Nazrana Times

ਪੰਜਾਬੀ

ਕਪੂਰਥਲਾ : ਜ਼ਮੀਨੀ ਵਿਵਾਦ ਨੇ ਧਾਰਿਆ ਹਿੰਸਕ ਰੂਪ! ਪਿੰਡ ਟਿੱਬਾ ’ਚ ਦੋ ਧਿਰਾਂ ਵਿਚਾਲੇ ਖੂਨੀ ਟਕਰਾਅ ਤੋਂ ਬਾਅਦ ਫਾਇਰਿੰਗ

13 Nov, 2026 03:28 PM

ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਰਿਪੋਰਟ

ਕੁੱਟਮਾਰ ਦੌਰਾਨ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ, ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ; ਇੱਕ ਧਿਰ ਨੇ ਸਿੱਧੀ ਫਾਇਰਿੰਗ ਕਰਨ ਦੇ ਲਗਾਏ ਦੋਸ਼, ਪੁਲਿਸ ਨੇ ਹਵਾਈ ਫਾਇਰਿੰਗ ਹੋਣ ਦਾ ਕੀਤਾ ਦਾਅਵਾ

ਕਪੂਰਥਲਾ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਟਿੱਬਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਤਕਰਾਰ ਉਸ ਸਮੇਂ ਹਿੰਸਕ ਰੂਪ ਧਾਰ ਗਿਆ, ਜਦੋਂ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਈ ਅਤੇ ਇਸ ਤੋਂ ਬਾਅਦ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ।

ਘਟਨਾ ਸਬੰਧੀ ਇੱਕ ਧਿਰ ਦੇ ਗੁਰਤਾਜ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਪੰਚਾਇਤੀ ਪੱਧਰ ’ਤੇ ਫੈਸਲੇ ਹੋ ਚੁੱਕੇ ਸਨ, ਪਰ ਇਸ ਦੇ ਬਾਵਜੂਦ ਮੁੜ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਉੱਪਰ ਸਿੱਧੀ ਫਾਇਰਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਇੱਕ ਰਿਵਾਲਵਰ ਵੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।

ਉੱਧਰ, ਪੁਲਿਸ ਵੱਲੋਂ ਫਾਇਰਿੰਗ ਸਬੰਧੀ ਵੱਖਰਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ’ਤੇ ਹਵਾਈ ਫਾਇਰਿੰਗ ਹੋਈ ਸੀ। ਇਸ ਤੋਂ ਇਲਾਵਾ ਕੁੱਟਮਾਰ ਦੌਰਾਨ ਜ਼ਖਮੀ ਹੋਏ ਪ੍ਰਵਾਸੀ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ, ਜਿਸ ਕਾਰਨ ਘਟਨਾ ਸਬੰਧੀ ਉਸ ਦਾ ਪੱਖ ਸਾਹਮਣੇ ਨਹੀਂ ਆ ਸਕਿਆ।

ਇਸ ਸਬੰਧੀ ਐਸ.ਐਚ.ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪ੍ਰਾਪਤ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਫਿਲਹਾਲ ਪਿੰਡ ਟਿੱਬਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਇਸ ਟਕਰਾਅ, ਕੁੱਟਮਾਰ ਅਤੇ ਫਾਇਰਿੰਗ ਦੀ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਫਾਇਰਿੰਗ ਕਿਹੜੇ ਹਾਲਾਤਾਂ ਵਿੱਚ ਹੋਈ ਅਤੇ ਇਸ ਪੂਰੀ ਘਟਨਾ ਲਈ ਕੌਣ ਜ਼ਿੰਮੇਵਾਰ ਹੈ।

Posted By: Gaurav Maria

Latest News