Nazrana Times

ਪੰਜਾਬੀ

ਪੰਜਾਬੀ ਅਤੇ ਮੁਸਲਿਮ ਭਾਈਚਾਰੇ ਵਿਰੁੱਧ ਨਫਰਤੀ ਪੋਸਟਰ ਲਗਾਉਣ ਦਾ ਗੰਭੀਰ ਮਾਮਲਾ ਆਇਆ ਸਾਹਮਣੇ ..

25 Oct, 2026 10:20 PM

'ਨੋ ਪੰਜਾਬੀ' ਅਤੇ 'ਨੋ ਇਸਲਾਮ' ਪੰਜਾਬੀ ਕੌਂਸਲਰ ਦੇ ਦਰਵਾਜ਼ੇ 'ਤੇ ਲੱਗੇ ਪੋਸਟਰ.

ਚੰਡੀਗੜ੍ਹ/ਬ੍ਰੈਂਪਟਨ 25 ਅਕਤੂਬਰ (ਮੰਗਤ ਸਿੰਘ ਸੈਦਪੁਰ) : ਬ੍ਰੈਂਪਟਨ ਸ਼ਹਿਰ 'ਚ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬੀ ਅਤੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤੀ ਪੋਸਟਰ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਦੇ ਕੱਚ ਦੇ ਦਰਵਾਜ਼ੇ 'ਤੇ 'ਕੋਈ ਪੰਜਾਬੀ ਨਹੀਂ' ਅਤੇ 'ਕੋਈ ਇਸਲਾਮ ਨਹੀਂ' ਵਰਗੇ ਭੇਦਭਾਵਪੂਰਨ ਸੰਦੇਸ਼ ਵਾਲੇ ਪੋਸਟਰ ਅਤੇ ਸਟੀਕਰ ਲਗਾਏ ਗਏ ਹਨ। ਇਸ ਤੋਂ ਇਲਾਵਾ ਸਿਟੀ ਕੌਂਸਲਰ ਨਵਜੀਤ ਕੌਰ ਬਰਾੜ ਦੇ ਨਾਂ 'ਤੇ ਲਾਲ ਰੰਗ ਨਾਲ ਕਾਟੇ ਦਾ ਨਿਸ਼ਾਨ ਵੀ ਬਣਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਕੈਨੇਡਾ ਦੇ ਸਿਆਸੀ ਜਗਤ ਅਤੇ ਪੰਜਾਬੀ ਭਾਈਚਾਰੇ ਵਿੱਚ ਭਾਰੀ ਰੋਸ ਫੈਲ ਗਿਆ ਹੈ। ਨਿਊ ਡੇਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਓਨਟਾਰੀਓ ਦੇ ਵਿਧਾਇਕ ਗ੍ਰਾਹਮ ਮੈਕਗ੍ਰੇਗਰ ਅਤੇ ਸਥਾਨਕ ਕਾਊਂਸਲਰ ਮਾਰਟਿਨ ਮੇਡਿਸ ਨੇ ਨਵਜੀਤ ਕੌਰ ਬਰਾੜ ਦੇ ਸਮਰਥਨ ਵਿੱਚ ਆਉਂਦਿਆਂ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਕੈਨੇਡਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ ਅਤੇ ਅਜਿਹੀ ਕਿਸੇ ਵੀ ਨਫ਼ਰਤੀ ਜਾਂ ਨਸਲੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦਿਆਂ ਮੁੜ ਚੋਣ ਲੜ ਰਹੇ ਕਾਊਂਸਲਰ ਨਵਜੀਤ ਕੌਰ ਬਰਾੜ ਨੇ ਇਸ ਨਫ਼ਰਤੀ ਕਾਰੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਦੇਸ਼ ਸਮਾਜ ਵਿੱਚ ਵੰਡੀਆਂ ਪਾਉਣ ਅਤੇ ਅਵਿਸ਼ਵਾਸ ਪੈਦਾ ਕਰਨ ਲਈ ਲਗਾਏ ਜਾ ਰਹੇ ਹਨ, ਜੋ ਕਿ ਬ੍ਰੈਂਪਟਨ ਸ਼ਹਿਰ ਦੀ ਭਾਈਚਾਰਕ ਸਾਂਝ ਅਤੇ ਅਸਲ ਪਛਾਣ ਨੂੰ ਨਹੀਂ ਦਰਸਾਉਂਦੇ। ਉਨ੍ਹਾਂ ਸਵਾਲ ਚੁੱਕਿਆ ਕਿ ਅਜਿਹੇ ਮਾਹੌਲ ਵਿੱਚ ਕੋਈ ਪੋਸਟਮੈਨ, ਡਿਲੀਵਰੀ ਕਰਮਚਾਰੀ ਜਾਂ ਸਵੈ-ਸੇਵਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News