Nazrana Times

ਪੰਜਾਬੀ

ਜੇ ਸੰਤ ਭਿੰਡਰਾਂਵਾਲਿਆਂ ਦੀ ਇੱਕ ਤਸਵੀਰ ਲਾਹੋਗੇ ਤਾਂ ਸਿੱਖ ਹਜ਼ਾਰਾਂ ਲਾਉਣਗੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

13 Mar, 2026 06:57 PM
ਜੇ ਸੰਤ ਭਿੰਡਰਾਂਵਾਲਿਆਂ ਦੀ ਇੱਕ ਤਸਵੀਰ ਲਾਹੋਗੇ ਤਾਂ ਸਿੱਖ ਹਜ਼ਾਰਾਂ ਲਾਉਣਗੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 13 ਮਾਰਚ , ਨਜ਼ਰਾਨਾ ਟਾਈਮਜ ਬਿਊਰੋ 
ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਹੜੇ ਸਰਕਾਰੀ ਅਧਿਕਾਰੀ, ਪੁਲਿਸ ਅਫਸਰ ਨਫ਼ਰਤ ਦੀ ਭਾਵਨਾ ਤਹਿਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਿੱਖਾਂ ਦੀਆਂ ਗੱਡੀਆਂ ਤੋਂ ਉਤਾਰਨਾ ਚਾਹੁੰਦੇ ਨੇ ਤੇ ਸੰਤਾਂ ਨੂੰ ਅੱਤਵਾਦੀ ਆਖ ਰਹੇ ਨੇ ਉਹ ਬਾਜ ਆਉਣ, ਸਿੱਖ ਕੌਮ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸੰਤ ਜਰਨੈਲ ਸਿੰਘ ਖ਼ਾਲਸਾ ਪੰਥ ਦੇ ਮਹਾਂਨਾਇਕ, ਜੁਝਾਰੂ ਜਰਨੈਲ, ਕੌਮੀ ਸ਼ਹੀਦ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਸਾਡੇ ਪ੍ਰੇਰਨਾਸ੍ਰੋਤ ਹਨ। ਸੰਤਾਂ ਦੀਆਂ ਤਸਵੀਰਾਂ ਵਿਰੁੱਧ ਸਰਕਾਰੀ ਫੁਰਮਾਨਾਂ ਨੂੰ ਸਿੱਖ ਕਦੇ ਨਹੀਂ ਮੰਨਣਗੇ, ਚਾਹੇ ਪੰਜਾਬ ਹੋਵੇ ਜਾਂ ਭਾਰਤ ਦਾ ਕੋਈ ਹੋਰ ਸੂਬਾ ਹਰ ਜਗ੍ਹਾ ਉਤੇ ਸਿੱਖ ਆਪਣੇ ਘਰਾਂ, ਦੁਕਾਨਾਂ ਅਤੇ ਗੱਡੀਆਂ ਉੱਤੇ ਸੰਤਾਂ ਦੀ ਤਸਵੀਰ ਲਗਾਉਂਦੇ ਰਹਿਣਗੇ। ਉਹਨਾਂ ਕਿਹਾ ਕਿ ਜੇ ਕੋਈ ਧੱਕੇ ਨਾਲ ਸੰਤ ਭਿੰਡਰਾਂਵਾਲਿਆਂ ਦੀ ਇੱਕ ਤਸਵੀਰ ਉਤਾਰੇਗਾ ਤਾਂ ਅਸੀਂ ਹਜ਼ਾਰਾਂ ਲਾਵਾਂਗੇ ਤੇ ਤਸਵੀਰ ਨੂੰ ਹੱਥ ਪਾਉਣ ਵਾਲੇ ਦੇ ਖਿਲਾਫ ਡਟਾਂਗੇ। ਉਹਨਾਂ ਕਿਹਾ ਕਿ ਸਿੱਖਾਂ ਨੇ ਆਪਣੀਆਂ ਗੱਡੀਆਂ ਉੱਤੇ ਕਿੰਨਾ ਦੀ ਤਸਵੀਰ ਲਗਾਉਣੀ ਹੈ ਇਹ ਸਿੱਖਾਂ ਦਾ ਆਪਣਾ ਫੈਸਲਾ ਹੈ, ਅਸੀਂ ਕਦੇ ਵੀ ਹਿੰਦੂਆਂ ਨੂੰ ਸ੍ਰੀ ਰਾਮ ਚੰਦਰ, ਹਨੂੰਮਾਨ, ਸ਼ਿਵ ਜੀ ਅਤੇ ਹੋਰ ਅਵਤਾਰਾਂ ਦੀਆਂ ਤਸਵੀਰਾਂ ਲਗਾਉਣ ਤੋਂ ਰੋਕਿਆ ਨਹੀਂ ਪਰ ਹਿੰਦ ਸਰਕਾਰ, ਫ਼ਿਰਕੂ ਹਿੰਦੂਤਵੀਆਂ, ਪੁਲਿਸ ਅਫ਼ਸਰਾਂ ਤੇ ਹੋਰ ਪੰਥ ਦੋਖੀਆਂ ਵੱਲੋਂ ਸਮੇਂ-ਸਮੇਂ 'ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਸਿੱਖ ਕੌਮ ਉਤੇ ਕਿਸੇ ਹਮਲੇ ਨਾਲੋਂ ਘੱਟ ਨਹੀਂ ਹੈ। ਹਰ ਸਿੱਖ ਇਸਦੇ ਜਵਾਬ ਵਿੱਚ ਭੜਕ ਉਠੇਗਾ ਤੇ ਅਸੀਂ ਸੰਤਾਂ ਦੀਆਂ ਤਸਵੀਰਾਂ ਨਹੀਂ ਲੱਥਣ ਦਿਆਂਗੇ ਅਤੇ ਆਪਣੇ ਸ਼ਹੀਦਾਂ ਤੇ ਯੋਧਿਆਂ ਦਾ ਸਤਿਕਾਰ ਹਰ ਹੀਲੇ ਬਰਕਰਾਰ ਰੱਖਾਂਗੇ ਤੇ ਕਿਸੇ ਨੂੰ ਵੀ ਉਹਨਾਂ ਦਾ ਅਪਮਾਨ ਨਹੀਂ ਕਰਨ ਦਿਆਂਗੇ। ਉਹਨਾਂ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਸੰਤ ਭਿੰਡਰਾਂਵਾਲਿਆਂ ਤੋਂ ਵੱਖ ਨਹੀਂ ਕਰ ਸਕਦੀ, ਹਰ ਸਿੱਖ ਦੇ ਦਿਲ 'ਚ ਸੰਤ ਭਿੰਡਰਾਂਵਾਲੇ ਧੜਕਦੇ ਹਨ ਤੇ ਦਿਮਾਗ ਵਿੱਚ ਵਸੇ ਹੋਏ ਹਨ, ਵਿਦੇਸ਼ਾਂ ਵਿੱਚ ਵੀ ਸੰਤਾਂ ਦੀਆਂ ਤਸਵੀਰਾਂ ਸ਼ੋਭ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ 'ਚ ਸੰਤਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਤੇ ਅਜਾਇਬ ਘਰਾਂ ਵਿੱਚ ਤਸਵੀਰਾਂ ਸ਼ੋਭ ਰਹੀਆਂ ਹਨ। ਸੰਤਾਂ ਦੀ ਤਸਵੀਰ ਸਾਨੂੰ ਕੌਮੀ ਫਰਜਾਂ ਦਾ ਅਹਿਸਾਸ ਕਰਵਾਉਂਦੀ ਹੈ ਤੇ ਗੁਲਾਮੀ ਤੋਂ ਅਜ਼ਾਦੀ ਵੱਲ ਲਿਜਾਉਂਦੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਰਹਿੰਦੀ ਦੁਨੀਆਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਕਰੀਰਾਂ ਗੂੰਜਦੀਆਂ ਰਹਿਣਗੀਆਂ ਤੇ ਤਸਵੀਰਾਂ ਲੱਗਦੀਆਂ ਰਹਿਣਗੀਆਂ।

Posted By: GURBHEJ SINGH ANANDPURI