Nazrana Times

ਪੰਜਾਬੀ

ਲਾਲ ਕਿਲ੍ਹੇ 'ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਜੁਗਰਾਜ ਸਿੰਘ ਦਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ ਸਨਮਾਨ

20 Jan, 2025 05:30 AM

ਅੰਮ੍ਰਿਤਸਰ, 27 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ ) ਕਿਸਾਨ ਸੰਘਰਸ਼ ਦੌਰਾਨ 26 ਜਨਵਰੀ 2021 ਨੂੰ ਦਿੱਲੀ ਦੇ ਲਾਲ ਕਿਲ੍ਹੇ 'ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਸਿੱਖ ਨੌਜਵਾਨ ਭਾਈ ਜੁਗਰਾਜ ਸਿੰਘ ਖ਼ਾਲਸਾ ਦਾ ਦਲ ਖ਼ਾਲਸਾ ਨਾਲ ਸਬੰਧਤ ਸਿੱਖ ਨੌਜਵਾਨ ਜਥੇਬੰਦੀਆਂ ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ।ਦਲ ਖ਼ਾਲਸਾ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਭਾਈ ਗੁਰਨਾਮ ਸਿੰਘ ਮੂਨਕਾਂ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਦੀ ਲਾਲ ਕਿਲ੍ਹੇ 'ਤੇ ਖ਼ਾਲਸਾਈ ਝੰਡਾ ਝੁਲਾਉਣ ਦੀ ਇਤਿਹਾਸਕ ਘਟਨਾ ਦੀ ਪਹਿਲੀ ਵਰ੍ਹੇਗੰਢ ਮਨਾਉਂਦਿਆਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜ ਕੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਪੰਜਾਬ ਦੀ ਅਜ਼ਾਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਤੇ ਮਗਰੋਂ ਜੁਗਰਾਜ ਸਿੰਘ ਖ਼ਾਲਸਾ (ਪਿੰਡ ਸ਼ਹੀਦ ਤਾਰਾ ਸਿੰਘ ਵਾਂ) ਅਤੇ ਗਰਜੰਟ ਸਿੰਘ ਨੂੰ ਸਨਮਾਨਿਆ ਗਿਆ।ਜ਼ਿਕਰਯੋਗ ਹੈ ਕਿ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ 'ਤੇ ਝੰਡਾ ਝੁੱਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਜੁਗਰਾਜ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਲਈ ਇੱਕ ਲੱਖ ਰੁਪਏ ਇਨਾਮ ਰੱਖਿਆ ਸੀ। ਜੁਗਰਾਜ ਸਿੰਘ ਕਾਫ਼ੀ ਸਮਾਂ ਰੂਪੋਸ਼ ਰਿਹਾ। ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਦੇ ਉਪਰਾਲੇ ਸਦਕਾ ਜੁਗਰਾਜ ਸਿੰਘ ਨੂੰ ਅਗਾਊਂ ਜ਼ਮਾਨਤ ਮਿਲੀ ਤੇ ਬਾਅਦ 'ਚ ਪੱਕੀ ਜ਼ਮਾਨਤ ਵੀ ਮਿਲ ਗਈ ਸੀ। ਫ਼ੈਡਰੇਸ਼ਨ ਚੀਫ਼ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਾਂਗ 238 ਸਾਲਾਂ ਬਾਅਦ ਲਾਲ ਕਿਲ੍ਹੇ 'ਤੇ ਜੁਗਰਾਜ ਸਿੰਘ ਖ਼ਾਲਸਾ ਨੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਅ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ ਜਿਸ 'ਤੇ ਕੌਮ ਨੂੰ ਸਦੀਆਂ ਤੱਕ ਮਾਣ ਰਹੂ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #