Nazrana Times

ਪੰਜਾਬੀ

ਗੱਤਕਾ ਉਸਤਾਦ ਹਰਬੰਸ ਸਿੰਘ ਅਰੋੜਾ ਦੀ ਯਾਦ ’ਚ ਸਲਾਨਾ ਗੱਤਕਾ ਪ੍ਰਦਰਸ਼ਨੀ 4 ਅਕਤੂਬਰ ਨੂੰ ਕਰਵਾਈ ਜਾਏਗੀ : ਉਸਤਾਦ ਹਰੀ ਸਿੰਘ/ਭਾਈ ਰਣਜੀਤ ਸਿੰਘ

02 Oct, 2026 07:15 PM

ਅੰਮ੍ਰਿਤਸਰ, 2 ਅਕਤੂਬਰ (ਚਰਨਜੀਤ ਸਿੰਘ): ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਦੇ ਮੌਜੂਦਾ ਉਸਤਾਦ ਜਥੇਦਾਰ ਭਾਈ ਹਰੀ ਸਿੰਘ ਖ਼ਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਉਸਤਾਦ ਸਵ. ਭਾਈ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਸਵ. ਭਾਈ ਹਰਬੰਸ ਸਿੰਘ ਅਰੋੜਾ ਦੀ ਯਾਦ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੱਤਕਾ ਪ੍ਰਦਰਸ਼ਨੀ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਈ ਜਾਵੇਗੀ।

ਜਾਣਕਾਰੀ ਦਿੰਦਿਆਂ ਦੋਵਾਂ ਆਗੂਆਂ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਉੱਤਮ ਐਵੀਨਿਊ ’ਚ ਪਾਥੀ ਗਰਾਊਂਡ ਵਿਖੇ 4 ਅਕਤੂਬਰ ਦੀ ਸ਼ਾਮ ਨੂੰ ਗੱਤਕਾ ਪ੍ਰਦਰਸ਼ਨ ਹੋਵੇਗੀ ਜਿਸ ਵਿੱਚ ਗੱਤਕੇ ਦੀਆਂ ਵੱਖ-ਵੱਖ ਟੀਮਾਂ ਭਾਗ ਲੈਣਗੀਆਂ ਅਤੇ ਖ਼ਾਲਸਾਈ ਜੌਹਰ ਵਿਖਾਉਣਗੀਆਂ।

ਉਸਤਾਦ ਭਾਈ ਹਰੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਸਤਾਦ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਹਰਬੰਸ ਸਿੰਘ ਅਰੋੜਾ ਨੇ ਅਨੇਕਾਂ ਸਿੰਘਾਂ ਸਿੰਘਣੀਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਸੀ ਤੇ ਇਹਨਾਂ ਦੋਵਾਂ ਉਸਤਾਦਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਸਮੂਹ ਪੰਥਕ ਆਗੂਆਂ, ਗੱਤਕਾ ਉਸਤਾਦਾਂ ਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਗੱਤਕਾ ਪ੍ਰਦਰਸ਼ਨੀ ਵਿੱਚ ਪਹੁੰਚਣ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ। 

ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਉਸਤਾਦ ਹਰੀ ਸਿੰਘ ਖ਼ਾਲਸਾ ਵੱਲੋਂ ਲੰਬੇ ਸਮੇਂ ਤੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਅਨੇਕਾਂ ਸਿੰਘਾਂ ਅਤੇ ਸਿੰਘਣੀਆਂ ਨੂੰ ਨਿਸ਼ਕਾਮ ਤੌਰ ’ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰੇਕ ਸਿੱਖ ਨੂੰ ਗੁਰੂ ਸਾਹਿਬ ਦੇ ਹੁਕਮ ’ਤੇ ਪਹਿਰਾ ਦਿੰਦਿਆਂ ਅੰਮ੍ਰਿਤਧਾਰੀ, ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣਾ ਚਾਹੀਦਾ ਹੈ।

ਇਸ ਮੌਕੇ ਭਾਈ ਇੰਦਰ ਸਿੰਘ ਖ਼ਾਲਸਾ, ਜਥੇਦਾਰ ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਸੋਨੂੰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ, ਭੁਪਿੰਦਰ ਸਿੰਘ ਛੇ ਜੂਨ, ਗਗਨਦੀਪ ਸਿੰਘ ਸੁਲਤਾਨਵਿੰਡ ਹਾਜ਼ਰ ਸਨ।

Posted By: GURBHEJ SINGH ANANDPURI

Latest News