Nazrana Times

ਪੰਜਾਬੀ

ਬ੍ਰਹਮਪੁਰਾ ਵਲੋਂ ਪੰਜਾਬੀਆਂ ਦੀ ਸੁਰੱਖਿਆ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਸਖ਼ਤ ਨਿਖੇਧੀ

17 Jun, 2025 12:48 AM

ਕੇਜਰੀਵਾਲ ਨੂੰ ਰਾਜ ਸਭਾ ਪਹੁੰਚਾਉਣ 'ਚ ਰੁੱਝੀ ਪੰਜਾਬ ਸਰਕਾਰ- ਬ੍ਰਹਮਪੁਰਾ

ਦਿੱਲੀ ਦਰਬਾਰ ਦੀ ਗੁਲਾਮੀ 'ਚ ਡੁੱਬੀ 'ਆਪ',ਪੰਜਾਬ ਦੇ ਹਿੱਤ ਪੈਰਾਂ ਹੇਠ ਲਤਾੜੇ– ਬ੍ਰਹਮਪੁਰਾ

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ 16 ਜੂਨ 2025

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ, ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਇਸ ਗੰਭੀਰ ਦੌਰ ਵਿੱਚ ਵਿਦੇਸ਼ਾਂ ਵਿੱਚ ਫ਼ਸੇ ਪੰਜਾਬੀਆਂ ਦੀ ਸੁਰੱਖਿਆ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਘੋਰ ਜ਼ਿੰਮੇਵਾਰੀ ਤੋਂ ਭੱਜਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਸ.ਬ੍ਰਹਮਪੁਰਾ ਨੇ ਕਿਹਾ,ਮੌਜੂਦਾ ਤੱਥਾਂ ਅਨੁਸਾਰ ਇਹ ਬਿਲਕੁਲ ਸਪੱਸ਼ਟ ਹੈ ਕਿ ਇਜ਼ਰਾਈਲ ਅਤੇ ਈਰਾਨ ਦੋਵਾਂ ਦੇਸ਼ਾਂ ਵਿੱਚ ਸਾਡੇ ਪੰਜਾਬ ਦੇ ਵੱਡੀ ਗਿਣਤੀ ਨਾਗਰਿਕ ਮੌਜੂਦ ਹਨ।ਖ਼ਾਸ ਤੌਰ 'ਤੇ ਇਜ਼ਰਾਈਲ ਵਿੱਚ,ਨਰਸਾਂ, ਕੇਅਰਗਿਵਰਜ਼ ਅਤੇ ਉਸਾਰੀ ਖੇਤਰ ਦੇ ਕਾਮਿਆਂ ਵਜੋਂ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਕੰਮ ਕਰ ਰਹੇ ਹਨ।ਜੰਗ ਦੇ ਇਸ ਅਤਿਅੰਤ ਖ਼ਤਰਨਾਕ ਮਾਹੌਲ ਵਿੱਚ,ਜਦੋਂ ਉਨ੍ਹਾਂ ਦੀਆਂ ਜਾਨਾਂ ਦਾਅ 'ਤੇ ਲੱਗੀਆਂ ਹੋਈਆਂ ਹਨ,ਤਾਂ ਆਪਣੇ ਸੂਬੇ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਕਿਸੇ ਵੀ ਜ਼ਿੰਮੇਵਾਰ ਮੁੱਖ ਮੰਤਰੀ ਦੀ ਸਭ ਤੋਂ ਪਹਿਲੀ ਅਤੇ ਅਹਿਮ ਤਰਜੀਹ ਹੁੰਦੀ ਹੈ।ਉਨ੍ਹਾਂ ਅੱਗੇ ਕਿਹਾ,ਇਹ ਬੇਹੱਦ ਸ਼ਰਮਨਾਕ ਅਤੇ ਮੰਦਭਾਗਾ ਹੈ ਕਿ ਇੱਕ ਪਾਸੇ ਜਿੱਥੇ ਭਾਰਤ ਦੇ ਬਾਕੀ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਆਪਣੇ-ਆਪਣੇ ਸੂਬਿਆਂ ਦੇ ਲੋਕਾਂ ਦੀ ਵਾਪਸੀ ਅਤੇ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੇ ਹਨ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਨਿਰੰਤਰ ਤਾਲਮੇਲ ਬਣਾ ਰਹੇ ਹਨ,ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਹੀ ਲੋਕਾਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ।ਉਨ੍ਹਾਂ ਦਾ ਸਾਰਾ ਧਿਆਨ ਕੇਵਲ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ,ਉਨ੍ਹਾਂ ਨੂੰ ਰਾਜ ਸਭਾ ਪਹੁੰਚਾਉਣ ਦੇ ਇੱਕੋ-ਇੱਕ ਸਿਆਸੀ ਏਜੰਡੇ 'ਤੇ ਕੇਂਦਰਿਤ ਹੈ।ਸ.ਬ੍ਰਹਮਪੁਰਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਇਸ ਵੇਲੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਲੱਗਾ ਹੋਇਆ ਹੈ ਤਾਂ ਜੋ ਕੇਜਰੀਵਾਲ ਲਈ ਰਾਜ ਸਭਾ ਦਾ ਰਾਹ ਪੱਧਰਾ ਕੀਤਾ ਜਾ ਸਕੇ।ਉਨ੍ਹਾਂ ਅੱਗੇ ਕਿਹਾ,ਇਹ ਬੇਹੱਦ ਨਿੰਦਣਯੋਗ ਹੈ ਕਿ ਜਦੋਂ ਸਾਡੇ ਪੰਜਾਬੀ ਭਰਾ-ਭੈਣ ਵਿਦੇਸ਼ੀ ਧਰਤੀ 'ਤੇ ਚੱਲ ਰਹੀ ਜੰਗ ਦੇ ਮਾਹੌਲ ਵਿੱਚ ਫ਼ਸੇ ਹੋਏ ਹਨ,ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪੂਰੀ ਪਾਰਟੀ ਆਪਣੇ ਸਿਆਸੀ ਏਜੰਡੇ ਨੂੰ ਲੋਕਾਂ ਦੀ ਜਾਨ ਤੋਂ ਵੀ ਵੱਧ ਅਹਿਮੀਅਤ ਦੇ ਰਹੀ ਹੈ।ਆਮ ਆਦਮੀ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ।ਉਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ,ਖੇਤੀ,

ਉਦਯੋਗ ਜਾਂ ਨੌਜਵਾਨਾਂ ਦੇ ਭਵਿੱਖ ਬਾਰੇ ਚਿੰਤਤ ਨਹੀਂ ਹਨ।ਉਨ੍ਹਾਂ ਦੀ ਸਾਰੀ ਤਾਕਤ ਦਿੱਲੀ ਦੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਵਿੱਚ ਲੱਗੀ ਹੋਈ ਹੈ।ਸ.ਬ੍ਰਹਮਪੁਰਾ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਸਥਿਤੀ ਵਿੱਚ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਲਈ ਤੁਰੰਤ ਅਤੇ ਜ਼ਰੂਰੀ ਕਦਮ ਚੁੱਕਣ।ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਇਜ਼ਰਾਈਲ ਅਤੇ ਈਰਾਨ ਵਿੱਚ ਮੌਜੂਦ ਪੰਜਾਬੀਆਂ ਬਾਰੇ ਸਹੀ ਅਤੇ ਤੁਰੰਤ ਅੰਕੜੇ ਜਾਰੀ ਕਰੇ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਇੱਕ ਠੋਸ ਅਤੇ ਸਮਾਂਬੱਧ ਯੋਜਨਾ ਬਣਾਵੇ,ਭਾਵੇਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਰਹੀ ਹੋਵੇ।ਸ.ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਾਜਨੀਤਿਕ ਖੇਡ ਨੂੰ ਤੁਰੰਤ ਬੰਦ ਕਰਕੇ,ਪੰਜਾਬ ਦੇ ਲੋਕਾਂ ਦੇ ਜੀਵਨ ਦੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #