Nazrana Times

ਪੰਜਾਬੀ

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਵੱਲੋਂ ਪੰਥਕ ਏਕਤਾ ਲਈ ਵਿੱਢੇ ਉਪਰਾਲੇ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ਼ਲਾਘਾ

05 Oct, 2025 12:47 AM

ਅੰਮ੍ਰਿਤਸਰ, 4 ਅਕਤੂਬਰ ,ਨਜ਼ਰਾਨਾ ਟਾਈਮਜ ਬਿਊਰੋ 
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੇ ਸਤਿਕਾਰਯੋਗ ਸਪੁੱਤਰੀ ਬੀਬਾ ਸਤਵੰਤ ਕੌਰ ਜੀ ਵੱਲੋਂ ਪੰਥਕ ਏਕਤਾ ਲਈ ਸਮੂਹ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਨੂੰ ਕੀਤੀ ਅਪੀਲ ਦਾ ਭਰਪੂਰ ਸਵਾਗਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ, ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਖ਼ਾਲਸਾ ਫ਼ਤਹਿਨਾਮਾ ਦੇ ਸੰਪਾਦਕ ਭਾਈ ਰਣਜੀਤ ਸਿੰਘ, ਭਾਈ ਅੰਗਦ ਸਿੰਘ ਖ਼ਾਲਸਾ ਕਸ਼ਮੀਰ, ਭਾਈ ਮਨਪ੍ਰੀਤ ਸਿੰਘ ਖ਼ਾਲਸਾ, ਭਾਈ ਹਰਪ੍ਰੀਤ ਸਿੰਘ ਪੰਮਾ ਅਸਟਰੀਆ ਅਤੇ ਭਾਈ ਗੁਰਪ੍ਰੀਤ ਸਿੰਘ ਅਮਰੀਕਾ ਨੇ ਕਿਹਾ ਕਿ ਬੀਬਾ ਸਤਵੰਤ ਕੌਰ ਪੰਥ ਅਤੇ ਪੰਜਾਬ ਦੀ ਧੀ ਹੈ, ਉਹਨਾਂ ਦੀਆਂ ਰਗਾਂ ਵਿੱਚ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਅਤੇ ਜੂਨ 1984 ਦੇ ਘੱਲੂਘਾਰੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਕੌਮੀ ਜਰਨੈਲ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਖ਼ੂਨ ਦੌੜ ਰਿਹਾ ਹੈ, ਬੀਬੀ ਜੀ ਦੀ ਪਾਕਿ-ਪਵਿੱਤਰ, ਬੇਦਾਗ਼ ਅਤੇ ਪੰਥਕ ਸ਼ਖਸੀਅਤ ਤੋਂ ਖ਼ਾਲਸਾ ਪੰਥ ਨੂੰ ਵੱਡੀਆਂ ਆਸਾਂ ਹਨ। ਬੀਬੀ ਸਤਵੰਤ ਕੌਰ ਦੀ ਅਗਵਾਈ ਵਿੱਚ ਪੰਥਕ ਕੌਂਸਲ ਛੇਤੀ ਹੀ ਪੰਥ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜਣ ਲਈ ਸਰਗਰਮ ਹੋਏਗੀ, ਉਹਨਾਂ ਦੇ ਇਸ ਉਪਰਾਲੇ ਵਿੱਚ ਹਰੇਕ ਜਥੇਬੰਦੀ, ਪਾਰਟੀ ਅਤੇ ਸ਼ਖਸੀਅਤ ਨੂੰ ਆਪਣਾ ਪੰਥਕ ਫ਼ਰਜ਼ ਸਮਝਦਿਆਂ ਯੋਗਦਾਨ ਪਾਉਣਾ ਚਾਹੀਦਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਬਾਦਲ ਦਲ ਨੇ ਪੰਥਕ ਰਾਜਨੀਤੀ ਨੂੰ ਤਹਿਸ-ਨਹਿਸ ਅਤੇ ਗੰਧਲਾ ਕਰ ਦਿੱਤਾ ਹੈ ਜਿਸ ਦੀ ਛਵੀ ਸੁਧਾਰਨ ਵਿੱਚ ਬੀਬਾ ਸਤਵੰਤ ਕੌਰ ਜੀ ਅਹਿਮ ਰੋਲ ਅਦਾ ਕਰਨਗੇ। ਉਹਨਾਂ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਲਈ ਬਾਦਲਕਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਵੱਕਾਰ ਨੂੰ ਭਾਰੀ ਸੱਟ ਮਾਰੀ ਹੈ ਜਿਸ ਦੀ ਭਰਪਾਈ ਕਰਨੀ ਤਾਂ ਭਾਵੇਂ ਮੁਸ਼ਕਲ ਹੈ ਪਰ ਜੇਕਰ ਯਤਨ ਅਰੰਭੇ ਜਾਣ ਤਾਂ ਭਵਿੱਖ ਵਿੱਚ ਜ਼ਰੂਰ ਪੰਥ ਦੇ ਬੋਲ-ਬਾਲੇ ਅਤੇ ਪੰਥਕ ਸਿਆਸਤ ਵਿੱਚ ਖਲਬਲੀ ਮੱਚ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਪੰਥ-ਖੱਖੜੀਆਂ ਕਰੇਲੇ ਹੋ ਚੁੱਕਾ ਹੈ, ਅਕਾਲੀ ਦਲ ਵੀ ਕਈ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ, ਹਰ ਜਥੇਬੰਦੀ ਆਪਣੇ ਹਿਸਾਬ ਨਾਲ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੀ ਹੈ ਪਰ ਜੇਕਰ ਸਾਰਿਆਂ ਨੂੰ ਇੱਕ ਸਾਂਝੇ ਮੰਚ ਉੱਤੇ ਇਕੱਤਰ ਕੀਤਾ ਜਾਵੇ ਤਾਂ ਪੰਥ ਦੀ ਮਜ਼ਬੂਤੀ ਹੋਵੇਗੀ। ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਦੀਆਂ ਦੁਸ਼ਮਣ ਜਮਾਤਾਂ ਭਾਜਪਾ, ਕਾਂਗਰਸ, ਝਾੜੂ ਪਾਰਟੀ ਅਤੇ ਬਾਦਲ ਦਲ ਦਾ ਪੰਜਾਬ ਵਿੱਚੋਂ ਸਫ਼ਾਇਆ ਕਰਨ ਲਈ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ, ਸ਼ਖਸੀਅਤਾਂ, ਜਥੇਬੰਦੀਆਂ ਅਤੇ ਪਾਰਟੀਆਂ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ, ਸਿੱਖ ਕੌਮ ਦੀ ਆਜ਼ਾਦੀ, ਸਿੱਖਾਂ ਉਤੇ ਸਰੀਰਕ ਅਤੇ ਬੌਧਿਕ ਹਮਲੇ, ਨਸ਼ੇ ਅਤੇ ਪਤਿਤਪੁਣਾ, ਬੇਰੁਜ਼ਗਾਰੀ, ਕਿਸਾਨੀ ਅਤੇ ਹੜ੍ਹ ਆਦਿਕ ਕਈ ਵੱਡੇ ਮੁੱਦੇ ਹਨ ਜਿਨ੍ਹਾਂ ਦੇ ਹੱਲ ਲਈ ਸਾਂਝੇ ਉਪਰਾਲੇ ਵਿੱਢਣ ਦੀ ਲੋੜ ਹੈ। ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਪੰਥ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰਾਸ਼ਟਰੀ ਪਾਰਟੀਆਂ ਦਾ ਖਹਿੜਾ ਛੱਡ ਕੇ ਪੰਥਕ ਸੋਚ ਨੂੰ ਅਪਨਾਉਣਾ ਚਾਹੀਦਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲਈ ਬੀਬਾ ਸਤਵੰਤ ਕੌਰ ਜੀ ਦਾ ਸਾਡੇ ਵੱਲੋਂ ਡੱਟ ਕੇ ਸਾਥ ਦਿੱਤਾ ਜਾਏਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #