Nazrana Times

ਪੰਜਾਬੀ

2027 ਦੀਆਂ ਚੋਣਾਂ ਨੂੰ ਲੈਕੇ ਰਵਾਇਤੀ ਪਾਰਟੀਆਂ ਕੋਲ ਤੋਹਮਤਾਂ ਦੂਸ਼ਣਬਾਜੀ ਤੋਂ ਬਿਨਾਂ ਕੋਈ ਮੁੱਦਾ ਹੀ ਨਹੀਂ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

19 Mar, 2026 03:13 PM
2027 ਦੀਆਂ ਚੋਣਾਂ ਨੂੰ ਲੈਕੇ ਰਵਾਇਤੀ ਪਾਰਟੀਆਂ ਕੋਲ ਤੋਹਮਤਾਂ ਦੂਸ਼ਣਬਾਜੀ ਤੋਂ ਬਿਨਾਂ ਕੋਈ ਮੁੱਦਾ ਹੀ ਨਹੀਂ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਦੀਆਂ 2027 ਦੀਆਂ ਚੋਣਾਂ ਨੂੰ ਲੈਕੇ ਰਵਾਇਤੀ ਪਾਰਟੀਆਂ ਕਾਂਗਰਸ, ਬੀਜੇਪੀ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕੋਲ ਕੋਈ ਏਜੰਡਾ ਨਹੀਂ। ਉਹ ਇਕ ਦੂਜੇ ਤੇ ਦੂਸ਼ਣਬਾਜ਼ੀ ਕਰਨ, ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ। ਦਿਸ਼ਾ ਹੀਣ ਅਤੇ ਮੁਦਿਆਂ ਤੋਂ ਹਟਕੇ ਇਹ ਲੋਕ ਕੁਰਸੀ ਦੀ ਦੌੜ ਵਿੱਚ ਹਨ। 
ਅੱਜ ਪੰਜਾਬ ਸਿਰ ਲੱਗ ਭੱਗ ਸਾਢੇ ਚਾਰ ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ। ਜਦੋਂ ਕਿ 1982 ਤੱਕ ਪੰਜਾਬ ਸਰਕਾਰ ਦਾ ਬਜਟ ਮੁਨਾਫ਼ੇ ਵਾਲਾ ਰਿਹਾ ਹੈ। ਸਰਕਾਰਾਂ ਅਤੇ ਪ੍ਰਬੰਧਕੀ ਢਾਂਚੇ ਦੀ ਨਲਾਇਕੀ ਕਾਰਨ ਅੱਜ ਹਰ ਪੰਜਾਬੀ ਸਵਾ ਲੱਖ ਰੁਪਏ ਦਾ ਕਰਜ਼ਾਈ ਹੈ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ, ਰੇਤਾ ਬੱਜਰੀ ਨੂੰ ਕੰਟਰੋਲ ਕਰਨ ਲਈ ਮਾਈਨਿੰਗ ਕਾਰਪੋਰੇਸ਼ਨ ਬਣਾਵਾਂਗੇ। ਸ਼ਰਾਬ ਮਾਫੀਆ ਦੀ ਅਜਾਰੇਦਾਰੀ ਖਤਮ ਕਰਕੇ ਐਕਸਾਈਜ਼ ਕਾਰਪੋਰੇਸ਼ਨਾਂ ਬਣਾਵਾਂਗੇ ਅਤੇ ਇਨ੍ਹਾਂ ਮਹਿਕਮਿਆਂ ਵਿੱਚ ਰੈਗੂਲਰ ਭਰਤੀ ਕਰਕੇ ਇਮਾਨਦਾਰ ਲੋਕਾਂ ਨੂੰ ਪ੍ਰਬੰਧਕ ਲਗਾਵਾਂਗੇ। ਗਰੀਬ ਵਰਗਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 1.51ਲੱਖ ਰੁਪਏ ਦਿੱਤੇ ਜਾਣਗੇ। ਬਜ਼ੁਰਗਾਂ, ਅੰਗਹੀਣ ਵਿਅਕਤੀਆਂ , ਬੇਸਹਾਰਾ ਔਰਤਾਂ ਅਤੇ ਪੇਂਡੂ ਚੌਕੀਦਾਰਾਂ ਨੂੰ 5100/ਰੁਪਏ ਮਹੀਨਾ ਮਾਣ ਭੱਤਾ ਦਿਆਂਗੇ ਇਸ ਵਿੱਚ ਲੱਗੀ 32000/ਰੁਪਏ ਸਲਾਨਾ ਆਮਦਨ ਖਤਮ ਕੀਤੀ ਜਾਵੇਗੀ। 8ਵੀਂ, 10ਵੀਂ, ਅਤੇ 12ਵੀਂ ਪਾਸ ਲੜਕੀਆਂ ਨੂੰ ਪਹਿਲੇ ਸਾਲ ਇੱਕ ਲੱਖ ਸਰਕਾਰੀ ਨੌਕਰੀਆਂ ਦਿਆਂਗੇ। ਪੰਜਾਬ ਵਿੱਚ ਖਾਲੀ ਪਈ ਸਵਾ ਸੱਤ ਲੱਖ ਏਕੜ ਜ਼ਮੀਨ ਨੂੰ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਬੇਜ਼ਮੀਨੇ ਲੋਕਾਂ ਨੂੰ 5-5 ਏਕੜ ਦੇ ਮਾਲਕ ਬਣਾਵਾਂਗੇ। ਸਵਿੰਧਾਨ ਦੀ 85ਵੀਂ ਸੋਧ ਲਾਗੂ ਕਰਾਂਗੇ। ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਦਾ ਬਕਾਇਆ ਅਤੇ ਕੇਂਦਰ ਸਰਕਾਰ ਦੇ ਪੈਟਰਨ ਤੇ ਬਿਨਾਂ ਦੇਰੀ ਡੀ ਏ ਦਿੱਤਾ ਜਾਵੇਗਾ । ਅਧਿਕਾਰ ਸੰਘਰਸ਼ ਪਾਰਟੀ ਦਾ 45 ਨੁਕਾਤੀ ਇਕਰਾਰਨਾਮਾ ਪਹਿਲੇ ਦੋ ਸਾਲਾਂ ਵਿੱਚ ਪੂਰਾ ਕਰਾਂਗੇ।

Posted By: GURBHEJ SINGH ANANDPURI