Nazrana Times

ਪੰਜਾਬੀ

ਪਿੰਡ ਖੁੱਡਾ ਦੀ ਸੰਗਤ ਨੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ : ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ/ਪ੍ਰਧਾਨ ਬਲਵੀਰ ਸਿੰਘ ਪੱਪੀ

04 Sep, 2025 01:58 AM

 ਅੰਮ੍ਰਿਤਸਰ, 3 ਸਤੰਬਰ , ਰਣਜੀਤ ਸਿੰਘ ਖਾਲਸਾ 

: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁੱਡਾ ਦੀ ਸੰਗਤ ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਅਤੇ ਗੁਰਦੁਆਰਾ ਸਿੰਘ ਸਭਾ ਵੱਡੀ ਬੋਹੜ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਪੱਪੀ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਕਰਕੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਤੇ ਇਸ ਸਮੇਂ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਉੱਤੇ ਪਹਿਰਾ ਦਿੰਦਿਆਂ ਹਰੇਕ ਸਿੱਖ ਅਤੇ ਪੰਜਾਬੀ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਪਿੰਡ ਖੁੱਡਾ ਅਤੇ ਜੀਆ ਨੱਥਾ ਦੇ ਵਾਸੀਆਂ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਚਾਰ-ਪੰਜ ਟਰਾਲੀਆਂ ਸਮਾਨ ਦੀਆਂ ਭਰ ਕੇ ਪਿੰਡ ਖੁੱਡਾ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਆਸ-ਪਾਸ ਪਿੰਡਾਂ ਵਿੱਚ ਪਹੁੰਚਾ ਕੇ ਆਏ ਹਾਂ। ਹੜ੍ਹ ਪੀੜਤਾਂ ਲਈ ਰਸਦ, ਆਟਾ, ਖੰਡ, ਬਿਸਕੁਟ, ਸਾਬਣ, ਟੁੱਥ ਪੇਸਟ, ਮੱਛਰਦਾਨੀਆਂ, ਦਵਾਈਆਂ, ਬਰੈਡਾਂ, ਕੱਪੜੇ, ਪਸ਼ੂਆਂ ਦੀ ਫੀਡ, ਚਾਰਾ, ਪਾਣੀ ਅਤੇ ਲੰਗਰ ਆਦਿਕ ਵਸਤਾਂ ਲੋਕਾਂ ਵਿੱਚ ਵੰਡੀਆਂ ਹਨ ਤਾਂ ਜੋ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਅਤੇ ਭਾਈ ਬਲਬੀਰ ਸਿੰਘ ਪੱਪੀ ਨੇ ਕਿਹਾ ਕਿ ਇਸ ਰਾਸ਼ਨ ਸਮੱਗਰੀ ਵਾਸਤੇ ਜਿਨ੍ਹਾਂ ਵੀ ਸ਼ਖਸੀਅਤਾਂ, ਸੱਜਣਾਂ ਅਤੇ ਸੰਗਤਾਂ ਨੇ ਸਹਿਯੋਗ ਕੀਤਾ, ਦੋਵਾਂ ਗੁਰਦੁਆਰਾ ਸਾਹਿਬਾਂ ਵਿੱਚ ਸੰਗਤਾਂ ਨੇ ਬੈਠ ਕੇ ਪੈਕਿੰਗ ਦੀ ਸੇਵਾ ਨਿਭਾਈ, ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਅਜੇ ਹੋਰ ਵੀ ਸਮੱਗਰੀ ਦੀ ਲੋੜ ਹੈ ਤੇ ਅਸੀਂ ਅਗਾਂਹ ਵੀ ਆਪਣਾ ਫਰਜ਼ ਨਿਭਾਵਾਂਗੇ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਰਕੇ ਲੋਕਾਂ ਨੂੰ ਬਹੁਤ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦਾ ਵੱਡੇ ਪੱਧਰ ਉੱਤੇ ਮਾਲੀ ਨੁਕਸਾਨ ਹੋਇਆ ਹੈ, ਘਰਾਂ ਦੇ ਘਰ ਤਬਾਹ ਹੋ ਚੁੱਕੇ ਹਨ, ਡੰਗਰ ਮਰ ਚੁੱਕੇ ਹਨ, ਬਿਮਾਰੀ ਫੈਲਣ ਦਾ ਵੀ ਡਰ ਹੈ, ਬਜ਼ੁਰਗਾਂ ਅਤੇ ਬੱਚਿਆਂ ਲਈ ਤਾਂ ਬਹੁਤ ਔਖਾ ਹੋਇਆ ਪਿਆ ਹੈ, ਲੋਕਾਂ ਦਾ ਸਮਾਨ ਖਰਾਬ ਹੋ ਚੁੱਕਾ ਤੇ ਰੁੜ ਚੁੱਕਾ ਹੈ, ਫਸਲਾਂ ਤੇ ਖੇਤ ਤਾਂ ਪਾਣੀ ਵਿੱਚ ਵਹਿ ਚੁੱਕੇ ਹਨ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਿਆਸੀ ਡਰਾਮੇਬਾਜ਼ੀ ਕਰਨ ਦੀ ਬਜਾਏ ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਅਤੇ ਲੋਕਾਂ ਦੀ ਹਰ ਪ੍ਰਕਾਰ ਮਦਦ ਕਰਨ। ਉਹਨਾਂ ਕਿਹਾ ਕਿ ਇਹ ਹੜ੍ਹ ਗੈਰ ਕੁਦਰਤੀ ਨਹੀਂ ਬਲਕਿ ਸਰਕਾਰਾਂ ਵੀ ਜਿੰਮੇਵਾਰ ਹਨ, ਇਸ ਕਰਕੇ ਡੈਮਾਂ ਦਾ ਕੰਟਰੋਲ ਪੰਜਾਬ ਕੋਲ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸੰਨ 1988 ਵਿੱਚ ਵੀ ਹੜ੍ਹਾਂ ਦੇ ਕਰਕੇ ਭਾਰੀ ਤਬਾਹੀ ਹੋਈ ਸੀ ਤੇ ਸੰਨ 2023 ਵਿੱਚ ਵੀ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਸੀ। ਇਸ ਮੌਕੇ ਭਾਈ ਮਨਪ੍ਰੀਤ ਸਿੰਘ, ਭਾਈ ਮਨੋਹਰ ਸਿੰਘ, ਭਾਈ ਸੁਰਜੀਤ ਸਿੰਘ ਗ੍ਰੰਥੀ, ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ ਜੀਆ ਨੱਥਾ, ਭਾਈ ਹੈਪੀ ਸਿੰਘ ਸੈਣੀ, ਭਾਈ ਕੁਲਦੀਪ ਸਿੰਘ, ਮੀਤ ਸਿੰਘ ਤੇ ਹੋਰ ਹਾਜ਼ਰ ਸਨ।

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #