Nazrana Times

ਪੰਜਾਬੀ

ਆਰ.ਐੱਸ.ਐੱਸ. ਵੱਲੋਂ ਸਿੱਖਾਂ ਵਿਚ ਘੁਸਪੈਠ : ਆਖਿਰ ਕਦੋਂ ਜਾਗਣਗੇ ਸਿੱਖ?

01 Aug, 2025 09:11 PM

ਆਰ.ਐੱਸ.ਐੱਸ. ਵੱਲੋਂ ਸਿੱਖਾਂ ਵਿਚ ਘੁਸਪੈਠ : ਆਖਿਰ ਕਦੋਂ ਜਾਗਣਗੇ ਸਿੱਖ?

ਪਿਛਲੇ ਕੁਝ ਦਹਾਕਿਆਂ ਤੋਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਸਿੱਖ ਧਰਮ, ਇਤਿਹਾਸ, ਅਤੇ ਪਛਾਣ ਨੂੰ ਨੁਕਸਾਨ ਪਹੁੰਚਾਉਣ ਲਈ ਇਕ ਸੁਚੱਜੀ ਅਤੇ ਯੋਜਨਾਬੱਧ ਰਣਨੀਤੀ ਅਪਣਾ ਕੇ ਆਪਣਾ ਕੰਮ ਕਰ ਰਿਹਾ ਹੈ। ਇਸ ਦਾ ਮੁੱਖ ਮਕਸਦ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਇਕ ਰੂਪ ਵਜੋਂ ਪੇਸ਼ ਕਰਕੇ ਇਸ ਦੀ ਵਿਲੱਖਣ ਅਤੇ ਖੁਦਮੁਖਤਿਆਰ ਪਛਾਣ ਨੂੰ ਮਿਟਾਉਣਾ ਹੈ। ਇਹ ਘੁਸਪੈਠ ਸਿੱਖਾਂ ਦੇ ਆਤਮ-ਗੌਰਵ ਲਈ ਗੰਭੀਰ ਖਤਰਾ ਬਣ ਚੁੱਕੀ ਹੈ।

ਆਰ.ਐੱਸ.ਐੱਸ. ਦੀ ਵਿਚਾਰਧਾਰਾ "ਇਕ ਰਾਸ਼ਟਰ, ਇਕ ਸਭਿਆਚਾਰ, ਇਕ ਪਛਾਣ" ਦੇ ਸਿਧਾਂਤ 'ਤੇ ਅਧਾਰਤ ਹੈ, ਜੋ ਹਿੰਦੂਤਵ ਨੂੰ ਫੈਲਾਉਣ ਦਾ ਕੰਮ ਕਰਦੀ ਹੈ। ਇਹ ਵਿਚਾਰਧਾਰਾ ਭਾਰਤ ਦੀ ਧਾਰਮਿਕ ਅਤੇ ਸਭਿਆਚਾਰਕ ਵਿਭਿੰਨਤਾ ਨੂੰ ਖਤਰੇ ਵਜੋਂ ਵੇਖਦੀ ਹੈ। ਇਸ ਦੇ ਤਹਿਤ, ਸਿੱਖਾਂ ਨੂੰ ਹੌਲੀ-ਹੌਲੀ ਹਿੰਦੂ ਧਰਮ ਦਾ ਹਿੱਸਾ ਦਰਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਆਰ.ਐੱਸ.ਐੱਸ. ਨਾਲ ਜੁੜੇ ਲੇਖਕ, ਅਕਾਦਮਿਕ, ਅਤੇ ਅਨੁਸੰਧਾਨੀ ਸੰਸਥਾਵਾਂ ਸਿੱਖ ਇਤਿਹਾਸ ਨੂੰ ਮੁੜ ਪਰਿਭਾਸ਼ਤ ਕਰਨ ਦੀ ਮੁਹਿੰਮ ਵਿਚ ਜੁਟੇ ਹੋਏ ਹਨ। ਉਦਾਹਰਣ ਵਜੋਂ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ "ਹਿੰਦੂ ਧਰਮ ਦੀ ਰੱਖਿਆ ਲਈ ਬਲਿਦਾਨ" ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ, ਸਿੱਖ ਰਾਜ ਨੂੰ ਹਿੰਦੂ ਰਾਜ ਦੇ ਅੰਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਗੁਰਬਾਣੀ ਦੀ ਸੋਚ ਨੂੰ ਹਿੰਦੂ ਦਰਸ਼ਨ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਸਿਰਫ਼ ਇਤਿਹਾਸਕ ਗਲਤੀਆਂ ਨਹੀਂ, ਸਗੋਂ ਇਕ ਸੰਗਠਿਤ ਸਾਜ਼ਿਸ਼ ਹੈ, ਜਿਸ ਦਾ ਉਦੇਸ਼ ਭਵਿੱਖ ਦੀ ਸਿੱਖ ਪੀੜ੍ਹੀ ਨੂੰ ਉਸ ਦੀ ਅਸਲੀ ਪਛਾਣ ਅਤੇ ਵਿਰਸੇ ਤੋਂ ਵਾਂਝਾ ਕਰਨਾ ਹੈ।

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸਿੱਖ ਸੰਸਥਾਵਾਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.), ਸਿੱਖ ਯੂਨੀਵਰਸਿਟੀਆਂ, ਅਤੇ ਵਿਦਵਾਨ, ਇਸ ਮੁੱਦੇ 'ਤੇ ਜਾਂ ਤਾਂ ਪੂਰੀ ਤਰ੍ਹਾਂ ਚੁੱਪ ਹਨ ਜਾਂ ਕਈ ਵਾਰ ਇਸ ਰਣਨੀਤੀ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਹਨ। ਇਹ ਚੁੱਪੀ ਅਕਸਰ ਰਾਜਨੀਤਿਕ ਦਬਾਅ, ਗਿਆਨ ਦੀ ਕਮੀ, ਜਾਂ ਸੂਝ ਦੇ ਅਭਾਵ ਕਾਰਨ ਹੁੰਦੀ ਹੈ। ਇਸ ਨਿਸ਼ਕਿਰਿਆਤਾ ਨੇ ਆਰ.ਐੱਸ.ਐੱਸ. ਦੀ ਘੁਸਪੈਠ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਨਾਲ ਸਿੱਖ ਅਸਮੀਤਾ ਨੂੰ ਹੋਰ ਖਤਰਾ ਪੈਦਾ ਹੋ ਗਿਆ ਹੈ।

ਗੌਰਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਖੁਦ ਨੂੰ ਵਿਦਵਾਨ ਕਹਾਉਣ ਵਾਲੇ ਯੂਨੀਵਰਸਿਟੀਆਂ ਦੇ ਅਖੌਤੀ ਵਿਦਵਾਨ ਪ੍ਰੋਫੈਸਰ ਸੰਘ ਦੇ ਝੋਲੀਚੁੱਕ ਬਣ ਚੁੱਕੇ ਹਨ, ਅਤੇ ਪੰਥ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ। ਸਭ ਨੇ ਕ਼ਲ ਦੀ ਇਕ ਵੀਡੀਓ ਵੇਖੀ ਹੈ ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮ੍ਰਿਤਸਰ ਸਾਹਿਬ ਦਾ ਵੀ.ਸੀ. ਪ੍ਰੋਫੈਸਰ ਕਰਮਜੀਤ ਸਿੰਘ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਆਪਣੀ ਯੂਨੀਵਰਸਿਟੀ ਦੀ ਪ੍ਰੌਗਰੈਸ ਰਿਪੋਰਟ ਦੇ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਯੂਨੀਵਰਸਿਟੀ ਦਾ ਨੁਮਾਇੰਦਾ ਸੰਘ ਅੱਗੇ ਜੀ ਹਜ਼ੂਰੀ ਕਰ ਰਿਹਾ ਹੈ ਅਤੇ ਇਸ ਉੱਪਰ ਸਿੱਖਾਂ ਦੀ ਸਰਵ-ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ। ਤੇ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਕੋਈ ਨੋਟਸ ਲਿਆ ਗਿਆ ਹੈ। ਇਹ ਸਭ ਪ੍ਰੇਸ਼ਾਨ ਕਰਣ ਵਾਲਾ ਹੈ।

ਇਹ ਸਿਰਫ ਇਥੇ ਤੱਕ ਹੀ ਸੀਮਤ ਨਹੀਂ, ਸਗੋਂ ਸੰਘ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਕਾਲਜਾਂ ਵਿਚ ਵੀ ਸਿੱਖ ਚਿਹਰਿਆਂ ਦੇ ਰੂਪ ਵਿਚ ਆਪਣੇ ਘੁਸਪੈਠੀਏ ਸ਼ਾਮਲ ਕਰ ਚੁੱਕਾ ਹੈ। ਪਿੱਛੇ ਜਿਹੇ ਸੁਣਨ ਵਿਚ ਇਹ ਵੀ ਆਇਆ ਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਵੀ ਸੰਘ ਨੇ ਆਪਣੇ ਕੁਝ ਸਿੱਖ ਭੇਸ ਵਿਚ ਬੈਠੇ ਪ੍ਰੋਫੈਸਰਾਂ ਰਾਹੀਂ ਹਥਿਆਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਪਿਛਲੇ ਦੋ-ਤਿੰਨ ਸਾਲ ਪਹਿਲਾਂ ਸੰਘ ਦੇ ਸਮਾਗਮ ਵਿਚ ਸ਼ਿਰਕਤ ਕਰਦਿਆਂ ਦਿੱਲੀ ਦੇ ਵੀ 4,5 ਪੰਜਾਬੀ ਭਾਸ਼ਾ ਦੇ ਪ੍ਰੋਫੈਸਰਾਂ ਦੀਆਂ ਵੀ ਫੋਟੋਆਂ ਵੀ ਆਈਆਂ ਸਨ। ਭਾਵੇਂ ਉਹ ਕੋਈ ਪੰਜਾਬ ਦੀ ਰਾਜ ਯੂਨੀਵਰਸਿਟੀ ਹੋਏ, ਭਾਵੇਂ ਬਠਿੰਡੇ ਵਾਲੀ ਸੈਂਟਰਲ ਯੁਨੀਵਰਸਿਟੀ ਹੋਵੇ, ਸਭ ਜਗ੍ਹਾ ਸੰਘ ਆਪਣੀਆਂ ਡੂੰਘੀਆਂ ਜੜ੍ਹਾਂ ਪਸਾਰ ਕੇ ਬੈਠਾ ਹੈ। ਨਾਲ ਹੀ ਖਾਲਸਾ ਕਾਲਜ ਅਮ੍ਰਿਤਸਰ ਸਾਹਿਬ ਵਰਗਿਆਂ ਸੰਸਥਾਵਾਂ ਤੇ ਨਾਸਤਿਕ ਬਿਰਤੀ ਦਾ ਕਬਜਾ ਹੈ, ਜਿੰਨਾਂ ਨੇ ਖਾਲਸੇ ਦੀ ਸੰਸਥਾ ਨੂੰ ਨਚਾਰਾਂ ਦੀ ਸੰਸਥਾ ਬਣਾਉਣ ਦਾ ਬੀੜਾ ਚੁੱਕਿਆ ਹੈ।

ਸਿੱਖ ਪੰਥ ਦੀ ਇਹ ਗਹਿਰੀ ਨੀਂਦ ਹੁਣ ਬਹੁਤ ਲੰਮੀ ਹੋ ਚੁੱਕੀ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਸਿਰਫ਼ ਨਾਅਰੇਬਾਜ਼ੀ ਜਾਂ ਸਮਾਗਮਾਂ ਤੱਕ ਸੀਮਤ ਨਾ ਰਹੀਏ, ਸਗੋਂ ਇਕ ਗੰਭੀਰ, ਰਣਨੀਤਿਕ, ਅਤੇ ਅਕਾਦਮਿਕ ਮੁਹਿੰਮ ਸ਼ੁਰੂ ਕਰੀਏ। ਸਿੱਖ ਵਿੱਦਵਾਨਾਂ ਨੂੰ ਪ੍ਰੋਤਸਾਹਿਤ ਕਰਨਾ, ਨੌਜਵਾਨਾਂ ਨੂੰ ਗੁਰਮਤ ਅਧਿਐਨ, ਇਤਿਹਾਸ, ਅਤੇ ਅਕਾਦਮਿਕ ਲਿਖਤ ਲਈ ਤਿਆਰ ਕਰਨਾ, ਐਸ.ਜੀ.ਪੀ.ਸੀ. ਅਤੇ ਸਿੱਖ ਸੰਸਥਾਵਾਂ ਤੋਂ ਜਵਾਬਦੇਹੀ ਮੰਗਣਾ ਸਮੇਂ ਦੀਆਂ ਮੁੱਖ ਲੋੜਾਂ ਹਨ।

ਜੇ ਅਸੀਂ ਅੱਜ ਆਪਣੇ ਇਤਿਹਾਸ ਅਤੇ ਪਛਾਣ ਨੂੰ ਨਹੀਂ ਬਚਾਵਾਂਗੇ, ਤਾਂ ਭਵਿੱਖ ਵਿਚ ਕੋਈ ਹੋਰ ਸੰਭਾਲਣ ਨਹੀਂ ਆਵੇਗਾ। ਆਰ.ਐੱਸ.ਐੱਸ. ਦੀ ਇਹ ਸੁਚੇਤ ਘੁਸਪੈਠ ਸਿੱਖੀ ਦੀ ਆਤਮਕਤਾ, ਇਤਿਹਾਸ, ਅਤੇ ਸਵੈਮਾਣ ਲਈ ਸਿੱਧੀ ਚੁਣੌਤੀ ਹੈ। ਸਵਾਲ ਇਹ ਨਹੀਂ ਕਿ ਸਿੱਖ ਪੰਥ ਕਦੋਂ ਜਾਗੇਗਾ, ਸਵਾਲ ਇਹ ਹੈ ਕਿ ਜਦੋਂ ਤੱਕ ਅਸੀਂ ਨਹੀਂ ਜਾਗਦੇ, ਕੀ ਅਸੀਂ ਉਨ੍ਹਾਂ ਦੀਆਂ ਲਿਖੀਆਂ ਝੂਠੀਆਂ ਕਿਤਾਬਾਂ, ਉਹਨਾਂ ਦੁਆਰਾ ਘੜ੍ਹੇ ਗਏ ਸਿਲੇਬਸ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਰਹਾਂਗੇ?

ਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਫੈਡਰੇਸ਼ਨ ਇਸ ਹਨੇਰਗਰਦੀ ਖਿਲਾਫ਼ ਆਪਣਾ ਮੋਰਚਾ ਖੋਲ੍ਹਦੀ ਹੈ। ਅਤੇ ਸਭ ਜਾਗਦੇ ਹੋਏ ਸਿਰਾਂ ਨੂੰ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਲਈ ਪੰਥ ਅੱਗੇ ਬੇਨਤੀ ਕਰਦੀ ਹੈ।


               ਬੇਨਤੀ ਕਰਤਾ, ਭਾਈ ਜੁਗਰਾਜ ਸਿੰਘ ਮਝੈਲ।

           ਮੁੱਖ ਸੇਵਾਦਾਰ, ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #