Nazrana Times

ਪੰਜਾਬੀ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਫਿਲਮ ਦਿਖਾਈ

05 Aug, 2026 02:08 PM

ਪਿਛਲੇ 10 ਸਾਲਾਂ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ – ਭਾਈ ਮਨਜੀਤ ਸਿੰਘ ਖਾਲਸਾ

ਅੱਪਰਾ, 4 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ, ਪਿੰਡ ਛੋਕਰਾਂ ਵਿਖੇ ਵੱਡੀ ਸਕਰੀਨ 'ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ ਅਧਾਰਤ ਧਾਰਮਿਕ ਫਿਲਮ *ਇਹ ਜਨਮ ਤੁਮਾਹਰੇ ਲੇਖੇ* ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ।
ਇਸ ਮੌਕੇ ਪਿੰਡ ਦੇ ਸਰਪੰਚ ਕਿਰਪਾਲ ਸਿੰਘ ਪਾਲੀ ਨੇ ਸੰਬੋਧਨ ਕਰਦਿਆਂ ਭਾਈਚਾਰਕ ਸਾਂਝ, ਆਪਸੀ ਪਿਆਰ ਅਤੇ ਇਕਜੁੱਟਤਾ ਦਾ ਸੰਦੇਸ਼ ਦਿੱਤਾ ਅਤੇ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਪੰਚ ਰਣਜੀਤ ਸਿੰਘ ਖਾਲਸਾ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਬੇਗਮਪੁਰਾ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਤਾਂ ਜੋ ਉਹ ਪੜ੍ਹ-ਲਿਖ ਕੇ ਉੱਚੇ ਅਹੁਦਿਆਂ 'ਤੇ ਪਹੁੰਚਣ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ।
ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਮਨਜੀਤ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੁਸਾਇਟੀ ਪਿਛਲੇ 10 ਸਾਲਾਂ ਤੋਂ ਲਗਾਤਾਰ ਪਿੰਡ-ਪਿੰਡ ਜਾ ਕੇ ਵੱਡੀ ਸਕਰੀਨ 'ਤੇ ਧਾਰਮਿਕ ਫਿਲਮਾਂ ਦਿਖਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰੂ ਘਰਾਂ ਅਤੇ ਗੁਰਮਤਿ ਨਾਲ ਜੋੜਨਾ ਹੈ। 
ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਦੇ ਸੇਵਾਦਾਰਾਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵਿੱਚ ਦੁੱਧ ਦਾ ਅਤੁੱਟ ਲੰਗਰ ਵਰਤਾਇਆ ਗਿਆ।

Posted By: GURBHEJ SINGH ANANDPURI

Latest News