Nazrana Times

ਪੰਜਾਬੀ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ...

26 Sep, 2026 10:31 PM

ਚੰਡੀਗੜ੍ਹ ਅਤੇ ਗੁਰਦਾਸਪੁਰ ਤੋਂ ਲੰਘ ਰਹੀ ਮਾਨਸੂਨ ਹਟ ਰਹੀ ਪਿੱਛੇ ਪਰ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਵਿਦਾਈ ਤੋਂ ਠੀਕ ਪਹਿਲਾਂ ਬਰਸਾਤੀ ਸਪੈਲ ਮਿਲ ਰਿਹਾ ਦੇਖਣ ਨੂੰ : ਮੌਸਮ ਵਿਭਾਗ

ਚੰਡੀਗੜ੍ਹ 26 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ ਪਿਆ। ਚੰਡੀਗੜ੍ਹ ਸਤੰਬਰ ਦਾ ਮਹੀਨਾ ਖ਼ਤਮ ਹੋਣ ਮੌਕੇ 'ਤੇ ਸ਼ਹਿਰ ਵਿੱਚ ਗਰਮੀ ਦਾ ਅਸਰ ਬਣਿਆ ਹੋਇਆ ਸੀ, ਪਰ ਮੀਂਹ ਪੈਣ ਨਾਲ ਮੌਸਮ 'ਚ ਬਦਲਾਅ ਆ ਗਿਆ। ਸਵੇਰ ਤੋਂ ਹੀ ਬੱਦਲ ਛਾਏ ਰਹੇ ਅਤੇ ਦੁਪਹਿਰ ਬਾਅਦ ਤੇਜ਼ ਬਾਰਿਸ਼ ਹੋਈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਮਿਲੀ।ਬਾਰਿਸ਼ ਹੋਣ 'ਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਸਵੇਰ ਅਤੇ ਰਾਤ ਦੇ ਸਮੇਂ ਹਲਕੀ ਠੰਢ ਦਾ ਅਹਿਸਾਸ ਵੀ ਹੋਵੇਗਾ। ਇਸ ਮਾਨਸੂਨ ਸੀਜ਼ਨ ਵਿੱਚ ਚੰਡੀਗੜ੍ਹ ਵਿੱਚ ਹੁਣ ਤੱਕ 697.6 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਆਮ ਨਾਲੋਂ 17.2 ਪ੍ਰਤੀਸ਼ਤ ਘੱਟ ਹੈ।..ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਮੌਸਮ ਜ਼ਿਆਦਾ ਸਖ਼ਤ ਰਹੇਗਾ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਅਤੇ ਤੇਜ਼ ਹਵਾਵਾਂ ਨਾਲ ਬੌਛਾਰਾਂ ਪੈਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਪ੍ਰਸ਼ਾਸਨ ਨੇ ਹਨੇਰੀ ਅਤੇ ਬਿਜਲੀ ਚਮਕਣ ਦੌਰਾਨ ਲੋਕਾਂ ਨੂੰ ਖੁੱਲ੍ਹੇ ਸਥਾਨਾਂ ਅਤੇ ਦਰੱਖਤਾਂ ਹੇਠਾਂ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਦੋਆਬਾ ਅਤੇ ਮਾਲਵਾ ਦੇ ਹੋਰ ਮੈਦਾਨੀ ਜ਼ਿਲ੍ਹਿਆਂ ਵਿੱਚ ਵੀ ਮੌਸਮ ਦਾ ਅਸਰ ਦਿਖਾਈ ਦੇਵੇਗਾ। ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਇੱਕ-ਦੋ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਦੇ ਇਸ ਦੌਰ ਨਾਲ ਝੋਨੇ ਦੀ ਫ਼ਸਲ ਦੀ ਕਟਾਈ ਵਿੱਚ ਜੁਟੇ ਕਿਸਾਨਾਂ ਨੂੰ ਥੋੜ੍ਹੀ ਸਾਵਧਾਨੀ ਵਰਤਣੀ ਪਵੇਗੀ। ਮੌਸਮ ਵਿੱਚ ਆਈ ਇਹ ਨਮੀ ਆਉਣ ਵਾਲੇ ਦਿਨਾਂ ਵਿੱਚ ਗੁਲਾਬੀ ਠੰਢ ਦੀ ਸ਼ੁਰੂਆਤ ਦਾ ਸੰਕੇਤ ਦੇ ਰਹੀ ਹੈ।

ਮੌਸਮ ਵਿਭਾਗ ਨੇ ਐਤਵਾਰ ਨੂੰ ਤੇਜ਼ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਦੋ ਦਿਨ ਦੀ ਬਾਰਿਸ਼ ਤੋਂ ਬਾਅਦ ਮੌਸਮ ਵਿੱਚ ਬਦਲਾਅ ਅਤੇ ਮਾਨਸੂਨ ਦੀ ਵਿਦਾਈ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ ਵਿੱਚ ਆਏ ਇਸ ਬਦਲਾਅ ਤੋਂ ਪਹਿਲਾਂ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਸੀ। ਭਵਿੱਖ 'ਚ ਮੌਸਮ ਨੂੰ ਲੈ ਕੇ ਹੋਰ ਕੀ ਮੌਸਮ ਵਿਭਾਗ ਵੱਲੋਂ ਜਾਣਕਾਰੀਆਂ ਸਾਹਮਣੇ ਆਉਣਗੀਆਂ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਜੇਕਰ ਤੇਜ ਹਵਾਵਾਂ ਦੇ ਨਾਲ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਤਾਂ ਪੱਕਣ ਤੇ ਖੜੀ ਅੱਧ ਕੱਚੀ ਹੋਈ ਝੋਨੇ ਦੀ ਫਸਲ ਮੀਂਹ ਭੈਣ ਕਾਰਨ ਅਤੇ ਤੇਜ਼ ਹਵਾਵਾਂ ਦੇ ਨਾਲ ਵੱਡਾ ਨੁਕਸਾਨ ਕਿਸਾਨਾਂ ਦਾ ਹੋਣ ਦੀਆਂ ਵੀ ਸੰਭਾਵਨਾਵਾਂ ਜਾਪਦੀਆਂ ਹਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News