤੋ ਕੌਮ ਲਈ ਲੜਨ-ਮਰਨ ਵਾਲੇ ਇਤਿਹਾਸ ਵਿੱਚ ਸਿਰ ਚੁੱਕ ਕੇ ਕਹਿਣ ਜੋਗੇ ਨੇ ਕਿ ਅਸੀਂ ਪੰਥ ਰੱਖਿਆ।

ਇਸਦੇ ਉਲਟ ਬਾਦਲਕੇ ਜੋ ਮਰਜੀ ਦਾਅਵੇ ਕਰੀ ਜਾਣ ਪਰ ਇਤਿਹਾਸ ਦਾ ਫ਼ੈਸਲਾ ਇਹੀ ਹੈ ਕਿ ਇਨ੍ਹਾਂ ਨੇ ਪੰਥ ਤਿਆਗ ਦਿੱਤਾ। ਪੰਥ ਵਿਹੂਣੇ ਅਕਾਲੀ ਦਲ ਦਾ ਹਾਲ ਬਾਦਲਕਿਆਂ ਵਰਗਾ ਹੀ ਹੁੰਦਾ। ਹੁਣ ਗਰੰਟੀ ਹੈ ਕਿ ਹਰ ਵਾਰ ਜ਼ਮਾਨਤ ਜ਼ਬਤ ਹੀ ਹੋਵੇਗੀ। ਚਾਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਜੋ ਇੱਕ ਨੌਜਵਾਨ ਸ਼ਹੀਦ ਜੁਝਾਰੂ ਦੀ ਸਕੀ ਭੈਣ ਹੈ, ਓਹ ਵੀ ਬਾਦਲ ਦਲ ਦੀ ਉਮੀਦਵਾਰ ਹੋਵੇ, ਹਾਰ ਹੀ ਹਾਰ ਹੈ।

ਇਹ ਜੁੰਡਲੀ ਸੱਤਾ ਦੀ ਹਵਸ ਵਿੱਚ ਕਮਲੀ ਹੋ ਰਹੀ ਹੈ। ਇਹ ਸੋਚਦੇ ਨੇ ਅਸੀ ਕਰੋੜਾਂਪਤੀ ਹਾਂ ਤੇ ਇਹ ਲੋਕ ਮਲੰਗ ਜਿਹੇ ਬੰਦੇ ਜਿਤਾਈ ਜਾਂਦੇ ਆ। ਇਹਨਾਂ ਨੂੰ ਸਮਝ ਈ ਨਹੀਂ ਲਗਦੀ ਕਿ ਹੁਣ ਤਾਂ ਅਸੀਂ ਤਨਖਾਹ ਵੀ ਭੁਗਤ ਲਈ ਪਰ ਲੋਕ ਫੇਰ ਵੀ ਕਹੀ ਜਾਂਦੇ ਆ ਕੀ ਸੁਖਬੀਰ ਉੱਤੇ ਗੋਲੀ ਚਲਾਉਣ ਵਾਲਾ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਸਹੀ ਹੈ।

ਜਦ ਇਹਨਾਂ ਦੇ ਦਿਲ-ਦਿਮਾਗ ਵਿੱਚ ਆ ਗਿਆ ਕਿ ਅਸੀਂ ਕਦੇ ਜਿੱਤ ਨਹੀਂ ਸਕਦੇ, ਫੇਰ ਬਾਦਲਕੇ ਪਾਗਲ ਹੋ ਜਾਣਗੇ। ਹੱਥ ਵਿੱਚ ਅੱਧੀ ਇੱਟ, ਪਾਟੇ ਕੱਪੜੇ ਤੇ ਰੂੜੀਆਂ ਤੋਂ ਕਾਗਜ ਚੁੱਕਣਗੇ, ਇਹਨਾਂ ਦੀ ਦੁਰਗਤੀ ਹੋਣੀ ਹੈ। ਇਹਨਾ ਦੀ ਪਾਪਾਂ ਨਾਲ ਕਮਾਈ ਨਾਲ ਬਣਾਏ ਮਹਿਲ ਵਰਗੇ ਘਰਾਂ ਵਿੱਚੋਂ ਨਿਆਣੇ ਦੇਖ ਕੇ ਡਰਿਆ ਕਰਨਗੇ ਕਿ ਬਾਹਰ ਕਮਲਾ ਫਿਰਦਾ।

ਇਹਨਾਂ ਦੀ ਦੁਰਗਤੀ ਇੱਕ ਮਿਸਾਲ ਬਣੇਗੀ, ਬਜ਼ੁਰਗ ਆਪਣੇ ਪੋਤਿਆਂ ਨੂੰ ਦਿਖਾ ਕੇ ਕਹਿਣਗੇ, ਪੰਥ ਨਾਲ ਗ਼ੱਦਾਰੀ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ ਸੀ, ਆਹ ਦੇਖ ਲਵੋ ਹਾਲ।

ਜਿਨ੍ਹਾਂ ਨੇ ਬਾਦਲਾਂ ਦਾ ਪੱਖ ਪੂਰਿਆ, ਇਹਨਾਂ ਦੀ ਜੈ-ਜੈਕਾਰ ਕਰਦੇ ਰਹੇ, ਚੋਰਾਂ-ਗ਼ੱਦਾਰਾਂ ਦੀ ਹਾਮੀ ਭਰਦੇ ਰਹੇ, ਇਸ ਪਾਪ ਵਿੱਚ ਦਲਾਲੀ ਕੀਤੀ, ਉਹਨਾਂ ਦਾ ਵੀ ਹਸ਼ਰ ਬਾਦਲਕਿਆਂ ਵਾਂਗ ਬੁਰਾ ਹੋਵੇਗਾ।


- ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883।

Posted By: GURBHEJ SINGH ANANDPURI

Loading…
Loading the web debug toolbar…
Attempt #