Nazrana Times

ਪੰਜਾਬੀ

ਤਰਨ ਤਾਰਨ ਦੇ ਨੌਸ਼ਹਿਰਾ ਪੰਨੂਆਂ ’ਚ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ, ਇਲਾਕੇ ’ਚ ਦਹਿਸ਼ਤ

21 Oct, 2026 09:32 PM

ਰਵੀ ਖਹਿਰਾ, ਤਰਨ ਤਾਰਨ | ਨਜ਼ਰਾਨਾ ਟਾਈਮਜ਼

ਤਰਨ ਤਾਰਨ, 21 ਅਕਤੂਬਰ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਕਸਬਾ ਨੌਸ਼ਹਿਰਾ ਪੰਨੂਆਂ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨੌਸ਼ਹਿਰਾ ਪੰਨੂਆਂ ਦੇ ਵਸਨੀਕ ਕੁਲਦੀਪ ਸਿੰਘ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਆਪਣੇ ਘਰੋਂ ਵਾਲ ਕਟਵਾਉਣ ਲਈ ਸੈਲੂਨ ’ਤੇ ਆਇਆ ਹੋਇਆ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੇਸ਼ੇ ਵਜੋਂ ਪੇਂਟ ਦਾ ਕੰਮ ਕਰਦਾ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੀ ਪਛਾਣ ਅਤੇ ਵਾਰਦਾਤ ਦੇ ਕਾਰਨਾਂ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਦੋ ਮਹੀਨਿਆਂ ਦੌਰਾਨ ਇਲਾਕੇ ਵਿੱਚ ਏਐੱਸਆਈ ਇਕਬਾਲ ਸਿੰਘ ਸਮੇਤ ਤਿੰਨ ਵਿਅਕਤੀਆਂ ਦੀਆਂ ਗੋਲੀਆਂ ਲੱਗਣ ਕਾਰਨ ਮੌਤਾਂ ਹੋ ਚੁੱਕੀਆਂ ਹਨ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਇਲਾਕੇ ਦੀ ਕਾਨੂੰਨ-ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

Latest News