ਕੀ ਰਾਜਾ ਵੜਿੰਗ ਕਰੇਗਾ ਪੰਜਾਬ ਚੋਂ ਕਾਂਗਰਸ ਦਾ ਸਫਾਇਆ ?
ਇਸ ਸਮੇਂ ਕਾਂਗਰਸ ਪਾਰਟੀ ਵਿੱਚ ਪੂਰਾ ਘਮਸਾਨ ਮੱਚਿਆ ਹੋਇਆ ਹੈ। ਕਾਂਗਰਸ ਦੀ ਦਿੱਲੀ ਹਾਈ ਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁੜ ਪੰਜਾਬ ਪ੍ਰਧਾਨਗੀ ਪੱਕੀ ਕਰ ਦਿੱਤੀ ਸੀ ਜਿਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਆਗੂਆਂ ਵਿੱਚ ਰੋਹ ਅਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਹ ਗੱਲ ਤਾਂ ਪੱਕੀ ਹੈ ਕਿ ਜੇਕਰ ਰਾਜੇ ਵੜਿੰਗ ਦੇ ਕੋਲ ਕਾਂਗਰਸ ਦੀ ਪ੍ਰਧਾਨਗੀ ਰਹੀ ਤਾਂ ਕਾਂਗਰਸ ਦਾ ਪੰਜਾਬ ਵਿੱਚੋਂ ਪੂਰਨ ਸਫਾਇਆ ਹੋ ਜਾਏਗਾ। ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਰਾਜਾ ਵੜਿੰਗ ਨੂੰ ਹੀ ਪ੍ਰਧਾਨ ਬਣਾਈ ਰੱਖੇ ਤੇ ਚਰਨਜੀਤ ਸਿੰਘ ਚੰਨੀ ਤੇ ਹੋਰ ਕਾਂਗਰਸੀ ਆਗੂਆਂ ਨੂੰ ਨੁੱਕਰੇ ਲਾ ਕੇ ਰੱਖੇ ਤਾਂ ਜੋ ਆਉਂਦੇ ਸਾਲਾਂ ਵਿੱਚ ਕਾਂਗਰਸ ਦਾ ਨਾਮੋ-ਨਿਸ਼ਾਨ ਮਿਟ ਜਾਵੇ। ਇਸ ਕਾਂਗਰਸ ਨੇ ਸਿੱਖਾਂ ਅਤੇ ਪੰਜਾਬ ਨੂੰ ਬਥੇਰੇ ਦਰਦ ਦਿੱਤੇ ਨੇ ਜੋ ਕਦੇ ਭੁਲਾਏ ਨਹੀਂ ਜਾ ਸਕਦੇ।
ਅੱਜ ਜਦੋਂ ਦਿਲਜੀਤ ਦੁਸਾਂਝ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨ 'ਤੇ ਅਧਾਰਿਤ 'ਸਤਲੁਜ' ਫ਼ਿਲਮ ਦੇ ਕਰਕੇ ਸਿੱਖਾਂ ਉੱਤੇ ਹੋਏ ਜਿਨ੍ਹਾਂ ਬੇਤਹਾਸ਼ਾ ਜ਼ੁਲਮਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਲਾਸ਼ਾਂ ਦੀ ਚਰਚਾ ਚੱਲ ਰਹੀ ਹੈ ਇਹ ਸਭ ਕਾਂਗਰਸ ਨੇ ਹੀ ਸਾਡੀ ਝੋਲੀ ਵਿੱਚ ਪਾਏ ਸਨ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਵੀ ਕਿਹਾ ਸੀ ਕਿ "ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਦਾ ਇੱਕ ਵੀ ਪੱਤਾ ਹਰਾ ਨਹੀਂ ਰਹੇਗਾ।"
ਤੇ ਹੁਣ ਕਾਂਗਰਸ ਦਿਨੋਂ-ਦਿਨ ਆਪਣੇ ਪਤਨ ਵੱਲ ਜਾ ਰਹੀ ਹੈ। ਹੁਣ ਤਾਂ ਪੰਜਾਬ ਵਾਲੇ ਕਾਂਗਰਸੀ ਆਗੂ ਖੁੱਲ੍ਹੇ ਦਿਲ ਨਾਲ ਇਹ ਗੱਲ ਮੰਨਦੇ ਹਨ ਕਿ ਇੰਦਰਾ ਗਾਂਧੀ ਅਤੇ ਕਾਂਗਰਸ ਸਰਕਾਰ ਦੀ ਜੂਨ 1984 ਵਿੱਚ ਵੱਡੀ ਗਲਤੀ ਸੀ ਤੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਾਂਗਰਸ ਨੇ ਵੱਡਾ ਪਾਪ ਕੀਤਾ ਹੈ। ਇੰਦਰਾ ਗਾਂਧੀ ਦਾ ਪੋਤਾ ਰਾਹੁਲ ਗਾਂਧੀ ਅਤੇ ਕੋਈ ਹੋਰ ਸੀਨੀਅਰ ਆਗੂ ਵੀ ਦੱਬੀ ਆਵਾਜ਼ ਨਾਲ ਕਾਂਗਰਸ ਵੱਲੋਂ ਸਿੱਖਾਂ ਉੱਤੇ ਵਪਰਾਏ ਘੱਲੂਘਾਰੇ ਤੇ ਨਸਲਕੁਸ਼ੀ ਬਾਰੇ ਪਛਤਾਵਾ ਕਰਦੇ ਹਨ ਤੇ ਕਦੇ ਸ੍ਰੀ ਦਰਬਾਰ ਸਾਹਿਬ ਆ ਕੇ ਅਤੇ ਕਦੇ ਸਿੱਖਾਂ ਦੇ ਹੱਕ ਵਿੱਚ ਬਿਆਨ ਦੇ ਕੇ ਇਹ ਜਚਾਉਣ ਦਾ ਯਤਨ ਕਰਦੇ ਨੇ ਕਿ ਉਹ ਸਿੱਖਾਂ ਦੇ ਹਮਾਇਤੀ ਨੇ ਪਰ ਸੂਝਵਾਨ ਤੇ ਪੰਥ ਦਰਦੀ ਸਿੱਖ ਇਨ੍ਹਾਂ ਸਿਆਸੀ ਪਾਰਟੀਆਂ ਤੇ ਆਗੂਆਂ ਦੇ ਭਰਮ ਵਿੱਚ ਨਹੀਂ ਫਸਦੇ, ਪਰ ਸਿਆਸੀ ਸਿੱਖ ਜ਼ਰੂਰ ਕਾਂਗਰਸ ਦਾ ਝੰਡਾ ਚੁੱਕੀ ਫਿਰਦੇ ਹਨ। ਇਸੇ ਤਰ੍ਹਾਂ ਭਾਜਪਾ, ਬਾਦਲਕਿਆਂ ਤੇ ਝਾੜੂ ਵਾਲਿਆਂ ਨੇ ਵੀ ਸਿੱਖਾਂ ਨੂੰ ਭਰਮਾਇਆ ਪਰ ਪੰਥ ਅਤੇ ਪੰਜਾਬ ਦਾ ਕੱਖ ਨਹੀਂ ਸਵਾਰਿਆ।
ਜੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਹ ਤਾਂ ਅਜੇ ਵੀ ਸਿੱਖਾਂ ਪ੍ਰਤੀ ਨਫ਼ਰਤ ਪਾਲੀ ਬੈਠਾ ਹੈ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਪ੍ਰਤੀ ਈਰਖਾ ਨਾਲ ਭਰਿਆ ਪਿਆ ਹੈ, ਜੁਝਾਰੂ ਸਿੰਘਾਂ ਨੂੰ ਅੱਤਵਾਦੀ ਆਖਦਾ ਹੈ, ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨੀ ਬੈਠਾ ਹੈ ਤੇ ਉਸ ਦੀ ਤਸਵੀਰ ਵਾਲੀ ਟੀ-ਸ਼ਰਟ ਪਾਉਂਦਾ ਹੈ, ਪੰਜਾਬੀ ਬੋਲੀ ਨਾਲ ਵੀ ਨਫ਼ਰਤ ਕਰਦਾ ਹੈ ਜੋ ਚੋਣ ਪ੍ਰਚਾਰ ਸਮੇਂ ਉਸ ਦੇ ਕੀਤੇ ਭਾਸ਼ਣ ਗਵਾਹ ਹਨ ਜਿੱਥੇ ਉਸ ਨੇ ਹਿੰਦੂਆਂ ਨੂੰ ਭੜਕਾਉਣ ਦਾ ਯਤਨ ਕੀਤਾ ਕਿ ਖਾੜਕੂਵਾਦ ਸਮੇਂ ਸਿੱਖ ਆਖਦੇ ਸਨ ਕਿ ਸਭ ਪਾਸੇ ਪੰਜਾਬੀ ਲਿਖੋ। ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਰਾਜੇ ਵੜਿੰਗ ਨੇ ਭਾਸ਼ਣ ਕਰਕੇ ਜੋ ਆਪਣਾ ਤੇ ਕਾਂਗਰਸ ਪਾਰਟੀ ਦਾ ਜਲੂਸ ਕਢਵਾਇਆ ਤੇ ਆਪਣੇ ਉਮੀਦਵਾਰ ਦੀ ਤੁਲਨਾ ਪਿੰਡ ਦੇ ਕੁੱਤੇ ਨਾਲ ਕਰ ਗਿਆ।
ਰਾਜੇ ਵੜਿੰਗ ਨੂੰ ਲੱਗਦਾ ਹੈ ਕਿ ਹੁਣ ਉਹ ਪੱਗ ਬੰਨ੍ਹ ਕੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਏਗਾ। ਮੁੱਖ ਮੰਤਰੀ ਤਾਂ ਦੂਰ ਦੀ ਗੱਲ, ਜੇ ਇਹੀ ਪ੍ਰਧਾਨ ਰਿਹਾ ਜਾਂ ਇਹੋ ਜਿਹੇ ਹੋਰ ਆਗੂ ਕਾਂਗਰਸ ਪਾਰਟੀ ਵਿੱਚ ਰਹੇ ਤਾਂ ਪਿੰਡਾਂ ਵਿੱਚੋਂ ਇਹਨਾਂ ਨੂੰ ਜੁੱਤੀਆਂ ਜ਼ਰੂਰ ਪਿਆ ਕਰਨਗੀਆਂ। ਰਾਜਾ ਵੜਿੰਗ ਵਿੱਚ ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਦੀ ਬਦਕਾਰ ਰੂਹ ਬੋਲਦੀ ਹੈ, ਕਾਂਗਰਸ ਦਾ ਮੁੱਖ ਮੰਤਰੀ ਬਣ ਕੇ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਉਸ ਤੋਂ ਤਾਂ ਕਾਂਗਰਸੀ ਵੀ ਦੁਖੀ ਸਨ ਤੇ ਹੁਣ ਓਹੀ ਕੈਪਟਨ ਭਾਜਪਾ ਦਾ ਝੋਲਾ ਚੁੱਕੀ ਫਿਰਦਾ ਹੈ। ਇਹਨਾਂ ਸਿਆਸੀ ਆਗੂਆਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ। ਲੋਕ ਚਰਚਾ ਹੈ ਕਿ ਕਾਂਗਰਸ ਨੂੰ ਪੰਜਾਬ ਵਿੱਚੋਂ ਇਸ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਕੋਈ ਨਹੀਂ ਬਚਾ ਸਕਦਾ। ਕਾਂਗਰਸ ਅਤੇ ਭਾਜਪਾ ਦੀ ਸਿਆਸੀ ਨੀਤੀ ਪੰਜਾਬ ਵਿੱਚ ਜੱਟਵਾਦ ਅਤੇ ਦਲਿਤਵਾਦ ਨੂੰ ਵੀ ਬੜਾਵਾ ਦੇ ਰਹੀ ਹੈ ਜੋ ਪੰਜਾਬ ਵਿੱਚ ਖਾਨਾਜੰਗੀ ਦਾ ਕਾਰਨ ਬਣੇਗੀ।
ਅੱਜ ਲੋੜ ਹੈ ਕਿ ਦਿੱਲੀ ਤੋਂ ਚੱਲਣ ਵਾਲੀਆਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ, ਬਾਦਲ ਦਲ ਅਤੇ ਝਾੜੂ ਵਾਲਿਆਂ ਨੂੰ ਨਕਾਰ ਕੇ ਪੰਥ ਅਤੇ ਪੰਜਾਬ ਨੂੰ ਸਮਰਪਿਤ ਧਿਰਾਂ ਤੇ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਸਮੁੱਚੀਆਂ ਪੰਥਕ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋਣ ਤੇ ਹਰ ਇਲਾਕੇ ਵਿੱਚ ਇੱਕ ਸਾਂਝਾ ਪੰਥਕ ਉਮੀਦਵਾਰ ਉਤਾਰਨ। ਜੇ ਅਜਿਹਾ ਨਹੀਂ ਹੁੰਦਾ ਤਾਂ 2027 ਤੋਂ ਬਾਅਦ ਵੀ ਸਿੱਖਾਂ ਤੇ ਪੰਜਾਬੀਆਂ ਦੀ ਖੱਜਲ ਖੁਆਰੀ ਜਾਰੀ ਰਹੇਗੀ।
ਰਣਜੀਤ ਸਿੰਘ ਦਮਦਮੀ ਟਕਸਾਲ ,(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ