ਅਹੁਦੇ ਦਾ ਸਨਮਾਨ ਵਰਕਰਾਂ ਨੂੰ ਸਮਰਪਿਤ,ਹਲਕੇ ਦੀ ਸੇਵਾ ਮੇਰਾ ਧਰਮ-ਬ੍ਰਹਮਪੁਰਾ
ਸੀਨੀਅਰ ਆਗੂ ਮਲਕੀਤ ਸਿੰਘ ਜੋਧਪੁਰ ਨਾਲ ਪਾਰਟੀ ਦੀ ਮਜ਼ਬੂਤੀ ਅਤੇ ਹਲਕੇ ਦੇ ਵਿਕਾਸ 'ਤੇ ਚਰਚਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,14 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਗਿਆ ਅਹੁਦਾ ਅਤੇ ਮਾਣ-ਸਨਮਾਨ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਸਮਰਪਿਤ ਹੈ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਮੁੱਖ ਧਰਮ ਹੈ।ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਅਤੇ ਪੰਜਾਬ ਦੀ ਬਿਹਤਰੀ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ।ਇਹ ਵਿਚਾਰ ਉਨ੍ਹਾਂ ਨੇ ਅੱਜ ਪਿੰਡ ਬ੍ਰਹਮਪੁਰਾ ਸਥਿਤ ਰਿਹਾਇਸ਼ 'ਤੇ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਸਿੰਘ ਜੋਧਪੁਰ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਪ੍ਰਗਟ ਕੀਤੇ।ਇਸ ਮੌਕੇ ਸ.ਜੋਧਪੁਰ ਨੇ ਸਾਬਕਾ ਵਿਧਾਇਕ ਬ੍ਰਹਮਪੁਰਾ ਨੂੰ ਮੀਤ ਪ੍ਰਧਾਨ ਬਣਨ 'ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ,ਮੈਂ ਮਲਕੀਤ ਸਿੰਘ ਵਰਗੇ ਆਪਣੇ ਸਾਰੇ ਸੀਨੀਅਰ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਹੌਂਸਲਾ ਦੇਣ ਲਈ ਪਹੁੰਚ ਰਹੇ ਹਨ। ਮੇਰਾ ਕੰਮ ਦੋ-ਪੱਖੀ ਹੈ।ਪਹਿਲਾ,ਆਪਣੇ ਹਲਕੇ ਖਡੂਰ ਸਾਹਿਬ ਦੀ ਹਰ ਗਲੀ,ਹਰ ਪਿੰਡ ਦੀ ਸਮੱਸਿਆ ਨੂੰ ਸਮਝਣਾ ਤੇ ਉਸਦਾ ਹੱਲ ਕਰਨਾ ਅਤੇ ਦੂਜਾ,ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੰਜਾਬ-ਪੱਖੀ ਏਜੰਡੇ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ।ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਹਲਕੇ ਦੇ ਬੁਨਿਆਦੀ ਢਾਂਚੇ, ਸਿਹਤ ਸਹੂਲਤਾਂ ਅਤੇ ਨੌਜਵਾਨਾਂ ਦੇ ਰੁਜ਼ਗਾਰ ਵਰਗੇ ਅਹਿਮ ਮੁੱਦਿਆਂ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੁਣੌਤੀਆਂ ਲਈ ਕੇਡਰ ਨੂੰ ਤਿਆਰ ਕਰਨ ਦੀ ਰਣਨੀਤੀ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
Posted By: GURBHEJ SINGH ANANDPURI