ਸੱਤਾ ਦੇ ਨਸ਼ੇ 'ਚ ਚੂਰ ‘ਆਪ’ ਸਰਕਾਰ ਦੇ ਦਬਾਅ ਹੇਠ ਗਰੀਬ ਮਜ਼ਦੂਰ ਵੱਲੋਂ ਜ਼ਹਿਰ ਨਿਗਲਣ ਦੀ ਘਟਨਾ ਬੇਹੱਦ ਸ਼ਰਮਨਾਕ ਅਤੇ ਅਫ਼ਸੋਸਜਨਕ: ਡਾ. ਅਵਤਾਰ ਸਿੰਘ ਕਰੀਮਪੁਰੀ
ਸਵਾਲ ਪੁੱਛਣ 'ਤੇ ਗਰੀਬ ਦਲਿਤ ਮਜ਼ਦੂਰ ਨੂੰ ਪੁਲਿਸ ਅਤੇ ਸਰਕਾਰੀ ਗੁੰਡਿਆਂ ਤੋਂ ਧਮਕਾਉਣਾ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ: ਬਸਪਾ ਪ੍ਰਧਾਨ
ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਤੱਕ ਨਾ ਹੋਣਾ ‘ਆਪ’ ਦੇ ਦਿੱਲੀ/ਪੰਜਾਬ ਮਾਡਲ ਦੇ ਝੂਠੇ ਦਾਅਵਿਆਂ ਦੀ ਖੋਲ੍ਹਦਾ ਹੈ ਪੋਲ
ਅੱਪਰਾ, 8 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)
ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਅਤੇ 'ਪੰਜਾਬ ਸੰਭਾਲੋ ਮੁਹਿੰਮ' ਦੇ ਆਗੂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਵਣਜਾਰਾ ਦੇ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਸਰਕਾਰੀ ਧੱਕੇਸ਼ਾਹੀ ਤੋਂ ਤੰਗ ਆ ਕੇ ਸਲਫਾਸ ਦੀ ਗੋਲੀ ਖਾ ਕੇ ਆਤਮਹੱਤਿਆ ਦੀ ਕੋਸ਼ਿਸ਼ ਕਰਨ ਦੀ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਡਾ. ਕਰੀਮਪੁਰੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਲੰਘੀ 6 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦੌਰੇ ਦੌਰਾਨ ਜਦੋਂ ਪਿੰਡ ਦੇ ਇੱਕ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਨੇ ਆਪਣੇ ਪੁੱਤਰ ਦੇ ਨਸ਼ੇੜੀ ਹੋਣ ਅਤੇ ਭਤੀਜੇ ਦੀ ਨਸ਼ੇ ਨਾਲ ਹੋਈ ਮੌਤ ਦਾ ਦੁੱਖ ਬਿਆਨ ਕਰਦਿਆਂ ਸਰਕਾਰ ਦੇ 'ਨਸ਼ਾ ਮੁਕਤੀ' ਦੇ ਝੂਠੇ ਦਾਅਵਿਆਂ 'ਤੇ ਸਵਾਲ ਚੁੱਕਿਆ, ਤਾਂ ਮੰਤਰੀ ਸਾਹਿਬ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਪੁਲਿਸ ਅਤੇ ਆਪਣੇ ਸਮਰਥਕਾਂ ਰਾਹੀਂ ਉਸ ਗਰੀਬ ਨੂੰ ਸ਼ਰੇਆਮ ਧਮਕਾਇਆ। ਉਸ ਨੂੰ ਜਬਰਦਸਤੀ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਅਤੇ ਗੰਭੀਰ ਸਿੱਟੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਉਸ ਮਜ਼ਦੂਰ ਨੇ ਜ਼ਹਿਰੀਲੀ ਗੋਲੀ ਨਿਗਲ ਲਈ, ਜੋ ਹੁਣ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਸਿਹਤ ਸਹੂਲਤਾਂ ਦਾ ਖੋਖਲਾ ਪ੍ਰਚਾਰ ਆਇਆ ਸਾਹਮਣੇ
ਡਾ. ਕਰੀਮਪੁਰੀ ਨੇ ਕਿਹਾ ਕਿ ਇਹ ਘਟਨਾ ‘ਆਪ’ ਸਰਕਾਰ ਦੇ ਫੋਕੇ ਸਿਹਤ ਮਾਡਲ ਦੀ ਵੀ ਪੋਲ ਖੋਲ੍ਹਦੀ ਹੈ। ਪੀੜਤ ਗੁਲਜ਼ਾਰ ਸਿੰਘ ਨੂੰ ਪਹਿਲਾਂ ਦਿੜ੍ਹਬਾ, ਫਿਰ ਸੰਗਰੂਰ ਅਤੇ ਉਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਉਪਲਬਧ ਨਹੀਂ ਸੀ। ਇੱਥੋਂ ਤੱਕ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਗ੍ਹਾ ਨਾ ਮਿਲਣ ਕਰਕੇ ਉਸ ਨੂੰ ਗੰਭੀਰ ਹਾਲਤ ਵਿੱਚ ਡੀ.ਐਮ.ਸੀ. ਲੁਧਿਆਣਾ ਰੈਫਰ ਕਰਨਾ ਪਿਆ।
*ਬਸਪਾ ਦੀਆਂ ਮੰਗਾਂ:ਗਰੀਬ ਮਜ਼ਦੂਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਧਮਕਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਮੰਤਰੀ ਦੇ ਸਮਰਥਕਾਂ 'ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਪੀੜਤ ਗੁਲਜ਼ਾਰ ਸਿੰਘ ਦਾ ਸਾਰਾ ਇਲਾਜ ਪੰਜਾਬ ਸਰਕਾਰ ਆਪਣੇ ਖ਼ਰਚੇ 'ਤੇ ਕਰਵਾਏ।ਅਤੇ ਪੀੜਤ ਪਰਿਵਾਰ ਨੂੰ ਯੋਗ ਆਰਥਿਕ ਮਦਦ ਦਿੱਤੀ ਜਾਵੇ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਚੇਤਾਵਨੀ ਦਿੱਤੀ ਕਿ ਬਹੁਜਨ ਸਮਾਜ ਪਾਰਟੀ ਅਤੇ 'ਪੰਜਾਬ ਸੰਭਾਲੋ ਮੁਹਿੰਮ' ਇਸ ਧੱਕੇਸ਼ਾਹੀ ਵਿਰੁੱਧ ਚੁੱਪ ਨਹੀਂ ਬੈਠੇਗੀ। ਜੇਕਰ ਗੁਲਜ਼ਾਰ ਸਿੰਘ ਨੂੰ ਇਨਸਾਫ਼ ਨਾ ਮਿਲਿਆ ਅਤੇ ਦੋਸ਼ੀਆਂ 'ਤੇ ਕਾਰਵਾਈ ਨਾ ਹੋਈ ਤਾਂ ਬਸਪਾ ਸੰਘਰਸ਼ ਲਈ ਮਜਬੂਰ ਹੋਵੇਗੀ ਡਾਕਟਰ ਕਰੀਮਪੁਰੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ 2027 ਦੀਆਂ ਚੋਣਾਂ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇ ਕੇ ਇੱਕ ਮੌਕਾ ਬਸਪਾ ਨੂੰ ਦਈਏ ਤਾਂ ਕਿ ਪੰਜਾਬ ਚੋਂ ਡਰੱਗ ਮਾਫੀਏ ਨੂੰ ਜੜੋਂ ਉਖਾੜ ਕੇ ਇਸ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਦੇ ਤੌਰ ਤੇ ਨਿਰਮਾਣ ਕਰ ਸਕੀਏ।
Posted By: GURBHEJ SINGH ANANDPURI