Nazrana Times

ਪੰਜਾਬੀ

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦਾ ਖ਼ੌਫ਼...

09 Feb, 2026 11:20 PM

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਤਕਰੀਰਾਂ ਅਤੇ ਤਸਵੀਰਾਂ ਤੋਂ ਅੱਜ ਵੀ ਹਕੂਮਤਾਂ ਡਰਦੀਆਂ ਨੇ। ਹਿੰਦ ਹਕੂਮਤ, ਸੂਬਾ ਸਰਕਾਰ, ਸਿਆਸੀ ਆਗੂ, ਪੁਲਿਸ ਅਤੇ ਹੋਰ ਪੰਥ ਦੋਖੀ ਨਹੀਂ ਚਾਹੁੰਦੇ ਕਿ ਸਿੱਖ ਕੌਮ, ਸੰਤ ਭਿੰਡਰਾਂਵਾਲਿਆਂ ਦੀ ਸੋਚ ਦੀ ਪਹਿਰੇਦਾਰ ਬਣੇ। ਉਹ ਸੰਤਾਂ ਦੀ ਤਸਵੀਰ ਨੂੰ ਹਊਆ, ਅਪਰਾਧ ਅਤੇ ਜੁਰਮ ਵਜੋਂ ਵੇਖਦੇ ਨੇ ਤੇ ਇਸ ਬਹਾਨੇ ਸਿੱਖ ਨੌਜਵਾਨਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ, ਪਰਚੇ ਵੀ ਪਾ ਦਿੱਤੇ ਜਾਂਦੇ ਨੇ ਤੇ ਤਸ਼ੱਦਦ ਦਾ ਸ਼ਿਕਾਰ ਵੀ ਬਣਾਇਆ ਜਾਂਦਾ ‌ਹੈ। ਅਜਿਹਾ ਹੀ ਮਾਮਲਾ ਪਿਛਲੇ ਦਿਨੀਂ ਲੁਧਿਆਣਾ 'ਚ ਸਾਹਮਣੇ ਆਇਆ ਜਦੋਂ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਗੱਡੀ 'ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਣ ਕਰਕੇ ਥਾਣੇ ਲਿਜਾ ਕੇ ਤਸ਼ੱਦਦ ਢਾਹਿਆ ਗਿਆ। ਜਿਸ ਵਹਿਸ਼ੀਆਨਾ ਢੰਗ ਨਾਲ ਪੁਲਸੀਆਂ ਨੇ ਨੌਜਵਾਨ ਨਾਲ ਸਲੂਕ ਕੀਤਾ, ਖ਼ੂਨ ਨਾਲ ਲੱਥ-ਪੱਥ ਕੀਤਾ, ਨਹੁੰ ਵੀ ਖਿੱਚ ਦਿੱਤੇ ਤੇ ਕਹਿੰਦੇ ਰਹੇ ਕਿ "ਕੱਢਦੇ ਆ ਤੇਰੇ 'ਚੋਂ ਭਿੰਡਰਾਂਵਾਲਾ।" ਇਸ ਤੋਂ ਸਪੱਸ਼ਟ ਹੋ ਗਿਆ ਕਿ ਇਨ੍ਹਾਂ ਪੁਲਸੀਆਂ 'ਚੋਂ ਅਜੇ ਬੁੱਚੜਪੁਣਾ ਨਹੀਂ ਨਿਕਲਿਆ। ਇਹ ਬੁੱਚੜ ਕੇ.ਪੀ.ਐਸ. ਗਿੱਲ, ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਦੇ ਹੀ ਵਾਰਸ ਨੇ। ਯਾਦ ਕਰੋ ਉਹ ਦਿਨ ਜਦੋਂ ਹਕੂਮਤ ਪਾਸੋਂ ਇਨਾਮ, ਸਟਾਰ, ਫੀਤੀਆਂ ਤੇ ਹੋਰ ਲਾਲਚਾਂ ਲਈ ਇਹ ਬੁੱਚੜ ਪੁਲਸੀਏ ਪੰਜਾਬ ਦੇ ਪਿੰਡਾਂ-ਸ਼ਹਿਰਾਂ 'ਚੋਂ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਘਰਾਂ, ਦੁਕਾਨਾਂ ਤੇ ਖੇਤਾਂ 'ਚੋਂ ਚੁੱਕ ਕੇ ਜ਼ਾਲਮਾਨਾ ਕਹਿਰ ਢਾਹੁੰਦੇ ਸਨ। ਇਹਨਾਂ ਨੇ ਤਾਂ ਮੁਗਲ ਹਾਕਮਾਂ ਔਰੰਗਜ਼ੇਬ, ਮੀਰ ਮੰਨੂ, ਫ਼ਰੁਖਸੀਅਰ, ਜ਼ਕਰੀਆ ਖ਼ਾਂ ਤੇ ਲੱਖਪਤ ਰਾਏ ਨੂੰ ਵੀ ਮਾਤ ਪਾ ਦਿੱਤੀ ਸੀ ਤੇ ਅੰਗਰੇਜ਼ਾਂ ਦੇ ਜ਼ੁਲਮ ਵੀ ਇਹਨਾਂ ਅੱਗੇ ਬੌਣੇ ਪੈ ਗਏ ਸਨ। ਸਿੱਖ ਪਰਿਵਾਰਾਂ 'ਚ ਜਨਮੇ ਇਹਨਾਂ ਬੁੱਚੜ ਪੁਲਸੀਆਂ ਨੇ ਸਿੱਖੀ ਨਾਲ਼ ਦੁਸ਼ਮਣੀ ਕਮਾਈ ਤੇ ਹਕੂਮਤ ਦੇ ਸੰਦ ਬਣ ਕੇ ਆਪਣੇ ਹੀ ਭਰਾਵਾਂ ਦਾ ਖ਼ੂਨ ਪੀਂਦੇ ਰਹੇ। ਓਦੋਂ ਪੁਲਿਸ ਬੰਦੇ ਮਾਰਨ ਵਾਲ਼ੀ ਇੱਕ ਮਸ਼ੀਨ ਬਣ ਚੁੱਕੀ ਸੀ, ਪੁਲਸੀਆਂ ਦੇ ਮੂੰਹ ਨੂੰ ਲੱਗਾ ਸਿੱਖਾਂ ਦਾ ਖ਼ੂਨ ਅਜੇ ਤੱਕ ਨਹੀਂ ਉੱਤਰਿਆ, ਤਾਂਹੀ ਤਾਂ ਇਹ ਹੋਰ ਨੌਜਵਾਨਾਂ ਦਾ ਸ਼ਿਕਾਰ ਖੇਡਣ ਲਈ ਕਾਹਲੇ ਹਨ। ਜਿੰਨਾ ਪੁਲਿਸ ਵਾਲ਼ਿਆਂ ਨੂੰ ਬੜੇ ਚੰਗੇ, ਇਮਾਨਦਾਰ ਤੇ ਸਿੱਖ-ਪ੍ਰਸਤ ਸਮਝਿਆ ਜਾਂਦਾ ਹੈ ਉਹ ਵੀ ਸਿੱਖਾਂ ਖ਼ਿਲਾਫ਼ ਭੁਗਤਣ ਲੱਗਿਆਂ ਦੇਰ ਨਹੀਂ ਲਾਉਂਦੇ, ਬੜੇ ਕੇਸਾਂ 'ਚ ਅਜਿਹਾ ਵੇਖਿਆ ਹੈ। ਇਹ ਪੁਲਿਸ ਵਾਲ਼ਿਆਂ ਦੇ ਮਨਾਂ 'ਚ ਸਿੱਖੀ ਪ੍ਰਤੀ, ਸਿੱਖ ਜੁਝਾਰੂਆਂ ਪ੍ਰਤੀ ਤੇ ਪੰਥ-ਪ੍ਰਸਤ ਨੌਜਵਾਨਾਂ ਪ੍ਰਤੀ ਐਨੀ ਨਫ਼ਰਤ ਕੌਣ ਭਰਦਾ ਹੈ ? ਸਿੱਧਾ ਜਵਾਬ ਹੈ ਕਿ ਓਹੀ ਸਿਸਟਮ ਜਿਸ ਦੇ ਅਧੀਨ ਇਹ ਨੌਕਰੀਆਂ ਕਰਦੇ ਹਨ। ਇਹ ਭਾਰਤੀ ਨਿਜ਼ਾਮ, ਸੰਵਿਧਾਨ, ਕਾਨੂੰਨ, ਸਿਸਟਮ ਤੇ ਹੋਰ ਸਾਰਾ ਤਾਣਾ-ਬਾਣਾ ਸਿੱਖਾਂ ਵਿੱਚੋਂ ਸਿੱਖੀ ਕੱਢਣਾ ਚਾਹੁੰਦੇ ਨੇ। ਇਹ ਚਾਹੁੰਦੇ ਨੇ ਕਿ ਸੰਤ ਭਿੰਡਰਾਂਵਾਲਿਆਂ ਨੂੰ ਸਿੱਖ ਆਪਣਾ ਨਾਇਕ ਨਾ ਮੰਨਣ, ਕਿਉਂਕਿ ਸੰਤਾਂ ਨੇ ਹੀ ਇਸ ਹਕੂਮਤ ਦਾ ਕੋਝਾ ਚਿਹਰਾ ਦੁਨੀਆਂ ਭਰ 'ਚ ਨੰਗਾ ਕੀਤਾ ਸੀ ਤੇ ਸਿੱਖਾਂ ਨੂੰ ਆਪਣੇ ਧਰਮ, ਇਤਿਹਾਸ, ਵਿਰਸੇ, ਸਿਧਾਂਤ, ਸੱਭਿਆਚਾਰ, ਪ੍ਰੰਪਰਾਵਾਂ ਨਾਲ ਜੋੜਿਆ ਅਤੇ 'ਜੀਣਾ ਅਣਖ਼ ਨਾਲ, ਮਰਨਾ ਧਰਮ ਲਈ' ਹੋਕਾ ਦਿੰਦਿਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਅਜ਼ਾਦੀ ਦਾ ਸਿੱਧਾ ਰਾਹ ਵਿਖਾਇਆ ਸੀ ਜਿਸ ਤੋਂ ਸਰਕਾਰ ਐਨੀ ਬੁਖਲਾਹਟ ਵਿੱਚ ਆਈ ਸੀ ਕਿ ਸੰਤਾਂ ਨੂੰ ਖ਼ਤਮ ਕਰਨ ਲਈ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ। ਸੰਤਾਂ ਦੇ ਜਿਉਂਦੇ-ਜੀਅ ਉਹਨਾਂ ਦੀਆਂ ਤਕਰੀਰਾਂ ਅਤੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਤੋਂ ਪੰਥ ਦੋਖੀ ਐਨਾ ਖ਼ੌਫ਼ ਖਾਂਦੇ ਹਨ ਕਿ ਇਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਕਦੇ ਹਰਿਆਣੇ ਦਾ ਮੁੱਖ ਮੰਤਰੀ, ਕਦੇ ਹਿਮਾਚਲ ਦਾ ਮੁੱਖ ਮੰਤਰੀ ਤੇ ਕਦੇ ਪੰਜਾਬ ਦਾ ਮੁੱਖ ਮੰਤਰੀ ਵੀ ਸੰਤਾਂ ਦੀ ਤਸਵੀਰ ਤੋਂ ਘਾਬਰ ਜਾਂਦਾ ਹੈ, ਹਿੰਦੂਤਵੀ ਸ਼ਿਵ ਸੈਨਿਕ ਤਾਂ ਆਪਣੀਆਂ ਪੈਂਟਾਂ ਗਿੱਲੀਆਂ ਕਰ ਲੈਂਦੇ ਹਨ। ਸਰਕਾਰਾਂ ਤੇ ਪੰਥ ਦੋਖੀਆਂ ਨੂੰ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੇ ਪਹਿਰੇਦਾਰ ਸਿੱਖਾਂ ਵਿੱਚੋਂ ਸੰਤ ਭਿੰਡਰਾਂਵਾਲੇ ਹੀ ਨਜ਼ਰ ਆਉਂਦੇ ਹਨ ਤਾਂਹੀ ਤਾਂ ਉਹਨਾਂ ਨੂੰ ਦਬਾਉਣ, ਡਰਾਉਣ, ਧਮਕਾਉਣ ਤੇ ਮੁਕਾਉਣ ਲਈ ਤਿਆਰ ਰਹਿੰਦੇ ਨੇ। ਪਰ ਹਕੂਮਤਾਂ ਅਤੇ ਪੁਲਸੀਏ ਇਹ ਯਾਦ ਰੱਖਣ ਕਿ ਜਿਵੇਂ ਤੁਹਾਡੇ ਵਿੱਚੋਂ ਬੁੱਚੜਪੁਣਾ ਨਹੀਂ ਨਿਕਲਿਆ ਇਸੇ ਤਰ੍ਹਾਂ ਸਿੱਖਾਂ ਵਿੱਚੋਂ ਵੀ ਸੰਤ ਭਿੰਡਰਾਂਵਾਲੇ ਕਦੇ ਨਹੀਂ ਨਿਕਲ ਸਕਦੇ, ਸੰਤਾਂ ਦੀਆਂ ਤਸਵੀਰਾਂ ਸਾਡੇ ਦਿਲਾਂ, ਘਰਾਂ ਅਤੇ ਗੱਡੀਆਂ ਦਾ ਸ਼ਿੰਗਾਰ ਬਣਦੀਆਂ ਰਹਿਣਗੀਆਂ। ਤੁਹਾਡਾ ਕੋਈ ਵੀ ਜ਼ੁਲਮ ਸਾਨੂੰ ਝੁਕਾ ਨਹੀਂ ਸਕਦਾ। ਸੰਤਾਂ ਦੀ ਤਸਵੀਰ ਸਿੱਖ ਨੌਜਵਾਨਾਂ ਨੂੰ ਆਪਣੇ ਪੰਥਕ ਫ਼ਰਜ਼ ਅਦਾ ਕਰਨ ਲਈ ਹਮੇਸ਼ਾਂ ਪ੍ਰੇਰਦੀ ਰਹੇਗੀ।

        ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
           ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #