Nazrana Times

ਪੰਜਾਬੀ

18ਵਾਂ ਇੰਡੀਅਨ ਜਰਨਲਿਜ਼ਮ ਫੈਸਟੀਵਲ 2026 ਇੰਦੌਰ ਵਿੱਚ ਸ਼ੁਰੂ, ‘Gen-Z’ ਰਹੀ ਮੁੱਖ ਥੀਮ

02 Oct, 2026 07:45 PM

ਇੰਦੌਰ, 2 ਅਕਤੂਬਰ 2026 (ਨਜ਼ਰਾਨਾ ਟਾਈਮਜ਼): ਤਿੰਨ ਰੋਜ਼ਾ 18ਵਾਂ ਇੰਡੀਅਨ ਜਰਨਲਿਜ਼ਮ ਫੈਸਟੀਵਲ 2026 ਸ਼ੁੱਕਰਵਾਰ ਨੂੰ ਇੰਦੌਰ ਦੇ ਸਾਊਥ ਤੁਕੋਗੰਜ ਸਥਿਤ ਜਾਲ ਸਭਾਗ੍ਰਹਿ ਵਿੱਚ ਸ਼ੁਰੂ ਹੋਇਆ। ਸਟੇਟ ਪ੍ਰੈੱਸ ਕਲੱਬ, ਮੱਧ ਪ੍ਰਦੇਸ਼ ਵੱਲੋਂ ਕਰਵਾਏ ਜਾ ਰਹੇ ਇਸ ਕੌਮੀ ਪੱਧਰ ਦੇ ਪੱਤਰਕਾਰੀ ਸਮਾਗਮ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਸੀਨੀਅਰ ਪੱਤਰਕਾਰ, ਸੰਪਾਦਕ ਅਤੇ ਡਿਜੀਟਲ ਮੀਡੀਆ ਮਾਹਿਰ ਹਿੱਸਾ ਲੈ ਰਹੇ ਹਨ।

ਇਸ ਸਾਲ ਫੈਸਟੀਵਲ ਦੀ ਮੁੱਖ ਥੀਮ ‘Gen-Z’ ਹੈ। ਸਮਾਗਮ ਦੌਰਾਨ ਨਵੀਂ ਪੀੜ੍ਹੀ ਵੱਲੋਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਉੱਤੇ ਪੈ ਰਹੇ ਪ੍ਰਭਾਵ ਅਤੇ ਪੱਤਰਕਾਰੀ ਦੇ ਬਦਲਦੇ ਸਰੂਪ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਫੈਸਟੀਵਲ ਦੌਰਾਨ ਹਿੰਦੀ ਪੱਤਰਕਾਰੀ ਦੀਆਂ ਸੱਤ ਉੱਘੀਆਂ ਸ਼ਖ਼ਸੀਅਤਾਂ—ਮਰਹੂਮ ਰਾਹੁਲ ਬਾਰਪੁਤੇ, ਰਾਜੇਂਦਰ ਮਾਥੁਰ, ਪ੍ਰਭਾਸ਼ ਜੋਸ਼ੀ, ਮਾਣਿਕਚੰਦਰ ਵਾਜਪੇਈ, ਰਮੇਸ਼ਚੰਦਰ ਅਗਰਵਾਲ, ਅਭੈ ਛਜਲਾਨੀ ਅਤੇ ਕ੍ਰਿਸ਼ਨਕੁਮਾਰ ਅਸ਼ਟਾਨਾ—ਨੂੰ ਪ੍ਰਬੰਧਕਾਂ ਵੱਲੋਂ ‘ਸਪਤਰਿਸ਼ੀ’ ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।

ਜਸਟਿਸ ਜੇ.ਕੇ. ਮਹੇਸ਼ਵਰੀ ਮੁੱਖ ਮਹਿਮਾਨ ਵਜੋਂ ਸ਼ਾਮਲ

ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਦਘਾਟਨੀ ਸਮਾਗਮ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਜਸਟਿਸ ਜੇ.ਕੇ. ਮਹੇਸ਼ਵਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ, ਮਾਖਨਲਾਲ ਚਤੁਰਵੇਦੀ ਨੈਸ਼ਨਲ ਯੂਨੀਵਰਸਿਟੀ ਆਫ਼ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ ਦੇ ਵਾਈਸ ਚਾਂਸਲਰ ਬਿਜੈ ਮਨੋਹਰ ਤਿਵਾਰੀ ਅਤੇ ਐੱਮਡੀਐੱਚ ਦੇ ਚੇਅਰਮੈਨ ਰਾਜੀਵ ਗੁਲਾਟੀ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ।

ਕੌਮਾਂਤਰੀ ਅਤੇ ਕੌਮੀ ਪੱਤਰਕਾਰੀ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਵਿੱਚ ਸਾਰਕ ਜਰਨਲਿਸਟ ਫੋਰਮ ਦੇ ਪ੍ਰਧਾਨ ਰਾਜੂ ਲਾਮਾ, ਸਕੱਤਰ ਜਨਰਲ ਮੁਹੰਮਦ ਅਬਦੁਰ ਰਹਿਮਾਨ, ਫੈਡਰੇਸ਼ਨ ਆਫ਼ ਪ੍ਰੈੱਸ ਕਲੱਬਜ਼ ਦੇ ਪ੍ਰਧਾਨ ਗੌਤਮ ਲਹਿਰੀ ਅਤੇ ਕਰਸਪੌਂਡੈਂਟਸ ਕਲੱਬ ਆਫ਼ ਇੰਡੀਆ ਦੇ ਸਕੱਤਰ ਜਨਰਲ ਪ੍ਰਕਾਸ਼ ਨੰਦਾ ਵੀ ਸਮਾਗਮ ਵਿੱਚ ਸ਼ਾਮਲ ਹੋਏ।

ਫੈਸਟੀਵਲ ਕੋਆਰਡੀਨੇਟਰ ਸੁਦੇਸ਼ ਤਿਵਾਰੀ, ਪ੍ਰੋਗਰਾਮ ਡਾਇਰੈਕਟਰ ਅਤੇ ਸਟੇਟ ਪ੍ਰੈੱਸ ਕਲੱਬ ਮੱਧ ਪ੍ਰਦੇਸ਼ ਦੇ ਪ੍ਰਧਾਨ ਪ੍ਰਵੀਣ ਖਾਰੀਵਾਲ ਅਤੇ ਮੁੱਖ ਜਨਰਲ ਸਕੱਤਰ ਨਵਨੀਤ ਸ਼ੁਕਲਾ ਸਮਾਗਮ ਦੇ ਪ੍ਰਬੰਧਾਂ ਨਾਲ ਜੁੜੇ ਹੋਏ ਹਨ।

ਦੇਵਪ੍ਰਿਆ ਅਵਸਥੀ ਨੂੰ ਸਪਤਰਿਸ਼ੀ ਲਾਈਫਟਾਈਮ ਅਚੀਵਮੈਂਟ ਐਵਾਰਡ

ਫੈਸਟੀਵਲ ਦਾ ਇੱਕ ਮਹੱਤਵਪੂਰਨ ਹਿੱਸਾ ਪੱਤਰਕਾਰੀ ਖੇਤਰ ਵਿੱਚ ਲੰਬੀ ਸੇਵਾ ਅਤੇ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਹੈ।

73 ਸਾਲਾ ਸੀਨੀਅਰ ਸੰਪਾਦਕ ਦੇਵਪ੍ਰਿਆ ਅਵਸਥੀ ਨੂੰ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਮਰਹੂਮ ਨਰੇਸ਼ ਮਹਿਤਾ ਦੀ ਯਾਦ ਵਿੱਚ ਸਥਾਪਤ ਸਪਤਰਿਸ਼ੀ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਚੁਣਿਆ ਗਿਆ ਹੈ।

ਕੌਮੀ ਪੱਤਰਕਾਰੀ ਐਵਾਰਡਾਂ ਲਈ ਹਾਰਦਿਕ ਵਿਕਾਸ ਦਵੇ (Zee News), ਤੇਜਸ਼੍ਰੀ ਪੁਰੰਦਰੇ (NDTV), ਪੰਕਜ ਵਾਂਖੇੜੇ (News India), ਸ਼ੁਭਮ ਗੌਤਮ (NDTV MP-CG), ਪ੍ਰੀਤਾ ਉਪਾਧਿਆਏ (Zee Media), ਸ਼ਿਖਾ ਸ਼ਰਮਾ (Magnon Group), ਵੈਭਵ ਪਾਲਨੀਟਕਰ (Dainik Bhaskar Group), ਵਿਸ਼ਨੂਕਾਂਤ ਤਿਵਾਰੀ (BBC News Hindi), ਵਾਣੀ ਮਿਸ਼ਰਾ (IBC-24), ਹਿਮਾਂਸ਼ੀ ਤਿਵਾਰੀ (India TV) ਅਤੇ ਆਰਜੇ ਅਨਾਦੀ ਤਿਵਾਰੀ ਦੇ ਨਾਂ ਐਲਾਨੇ ਗਏ ਹਨ।

ਸੂਬਾਈ ਪੱਤਰਕਾਰੀ ਐਵਾਰਡਾਂ ਲਈ ਗਿਰੀਸ਼ ਉਪਾਧਿਆਏ, ਪ੍ਰਕਾਸ਼ ਭਟਨਾਗਰ (Anadi TV), ਦੇਸ਼ਦੀਪ ਸਕਸੇਨਾ (The Wildlife.com), ਸ਼ਰਦ ਦਿਵੇਦੀ (Bansal News), ਸੁਧੀਰ ਦੀਕਸ਼ਿਤ (News18 MP-CG), ਪ੍ਰਭੂ ਪਟੇਰੀਆ (Swaraj Express SMBC), ਸ਼ਿਫਾਲੀ (ETV Bharat Digital), ਸ਼ਰੁਤੀ ਤੋਮਰ (Hindustan Times), ਰਾਜੇਸ਼ ਸ਼ਰਮਾ (Dainik Bhaskar Digital), ਸ਼ਸ਼ੀਕਾਂਤ ਤ੍ਰਿਵੇਦੀ, ਭਾਵਨਾ ਸ਼ੁਕਲਾ (The Hitavada) ਅਤੇ ਪੰਕਜ ਸ਼ੁਕਲਾ (Subah-Savere) ਦੇ ਨਾਂ ਸ਼ਾਮਲ ਹਨ।

ਤਿੰਨ ਦਿਨ ਪੱਤਰਕਾਰੀ ਦੇ ਬਦਲਦੇ ਸਰੂਪ ’ਤੇ ਹੋਵੇਗੀ ਚਰਚਾ

ਤਿੰਨ ਰੋਜ਼ਾ ਫੈਸਟੀਵਲ ਦੌਰਾਨ ਵੱਖ-ਵੱਖ ਪੈਨਲ ਚਰਚਾਵਾਂ, ਮੀਡੀਆ ਸੰਮੇਲਨ ਅਤੇ ਵਿਚਾਰ-ਵਟਾਂਦਰਾ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਵਿੱਚ ਡਿਜੀਟਲ ਯੁੱਗ ਵਿੱਚ ਭਾਰਤੀ ਪੱਤਰਕਾਰੀ ਦੇ ਬਦਲਦੇ ਸਰੂਪ, Gen-Z ਦਰਸ਼ਕਾਂ, ਡਿਜੀਟਲ ਪਲੇਟਫਾਰਮਾਂ, ਨਵੀਆਂ ਤਕਨੀਕਾਂ ਅਤੇ ਖ਼ਬਰਾਂ ਪੜ੍ਹਨ-ਦੇਖਣ ਦੀਆਂ ਬਦਲਦੀਆਂ ਆਦਤਾਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ।

Posted By: GURBHEJ SINGH ANANDPURI

Latest News