ਮਾਨ ਦਲ ਦੇ ਨੌਜਵਾਨ ਆਗੂ ਭਾਈ ਸੰਦੀਪ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ’ਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 1 ਅਕਤੂਬਰ (ਚਰਨਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨ ਆਗੂ ਭਾਈ ਸੰਦੀਪ ਸਿੰਘ ਖ਼ਾਲਸਾ (ਟਾਂਡਾ) ਦੇ ਅੱਜ ਅਚਾਨਕ ਚੜ੍ਹਾਈ ਕਰ ਜਾਣ ’ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਰਿਵਾਰ, ਸਾਥੀਆਂ ਅਤੇ ਪੰਥਕ ਹਲਕਿਆਂ ਲਈ ਦੁਖਦਾਈ ਵਿਛੋੜਾ ਦੱਸਿਆ ਹੈ।
ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਭਾਈ ਸੰਦੀਪ ਸਿੰਘ ਖ਼ਾਲਸਾ ਦੇ ਸਰੀਰਕ ਵਿਛੋੜੇ ਨਾਲ ਖ਼ਾਲਸਾ ਪੰਥ ਨੇ ਇੱਕ ਸਰਗਰਮ ਅਤੇ ਸੰਘਰਸ਼ਸ਼ੀਲ ਨੌਜਵਾਨ ਆਗੂ ਗੁਆ ਲਿਆ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ, “ਭਾਈ ਸੰਦੀਪ ਸਿੰਘ ਖ਼ਾਲਸਾ ਨਾਲ ਮੇਰੀ ਕਰੀਬ ਦਸ ਸਾਲ ਪੁਰਾਣੀ ਸਾਂਝ ਸੀ। ਉਹ ਪੰਥ ਅਤੇ ਪੰਜਾਬ ਨੂੰ ਸਮਰਪਿਤ ਗੁਰਸਿੱਖ ਨੌਜਵਾਨ ਸੀ। ਉਸ ਦੇ ਅਚਾਨਕ ਤੁਰ ਜਾਣ ਦੀ ਖ਼ਬਰ ਨੇ ਮਨ ਨੂੰ ਡੂੰਘੀ ਸੱਟ ਮਾਰੀ ਹੈ। ਅਜੇ ਉਸ ਨੇ ਪੰਥਕ ਖੇਤਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਨਿਭਾਉਣੀਆਂ ਸਨ, ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ।”
ਉਨ੍ਹਾਂ ਕਿਹਾ ਕਿ ਭਾਈ ਸੰਦੀਪ ਸਿੰਘ ਖ਼ਾਲਸਾ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਸਮਰਪਿਤ ਅਤੇ ਸੰਘਰਸ਼ਸ਼ੀਲ ਗੁਰਸਿੱਖ ਸੀ। ਉਹ ਰੋਮ-ਰੋਮ ਕਰਕੇ ਪੰਥ ਅਤੇ ਪੰਜਾਬ ਨੂੰ ਪ੍ਰਣਾਇਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਜੁੜ ਕੇ ਉਹ ਲੰਮੇ ਸਮੇਂ ਤੋਂ ਪੰਥਕ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਆ ਰਿਹਾ ਸੀ। ਹਰੇਕ ਪੰਥਕ ਮੋਰਚੇ ਅਤੇ ਸੰਘਰਸ਼ ਵਿੱਚ ਉਸ ਦੀ ਡਟਵੀਂ ਹਾਜ਼ਰੀ ਰਹਿੰਦੀ ਸੀ ਅਤੇ ਉਹ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ ਵਾਲਾ ਵਧੀਆ ਬੁਲਾਰਾ ਵੀ ਸੀ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਨੇ ਇਸ ਵਾਰ ਟਾਂਡਾ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜਨੀ ਸੀ ਅਤੇ ਉਹ ਇਸ ਸਬੰਧੀ ਪੰਥਕ ਤੇ ਸਿਆਸੀ ਸਰਗਰਮੀਆਂ ਵਿੱਚ ਜੁਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਪੰਥਕ ਆਵਾਜ਼ ਦਾ ਇਸ ਤਰ੍ਹਾਂ ਅਚਾਨਕ ਖ਼ਾਮੋਸ਼ ਹੋ ਜਾਣਾ ਬੇਹੱਦ ਦੁਖਦਾਈ ਹੈ ਅਤੇ ਉਨ੍ਹਾਂ ਨਾਲ ਬਿਤਾਇਆ ਸਮਾਂ ਤੇ ਪੰਥਕ ਸੰਘਰਸ਼ਾਂ ਦੀਆਂ ਯਾਦਾਂ ਹਮੇਸ਼ਾ ਸਾਥੀਆਂ ਦੇ ਦਿਲਾਂ ਵਿੱਚ ਵਸੀਆਂ ਰਹਿਣਗੀਆਂ।
ਫੈਡਰੇਸ਼ਨ ਆਗੂਆਂ ਨੇ ਦੱਸਿਆ ਕਿ ਭਾਈ ਸੰਦੀਪ ਸਿੰਘ ਖ਼ਾਲਸਾ ਪਿਛਲੇ ਦਿਨੀਂ ਸਿਹਤ ਸਬੰਧੀ ਸਮੱਸਿਆ ਕਾਰਨ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਅਚਾਨਕ ਚੜ੍ਹਾਈ ਕਰ ਜਾਣ ਦੀ ਖ਼ਬਰ ਮਿਲਦਿਆਂ ਹੀ ਪੰਥਕ ਸਫ਼ਾਂ ਅਤੇ ਉਨ੍ਹਾਂ ਦੇ ਸਨੇਹੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਅਖੀਰ ਵਿੱਚ ਫੈਡਰੇਸ਼ਨ ਆਗੂਆਂ ਨੇ ਭਾਈ ਸੰਦੀਪ ਸਿੰਘ ਖ਼ਾਲਸਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਰਦਾਸ ਕੀਤੀ, “ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ, ਸਨੇਹੀਆਂ ਤੇ ਜਥੇਬੰਦੀ ਦੇ ਸਾਥੀਆਂ ਨੂੰ ਇਸ ਅਸਹਿ ਵਿਛੋੜੇ ਨੂੰ ਗੁਰੂ ਦਾ ਭਾਣਾ ਮੰਨਣ ਦਾ ਬਲ ਬਖ਼ਸ਼ਣ।”
Posted By: GURBHEJ SINGH ANANDPURI