Nazrana Times

ਪੰਜਾਬੀ

ਆਸਟ੍ਰੇਲੀਆ ਵੱਸਦੇ ਹਰਕੰਵਰ ਸਿੰਘ ਸੰਧੂ ਵੱਲੋਂ ਸੁੱਚਾ ਸਿੰਘ ਯਾਦਗਾਰ ਹਾਲ ਵਿੱਚ ਆਰਓ ਸਿਸਟਮ ਤੇ ਠੰਢੇ ਪਾਣੀ ਲਈ ਕੈਂਡੀ ਦੀ ਸੇਵਾ

13 Jun, 2026 05:51 PM

ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਵੱਲੋਂ ਲੋਕ ਭਲਾਈ ਦੇ ਕਾਰਜ ਜਾਰੀ,1 ਜੁਲਾਈ ਤੋਂ ਫ੍ਰੀ ਕੋਚਿੰਗ ਸੈਂਟਰ ਦੀਆਂ ਨਵੀਆਂ ਕਲਾਸਾਂ ਹੋਣਗੀਆਂ ਸ਼ੁਰੂ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,13 ਜੂਨ

ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ,ਬਿਜਲੀ ਘਰ ਦੇ ਸਾਹਮਣੇ ਚੋਹਲਾ ਸਾਹਿਬ ਵਿਖੇ ਆਸਟ੍ਰੇਲੀਆ ਵਿੱਚ ਵੱਸਦੇ ਹਰਕੰਵਰ ਸਿੰਘ ਸੰਧੂ ਵੱਲੋਂ 60 ਹਜ਼ਾਰ ਰੁਪਏ ਦੇ ਦਾਨ ਨਾਲ ਠੰਢੇ ਪਾਣੀ ਦੀ ਕੈਂਡੀ ਅਤੇ ਪਾਣੀ ਨੂੰ ਸ਼ੁੱਧ ਕਰਨ ਲਈ ਆਰਓ ਸਿਸਟਮ ਲਗਾ ਕੇ ਦਿੱਤਾ ਗਿਆ।ਇਸ ਸਹੂਲਤ ਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕਰਦਿਆਂ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਚੰਗੀ ਸੋਚ ਦੇ ਧਾਰਨੀ ਨੌਜਵਾਨ ਅਤੇ ਬੱਚੇ ਜਿੱਥੇ ਵੀ ਵੱਸਦੇ ਹੋਣ, ਉਹ ਆਪਣੇ ਪਿੰਡ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪਿੰਡਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਅਜਿਹੀਆਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਲੋਕਾਂ ਲਈ ਹੋਰ ਵਧੀਆ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ।

ਉਨ੍ਹਾਂ ਦੱਸਿਆ ਕਿ ਇਸ ਸਥਾਨ ’ਤੇ ਇੱਕ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਵੀ ਚੱਲ ਰਿਹਾ ਹੈ,ਜਿੱਥੇ ਬਹੁਤ ਹੀ ਘੱਟ ਰੇਟਾਂ ’ਤੇ ਲੈਬ ਟੈਸਟਾਂ ਅਤੇ ਈਸੀਜੀ ਦੀ ਸਹੂਲਤ ਦਿੱਤੀ ਜਾ ਰਹੀ ਹੈ।ਇਸ ਕੇਂਦਰ ਵਿੱਚ ਰੋਜ਼ਾਨਾ ਦੂਰ-ਦੁਰਾਡੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਆਪਣੇ ਟੈਸਟ ਕਰਵਾਉਣ ਲਈ ਪਹੁੰਚਦੇ ਹਨ।

ਇਸੇ ਕੰਪਲੈਕਸ ਵਿੱਚ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਵੱਲੋਂ ਨੌਜਵਾਨਾਂ ਦੀ ਸਹੂਲਤ ਲਈ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਫ੍ਰੀ ਕੋਚਿੰਗ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਇੱਥੇ ਇਸ ਸਮੇਂ ਕਰੀਬ 50 ਵਿਦਿਆਰਥੀ ਪੰਜਾਬ ਪੁਲਿਸ ਅਤੇ ਫੌਜ ਦੀ ਭਰਤੀ ਲਈ ਕੋਚਿੰਗ ਪ੍ਰਾਪਤ ਕਰ ਰਹੇ ਹਨ।ਪਹਿਲੇ ਬੈਚ ਦਾ ਸਿਲੇਬਸ ਸਫਲਤਾਪੂਰਵਕ ਪੂਰਾ ਹੋ ਚੁੱਕਾ ਹੈ ਅਤੇ ਹੁਣ 1 ਜੁਲਾਈ ਤੋਂ ਨਵੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਸ ਮੌਕੇ ਸੁਸਾਇਟੀ ਦੇ ਖਜ਼ਾਨਚੀ ਅਮਰੀਕ ਸਿੰਘ ਨਿੱਕਾ ਚੋਹਲਾ,ਕਮੇਟੀ ਮੈਂਬਰ ਅਵਤਾਰ ਸਿੰਘ ਗਿੱਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Posted By: GURBHEJ SINGH ANANDPURI

Latest News