Nazrana Times

ਪੰਜਾਬੀ

ਭਿੰਡਰਾਂਵਾਲਾ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਅੰਮ੍ਰਿਤਸਰ 'ਚ ਵਿਸ਼ੇਸ਼ ਸਨਮਾਨ ਅਤੇ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬਾਂ ਇੰਗਲੈਂਡ ਵਿੱਚ ਹੋਈਆਂ ਜਾਰੀ

07 Sep, 2026 07:04 PM

ਅੰਮ੍ਰਿਤਸਰ, 7 ਸਤੰਬਰ (ਚਰਨਜੀਤ ਸਿੰਘ): ਪਿਛਲੇ ਦਿਨੀਂ ਇੰਗਲੈਂਡ ਦੇ ਗੁਰਦੁਆਰਾ ਗੁਰੂ ਨਾਨਕ ਸਮੈਦਿਕ ਦੇ ਸਾਬਕਾ ਪ੍ਰਧਾਨ ਭਾਈ ਮਲਕੀਤ ਸਿੰਘ ਜੋ ਇੰਗਲੈਂਡ ਤੋਂ ਪੰਜਾਬ (ਭਾਰਤ) ਆਏ ਸਨ ਤੇ ਉਹਨਾਂ ਵੱਲੋਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੇ ਭਾਈ ਰਣਜੀਤ ਸਿੰਘ ਵੱਲੋਂ ਸਿੱਖ ਸੰਘਰਸ਼ ਦੇ ਨਾਮਵਰ ਅਤੇ ਅਣਗੌਲੇ ਸ਼ਹੀਦਾਂ ਉੱਤੇ ਲਿਖੀਆਂ ਤਵਾਰੀਖ਼ ਸ਼ਹੀਦ ਏ ਖਾਲਿਸਤਾਨ ਕਿਤਾਬਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਕਾਰਜ ਨੂੰ ਅਗਾਂਹ ਜਾਰੀ ਰੱਖਣ ਲਈ ਹੋਰ ਉਤਸ਼ਾਹਿਤ ਕੀਤਾ। ਭਾਈ ਮਲਕੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਸਮੈਦਿਕ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸਿੱਖ ਸੰਗਤਾਂ ਜੋ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀਆਂ ਸੇਵਾਵਾਂ ਤੋਂ ਬੇਹੱਦ ਖੁਸ਼ ਹਨ, ਸਾਡੀ ਕੌਮ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਅੱਗੇ ਜਾਰੀ ਰੱਖਣ, ਆਪਣੇ ਇਤਿਹਾਸ ਨੂੰ ਸੰਭਾਲਣ, ਸਿੱਖੀ ਦਾ ਪ੍ਰਚਾਰ ਕਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਸੇਧ ਦੇਣ। ਭਾਈ ਮਲਕੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਜੋ ਕਈ ਸ਼ਹੀਦਾਂ ਦੇ ਪਰਿਵਾਰਾਂ ਅਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚ ਵੀ ਗਏ ਜਿੱਥੇ ਉਹਨਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਅਤੇ ਸਹਾਇਤਾ ਕੀਤੀ ਗਈ। ਭਾਈ ਮਲਕੀਤ ਸਿੰਘ ਨੇ ਵਾਪਸ ਇੰਗਲੈਂਡ ਪੁੱਜ ਕੇ ਗੁਰਦੁਆਰਾ ਗੁਰੂ ਨਾਨਕ ਸਮੈਦਿਕ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀਆਂ ਤਿੰਨ ਕਿਤਾਬਾਂ ਤਵਾਰੀਖ ਸ਼ਹੀਦ ਏ ਖਾਲਿਸਤਾਨ (ਭਾਗ ਪਹਿਲਾ, ਦੂਜਾ, ਤੀਜਾ) ਖਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਵਿੱਚ ਜਾਰੀ ਕੀਤੀਆਂ ਤੇ ਇਸ ਮੌਕੇ ਉਹਨਾਂ ਨਾਲ ਗੁਰਦੁਆਰਾ ਗੁਰੂ ਨਾਨਕ ਸਮੈਦਿਕ ਦੇ ਮੌਜੂਦਾ ਪ੍ਰਧਾਨ ਭਾਈ ਜਤਿੰਦਰ ਸਿੰਘ ਬਾਸੀ, ਜਨਰਲ ਸਕੱਤਰ ਭਾਈ ਪਰਮਜੀਤ ਸਿੰਘ ਢਿੱਲੋਂ, ਭਾਈ ਮੰਗਤ ਸਿੰਘ, ਭਾਈ ਸਰਬਜੀਤ ਸਿੰਘ ਖਜਾਨਚੀ, ਭਾਈ ਇਕਬਾਲ ਸਿੰਘ ਅਤੇ ਹੋਰ ਹਾਜ਼ਰ ਸਨ।

Posted By: GURBHEJ SINGH ANANDPURI

Latest News