ਬੰਦੀ ਛੋੜ ਦਿਵਸ ਬਨਾਮ ਲੱਛਮੀ ਪੂਜਾ - ਸਰਬਜੀਤ ਸਿੰਘ ਸੈਕਰਾਮੈਂਟੋ
ਬੰਦੀ ਛੋੜ ਦਿਵਸ ਬਨਾਮ ਲੱਛਮੀ ਪੂਜਾ - ਸਰਬਜੀਤ ਸਿੰਘ ਸੈਕਰਾਮੈਂਟੋ
ਜਦੋਂ ਸਮਾਜ ਵਿੱਚ ਬਹੁ ਗਿਣਤੀ ਦੀ ਇਹ ਧਾਰਨਾ ਹੋਵੇ ਕਿ ਦਿਵਾਲੀ ਵਾਲੇ ਦਿਨ ਲਛਮੀ ਦੀ ਪੂਜਾ ਕਰਨ ਨਾਲ ਧਨ ਦੀ ਵਿੱਚ ਪ੍ਰਾਪਤੀ ਹੁੰਦੀ ਹੈ; ਤਾਂ ਜਨ ਸਧਾਰਨ ਨਾ ਚਾਹੁੰਦੇ ਹੋਏ ਵੀ ਪੂਜਾ ਵਾਲੇ ਪਾਸੇ ਤੁਰ ਪੈਂਦਾ ਹੈ। ਸਾਡੇ ਦੇਸ਼ ਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਹੈ ਕਿ ਦੀਵਾਲੀ ਵਾਲੇ ਦਿਨ ਭਗਵਾਨ ਰਾਮ ਚੰਦਰ ਚੌਦ੍ਹਾਂ ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਤਾਂ ਲੋਕਾਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਸਿੱਖਾਂ ਨੇ ਲੱਛਮੀ ਪੂਜਾ ਅਤੇ ਦੀਵਾਲੀ ਵਾਲੇ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਉਪ੍ਰੰਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਵਾਲੇ ਦਿਨ ਨਾਲ ਜੋੜ ਦਿੱਤਾ ਗਿਆ ਹੈ। ਹਾਲਾਂ ਕਿ ਕੋਈ ਵੀ ਭਰੋਸੇਯੋਗ ਹਵਾਲਾ ਇਸ ਮਿੱਥ ਦੀ ਗਵਾਹੀ ਨਹੀਂ ਭਰਦਾ। ਸਵਾਲ ਪੈਦਾ ਹੁੰਦਾ ਹੈ ਕਿ ਦਰਬਾਰ ਸਾਹਿਬ ਵਿਖੇ ਦੀਪਮਾਲਾ ਕਿਸ ਦਿਨ ਹੋਈ ਸੀ? ਜਦੋਂ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਸਮੇਤ ਬਾਹਰ ਆਏ ਸਨ ਜਾਂ, ਜਦੋਂ ਗੁਰੂ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ?
ਦੁਨੀਆਂ ਦੇ ਹੋਰ ਹਿੱਸਿਆਂ ਵਾਂਗ ਆਪਣੇ ਦੇਸ਼ ਵਿੱਚ ਵੀ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ। ਜਿਨ੍ਹਾਂ ਦਾ ਸਬੰਧ ਮੌਸਮ, ਧਰਮ, ਇਤਿਹਾਸ, ਮਿਥਿਹਾਸ ਦੇ ਨਾਲ-ਨਾਲ ਜਾਤ ਪ੍ਰਥਾ ਨਾਲ ਵੀ ਹੈ। ਇਨ੍ਹਾਂ ਤਿਉਹਾਰਾਂ ਦਾ ਆਰੰਭ ਮੌਸਮ ਦੀ ਤਬਦੀਲੀ, ਮਨੋਰੰਜਨ ਜਾਂ ਕੁਦਰਤੀ ਦੀ ਕਰੋਪੀ ਤੋਂ ਬਚਣ ਲਈ ਪੂਜਾ ਆਦਿ ਦੇ ਰੂਪ ਵਿੱਚ ਹੀ ਹੋਇਆ ਹੋਵੇਗਾ। ਉਸ ਵੇਲੇ ਦੇ ਮੁਖੀਆਂ ਵੱਲੋਂ ਵੱਖ-ਵੱਖ ਤਿਉਹਾਰਾਂ ਨੂੰ ਮਨਾਉਣ ਲਈ ਵੱਖ-ਵੱਖ ਰੀਤੀ-ਰਿਵਾਜਾਂ ਅਤੇ ਮਰਯਾਦਾ ਵੀ ਆਰੰਭੀ ਗਈ ਹੋਵੇਗੀ। ਸਮੇਂ-ਸਮੇਂ ਇਨ੍ਹਾਂ ਦਿਨਾਂ ਨਾਲ ਹੋਰ ਘਟਨਾਵਾਂ ਵੀ ਜੁੜਦੀਆਂ ਗਈਆਂ ਅਤੇ ਰੀਤੀ ਰਿਵਾਜਾਂ ਦਾ ਵਿਕਾਸ ਹੁੰਦਾ ਗਿਆ। ਪੁਜਾਰੀ ਕਿਸਮ ਦੇ ਲੋਕਾਂ ਵੱਲੋਂ ਸਧਾਰਨ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਣ ਖਾਤਰ ਇਨ੍ਹਾਂ ਤਿਉਹਾਰਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਪਾਣ ਚਾੜ੍ਹ ਦਿੱਤੀ। ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਵੱਲੋਂ ਵੱਖ-ਵੱਖ ਤਿਉਹਾਰਾਂ ਵਾਲੇ ਦਿਨਾਂ ਵਿੱਚ ਛੁੱਟੀਆ ਦਾ ਐਲਾਨ ਕਰਕੇ, ਤਿਉਹਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।
ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ, ਦੀਵਾਲੀ ਦਾ ਤਿਉਹਾਰ। ਜਿਸ ਬਾਰੇ ਆਮ ਧਾਰਨਾ ਹੈ ਕਿ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਰਾਮ ਚੰਦਰ ਜੀ, ਘਰੇਲੂ ਕਾਰਨਾਂ ਕਰਕੇ ਮਿਲਿਆ 14 ਸਾਲ ਦਾ ਬਨਵਾਸ ਪੂਰਾ ਕਰਨ ਉਪਰੰਤ, ਕੱਤਕ ਦੀ ਮੱਸਿਆ ਵਾਲੇ ਦਿਨ (ਸੰਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ) ਆਪਣੇ ਪ੍ਰਵਾਰ ਸਮੇਤ ਅਯੁੱਧਿਆ ਵਾਪਸ ਆਏ ਸਨ। ਆਪਣੇ ਰਾਜੇ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ, ਅਯੁੱਧਿਆ ਨਗਰੀ ਦੇ ਵਾਸੀਆਂ ਨੇ ਦੀਵੇ ਬਾਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਪਰ ਇਸ ਤਿਉਹਾਰ ਦਾ ਸਭ ਤੋਂ ਵੱਧ ਮਹੱਤਵ, ਸਮੁੰਦਰ ਮੰਥਨ ਤੋਂ ਪੈਦਾ ਹੋਈ ਵਿਸ਼ਨੂੰ ਦੀ ਪਤਨੀ, ਧਨ-ਦੌਲਤ ਅਤੇ ਖੁਸ਼ਹਾਲੀ ਦੀ ਪ੍ਰਤੀਕ, “ਸ਼੍ਰੀ ਮਹਾਂ ਲਛਮੀ” ਦੀ ਪੂਜਾ ਕਰਨਾ ਹੈ।
ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗਲ ਹਕੂਮਤ ਵੱਲੋਂ, ਕੁਝ ਸਮੇਂ ਲਈ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਇਸ ਕੈਦ ਦੇ ਸਮੇਂ ਸਬੰਧੀ ਵਿਦਵਾਨਾਂ ਵਿੱਚ ਕਾਫੀ ਮੱਤ ਭੇਦ ਹਨ। ਗੁਰੂ ਜੀ ਦੀ ਰਿਹਾਈ ਬਾਰੇ ਮੰਨਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ ਸੀ ਅਤੇ ਗੁਰੂ ਜੀ ਨੇ 52 ਪਹਾੜੀ ਰਾਜਿਆਂ ਨੂੰ ਵੀ, ਜੋ ਉਸੇ ਕਿਲੇ ਵਿੱਚ ਕੈਦ ਸਨ, ਆਪਣੇ ਨਾਲ ਹੀ ਰਿਹਾ ਕਰਵਾਇਆ ਸੀ। ਇਸ ਕਾਰਨ ਹੀ ਗੁਰੂ ਜੀ ਨੂੰ ‘ਦਾਤਾ ਬੰਦੀ ਛੋੜ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਇਸ ਦਿਨ ਦੀਪਮਾਲਾ ਕੀਤੀ ਜਾਂਦੀ ਹੈ। ਦੂਜੀ ਧਾਰਨਾ ਇਹ ਹੈ ਕਿ ਰਿਹਾਈ ਤੋਂ ਪਿਛੋਂ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਸਨ। ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਕਿਲੇ ਵਿੱਚੋਂ ਰਿਹਾ ਹੋਏ ਸਨ ਜਾਂ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਪੁੱਜੇ ਸਨ? ਪਰ ਇਹ ਸਵਾਲ, ਸਾਡਾ ਅੱਜ ਦਾ ਵਿਸ਼ਾ ਨਹੀਂ ਹੈ।
ਸਦੀਆਂ ਪੁਰਾਣਾ ਤਿਉਹਾਰ ਹੋਣ ਕਾਰਨ, ਦੀਵਾਲੀ ਦੀ ਤਾਰੀਖ ਹਰ ਕਿਸੇ ਨੂੰ ਯਾਦ ਹੈ ਕਿ ਇਹ ਚੰਦ ਦੇ ਕੈਲੰਡਰ ਮੁਤਾਬਕ, ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਜੰਤਰੀ (ਚੰਦਰ-ਸੂਰਜੀ ਬਿਕ੍ਰਮੀ, ਦ੍ਰਿਕ ਗਿਣਤ ਸਿਧਾਂਤ) ਮੁਤਾਬਕ ਇਸ ਸਾਲ ਕੱਤਕ ਦੀ ਮੱਸਿਆ, 24 ਕੱਤਕ (9 ਨਵੰਬਰ) ਦਿਨ ਸੋਮਵਾਰ ਨੂੰ ਹੈ ਪਰ ਬੰਦੀ ਛੋੜ ਦਿਵਸ 23 ਕੱਤਕ (8 ਨਵੰਬਰ) ਦਿਨ ਐਤਵਾਰ ਦਾ ਦਰਜ ਹੈ। ਅਜੇਹਾ ਕਿਓਂ?
ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਆਰੰਭ ਸਵੇਰੇ ਸੂਰਜ ਚੜ੍ਹਨ ਵੇਲੇ ਤੋਂ ਹੁੰਦਾ ਹੈ। 8 ਨਵੰਬਰ ਨੂੰ ਸਵੇਰੇ ਸੂਰਜ 6:52 ਤੇ ਚੜ੍ਹੇਗਾ। ਉਸ ਵੇਲੇ ਚੰਦ ਦੀ ਤਿੱਥ, ਕੱਤਕ ਵਦੀ ਚੌਦਸ ਹੋਵੇਗੀ। ਕੱਤਕ ਦੀ ਚੌਦਸ ਦਾ ਆਰੰਭ 7 ਨਵੰਬਰ ਨੂੰ 10:48A.M. ਤੇ ਹੋਵੇਗਾ ਅਤੇ ਸਮਾਪਤੀ 8 ਨਵੰਬਰ ਦਿਨ ਐਤਵਰਰ ਨੂੰ 11:28A.M. ਹੋਵੇਗੀ। ਇਸ ਲਈ 8 ਨਵੰਬਰ ਨੂੰ ਕੱਤਕ ਦੀ ਚੌਦਸ ਮੰਨੀ ਜਾਵੇਗੀ। ਕੱਤਕ ਦੀ ਮੱਸਿਆ ਦਾ ਆਰੰਭ , 8 ਨਵੰਬਰ ਦਿਨ ਐਤਵਾਰ ਨੂੰ 11:28 A.M. ਹੋਵੇਗਾ। ਜੋ 9 ਨਵੰਬਰ, ਸੋਮਵਾਰ ਨੂੰ ਬਾਦ ਦੁਪਹਿਰ 12:32 P.M. ਸਮਾਪਤ ਹੋ ਜਾਵੇਗੀ ਅਤੇ ਕੱਤਕ ਸੁਦੀ ਏਕਮ ਆਰੰਭ ਹੋ ਜਾਵੇਗੀ। 9 ਨਵੰਬਰ ਨੂੰ ਸੂਰਜ ਚੜਨ ਵੇਲੇ ( 6:53 A.M.) ਕੱਤਕ ਦੀ ਮੱਸਿਆ ਹੋਣ ਕਾਰਨ, ਅਗਲੇ ਦਿਨ ਸੂਰਜ ਚੜ੍ਹਨ ਵੇਲੇ ਤੱਕ ਮੱਸਿਆ ਹੀ ਮੰਨੀ ਜਾਵੇਗੀ। ਇਸ ਹਿਸਾਬ ਮੁਤਾਬਕ ਤਾਂ ਲਛਮੀ ਪੂਜਾ (ਦਿਵਾਲੀ) 9 ਨਵੰਬਰ ਦੀ ਬਣਦੀ ਹੈ ਪਰ ਇਸ ਸਾਲ ਤਾਂ ਇਹ 8 ਨਵੰਬਰ ਦੀ ਹੈ। ਆਓ ਇਸ ਦੇ ਕਾਰਨ ਨੂੰ ਜਾਣੀਏ।
“ਸ਼੍ਰੀ ਮਹਾਂ ਲਛਮੀ ਪੂਜਾ” ਕਰਨ ਵੇਲੇ ਮੱਸਿਆ ਦੀ ਤਿੱਥ ਦਾ ਹੋਣਾ ਜਰੂਰੀ ਹੈ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਭਾਵੇਂ ਕੱਤਕ ਦੀ ਮੱਸਿਆ 9 ਨਵੰਬਰ ਨੂੰ ਹੈ ਪਰ ਇਹ 12:32 P.M. ’ਤੇ ਖਤਮ ਹੋ ਜਾਵੇਗੀ। ਅਤੇ ਕੱਤਕ ਸੁਦੀ ਇੱਕ ਆਰੰਭ ਹੋ ਜਵੇਗੀ। ਲਛਮੀ ਪੂਜਾ ਦਾ ਸਮਾਂ ਸ਼ਾਮ ਦਾ ਹੋਣ ਕਾਰਨ ਇਸ ਨੂੰ ਪਹਿਲੇ ਦਿਨ ਜਦੋਂ ਅਸਲ ਵਿੱਚ ਕੱਤਕ ਦੀ ਮੱਸਿਆ ਹੋਵੇਗੀ, ਕੀਤੀ ਜਾਵੇਗੀ। ਇਹ ਸਮਾਂ ਵੱਖ-ਵੱਖ ਸ਼ਹਿਰਾਂ ਲਈ ਵੱਖ ਵੱਖ ਹੁੰਦਾ ਹੈ। ਇਸ ਸਾਲ ਦਿੱਲੀ ਦਾ ਸਮਾਂ 5:54 P.M. ਤੋਂ 7:50 P.M., ਚੰਡੀਗੜ੍ਹ ਦਾ 5:52 P.M. ਤੋਂ 7:42 P.M. ਅਤੇ ਅੰਮ੍ਰਿਤਸਰ ਦਾ ਸਮਾ 5:58 ਤੋਂ 7:49P.M. ਹੈ। ਇਸ ਸਮੇਂ ਦੌਰਾਨ, ਸ਼ਰਧਾਲੂ ਨਿਰਧਾਰਤ ਰੀਤੀ ਰਿਵਾਜਾਂ ਅਨੁਸਾਰ ਦੇਵੀ ਲਕਸ਼ਮੀ ਦੀ ਪੂਜਾ ਕਰ ਸਕਦੇ ਹਨ। ਜੇ ਮੱਸਿਆ ਵਾਲੇ ਦਿਨ ਇਹ ਪੂਜਾ ਕੀਤੀ ਜਾਵੇ ਤਾਂ ਅਸਲ ਵਿੱਚ ਇਸ ਸਮੇ ਕੱਤਕ ਸੁਦੀ ਏਕਮ ਹੋਵੇਗੀ। ਇਸ ਕਾਰਨ ਲਛਮੀ ਪੂਜਾ ਇਕ ਦਿਨ ਪਹਿਲਾ 8 ਨਵੰਬਰ ਦੀ ਸ਼ਾਮ ਨੂੰ ਉਸ ਵੇਲੇ ਕੀਤੀ ਜਾਵੇਗੀ ਜਦੋਂ ਅਸਲ ਵਿੱਚ ਕੱਤਕ ਦੀ ਮੱਸਿਆ ਹੋਵੇਗੀ।
ਚਲੋ, ਇਹ ਤਾਂ ਹੋਈ ਉਨ੍ਹਾਂ ਦੀ ਸਮੱਸਿਆ ਜਿਨ੍ਹਾਂ ਨੇ, ਵਿਸ਼ਨੂੰ ਦੀ ਪਤਨੀ ਅਤੇ ਧਨ-ਦੌਲਤ ਦੀ ਦੇਵੀ, “ਸ਼੍ਰੀ ਮਹਾ ਲਛਮੀ” ਦੀ ਪੂਜਾ ਕਰਨੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਮਜਬੂਰੀ ਹੈ ਕਿ ਇਨ੍ਹਾਂ ਨੇ ਵੀ ਬੰਦੀ ਛੋੜ ਦਿਵਸ ਦਾ ਇਤਿਹਾਸਕ ਦਿਹਾੜਾ ਇਸੇ ਦਿਨ ਹੀ ਮਨਾਉਣਾ ਹੈ? ਅਸਲ ਵਿੱਚ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵੀ ਲਛਮੀ ਪੂਜਾ ਹੀ ਕਰਦੀ ਹੈ। ਸੰਗਤਾਂ ਨੂੰ ਭੁਲੇਖਾ ਪਾਉਣ ਲਈ ਇਸ ਦਾ ਨਾਮ ਬੰਦੀ ਛੋੜ ਦਿਵਸ ਰੱਖ ਲਿਆ ਹੈ। ਖਾਲਸਾ ਜੀ ਜਾਗੋ!
Posted By: ਸ . ਸਰਵਜੀਤ ਸਿੰਘ ਸੈਕਰਾਮੈਂਟੋ