Nazrana Times

ਪੰਜਾਬੀ

ਅਣਖੀ ਸਿੱਖਾਂ ਦੇ ਪਰਿਵਾਰਾਂ ਨੂੰ ਹਿਰਾਸਤ 'ਚ ਲੈਣ ਵਾਲੀ ਪੁਲਿਸ ਨੇ ਭਗੌੜੇ ਸੁਮੇਧ ਸੈਣੀ ਦੇ ਟੱਬਰ ਨੂੰ ਕਿਉਂ ਨਹੀਂ ਸੀ ਚੁੱਕਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

17 Jun, 2025 01:09 AM

ਅੰਮ੍ਰਿਤਸਰ, 16 ਜੂਨ , ਨਜ਼ਰਾਨਾ ਟਾਈਮਜ ਬਿਊਰੋ

ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਿਹੰਗ ਦੇ ਸਾਥੀਆਂ ਭਾਈ ਜਸਪ੍ਰੀਤ ਸਿੰਘ ਮਹਿਰੋਂ ਅਤੇ ਭਾਈ ਨਿਮਰਤਜੀਤ ਸਿੰਘ ਨਿਹੰਗ ਵੱਲੋਂ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਫੈਲਾਉਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਕਤਲ ਕੀਤੇ ਜਾਣ ਤੋਂ ਬਾਅਦ ਪੁਲਿਸ ਅਤੇ ਮੀਡੀਆ ਨੇ ਸਿੱਖਾਂ ਪ੍ਰਤੀ ਨਫਰਤ ਭਰਿਆ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਈ ਜਸਪ੍ਰੀਤ ਸਿੰਘ ਮਹਿਰੋਂ ਅਤੇ ਭਾਈ ਨਿਮਰਤਜੀਤ ਸਿੰਘ ਭਾਵੇਂ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਪੁਲਿਸ ਨੇ ਉਸ ਦੇ ਪਿਤਾ ਤੇ ਭੈਣ ਨੂੰ ਚੁੱਕ ਕੇ ਥਾਣੇ ਲਿਜਾਇਆ ਹੈ ਜਿਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਹ ਅਤੇ ਰੋਸ ਪ੍ਰਗਟ ਹੋਇਆ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਜਦੋਂ ਸਿੱਖ ਨੌਜਵਾਨੀ ਦੇ ਕਾਤਲ ਡੀ.ਜੀ.ਪੀ. ਸੁਮੇਧ ਸੈਣੀ 'ਤੇ ਕਤਲ ਦਾ ਕੇਸ ਪਿਆ ਤਾਂ ਉਹ ਭਗੌੜਾ ਹੋ ਗਿਆ ਸੀ, ਪੁਲਿਸ ਨੇ ਓਦੋਂ ਓਸਦਾ ਟੱਬਰ ਕਿਉਂ ਨਾ ਚੁੱਕਿਆ ? ਪਰ ਦੂਜੇ ਪਾਸੇ ਅਣਖੀ ਅਤੇ ਸੰਘਰਸ਼ਸ਼ੀਲ ਸਿੰਘਾਂ ਬਾਬਤ ਕੋਈ ਵੀ ਗੱਲ ਹੋਵੇ ਤਾਂ ਪੁਲਿਸ ਹੱਦੋਂ ਵੱਧ ਕੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ ਅਤੇ ਹਿਰਾਸਤ ਵਿੱਚ ਲੈ ਲੈਂਦੀ ਹੈ, ਜ਼ੁਲਮ ਕਰਦੀ ਹੈ। ਇਹ ਕਿਹੜਾ ਕਾਨੂੰਨ ਅਤੇ ਸੰਵਿਧਾਨ ਹੈ ? ਭਾਈ ਅਵਤਾਰ ਸਿੰਘ ਖੰਡਾ ਦੋ ਸਾਲ ਹੋ ਗਏ ਸਾਡੇ ਵਿੱਚ ਸਰੀਰਕ ਤੌਰ ਉੱਤੇ ਨਹੀਂ ਰਹੇ, ਪਰ ਸਾਨੂੰ ਯਾਦ ਹੈ ਕਿ ਪੁਲਿਸ ਨੇ ਸੰਨ 2023 ਵਿੱਚ ਉਹਨਾਂ ਦੀ ਭੈਣ ਅਤੇ ਮਾਤਾ ਚਰਨਜੀਤ ਕੌਰ ਨੂੰ ਵੀ ਬੇਵਜ੍ਹਾ ਚੁੱਕ ਕੇ ਕਈ ਦਿਨ ਥਾਣਿਆਂ ਵਿੱਚ ਰੱਖਿਆ ਸੀ ? ਇਹੀ ਕੁਝ 1980-90 ਦੇ ਦਹਾਕੇ ਵਿੱਚ ਸਾਡੇ ਜੁਝਾਰੂ ਸਿੰਘਾਂ ਅਤੇ ਆਮ ਸਿੱਖ ਪਰਿਵਾਰਾਂ ਦੇ ਨਾਲ ਹੁੰਦਾ ਰਿਹਾ। ਇਹ ਪੁਲਿਸ ਅਤੇ ਸਰਕਾਰ ਦਾ ਸਿੱਖ ਕੌਮ ਪ੍ਰਤੀ ਜ਼ਾਲਮਾਨਾ ਵਤੀਰਾ ਹੈ। ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਅਤੇ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਸਰਕਾਰ ਨੇ ਕਦੇ ਬੰਦ ਨਹੀਂ ਕੀਤੇ, ਪਰ ਗੁਰਸਿੱਖੀ ਦਾ ਪ੍ਰਚਾਰ ਤੇ ਕੌਮੀ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਦੇ ਫੇਸਬੁੱਕ ਅਤੇ ਇੰਸਟਾ ਖਾਤੇ ਸਰਕਾਰ ਅਕਸਰ ਹੀ ਬੰਦ ਕਰ ਦਿੰਦੀ ਹੈ। ਮਤਲਬ ਕਿ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਸਹੀ ਗੱਲ ਦੀ ਤਾਂ ਸਰਕਾਰ ਸੰਘੀ ਘੁੱਟ ਦਿੰਦੀ ਹੈ ਅਤੇ ਗਲਤ ਗੱਲ ਨੂੰ ਸਮਾਜ ਵਿੱਚ ਫੈਲਣ ਲਈ ਖੁੱਲ੍ਹਾ ਛੱਡ ਦਿੰਦੀ ਹੈ। ਸਿੱਖ ਲੰਬੇ ਸਮੇਂ ਤੋਂ ਦੁਖੀ ਨੇ, ਚਿੰਤਤ ਨੇ, ਸੰਘਰਸ਼ਸ਼ੀਲ ਨੇ ਕਿ ਗੁਰੂਆਂ, ਸ਼ਹੀਦਾਂ ਤੇ ਸੂਰਬੀਰਾਂ ਦੇ ਪੰਜਾਬ ਨੂੰ ਅਸੀਂ ਗੰਧਲਾ ਨਹੀਂ ਹੋਣ ਦੇਣਾ, ਇਸ ਦੀ ਰਾਖੀ ਕਰਨੀ ਹੈ। ਪਰ ਕੁਝ ਲੋਕ ਪੰਜਾਬ ਨੂੰ ਨਸ਼ਿਆਂ ਅਤੇ ਅਸ਼ਲੀਲਤਾ ਦਾ ਅੱਡਾ ਬਣਾਉਣਾ ਚਾਹੁੰਦੇ ਹਨ, ਜੋ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੇ ਵਾਸੀ ਬਰਦਾਸ਼ਤ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਅਤੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਮਲੋਆ ਦੇ ਯਤਨਾਂ ਸਦਕਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਨੂੰ ਪੁਲਿਸ ਨੇ ਛੱਡ ਦਿੱਤਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #