ਡੰਕੀ ਰਾਹੀਂ ਅਮਰੀਕਾ ਗਏ ਨੌਜਵਾਨ ਦੀ ਵਾਪਸੀ, 45 ਲੱਖ ਦੀ ਠੱਗੀ ਦਾ ਸ਼ਿਕਾਰ
ਅਮਰੀਕਾ ਵਿੱਚ ਨਵੀਂ ਸਰਕਾਰ ਬਣਨ ਦੇ ਬਾਅਦ, ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਤਾਜ਼ਾ ਮਾਮਲੇ ਵਿੱਚ, ਅੰਮ੍ਰਿਤਸਰ ਹਵਾਈ ਅੱਡੇ ‘ਤੇ 104 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬ ਅਤੇ ਹਰਿਆਣਾ ਦੇ ਹਨ।
ਇਨ੍ਹਾਂ ਵਿੱਚ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਖਾਨਪੁਰ ਖੁਰਦ ਦਾ ਨਿਸ਼ਾਂਤ ਵੀ ਸ਼ਾਮਲ ਹੈ। ਨਿਸ਼ਾਂਤ ਨੇ ਆਪਣੇ ਸੰਘਰਸ਼ ਦੀ ਦਾਸਤਾਨ ਦੱਸਦਿਆਂ ਕਿਹਾ ਕਿ ਉਹ ਡੰਕੀ ਰਾਹੀਂ ਅਮਰੀਕਾ ਪਹੁੰਚਿਆ ਸੀ, ਪਰ ਉੱਥੇ ਅਮਰੀਕੀ ਫੌਜ ਅਤੇ ਪੁਲਿਸ ਨੇ ਉਸ ਨਾਲ ਬਹੁਤ ਬੁਰਾ ਵਤੀਰਾ ਕੀਤਾ। ਉਸ ਨੇ ਦੱਸਿਆ ਕਿ ਉਸਦੇ ਪਰਿਵਾਰ ਨੇ ਕਰਜ਼ਾ ਲੈ ਕੇ 45 ਲੱਖ ਰੁਪਏ ਇਕੱਠੇ ਕਰਕੇ ਰਾਜੇਸ਼ ਨਰਵਾਲ, ਨਿਵਾਸੀ ਨੂਰਾਂ ਖੇੜਾ, ਕਰਨਾਲ ਨੂੰ ਦਿੱਤੇ ਸਨ, ਜੋ ਕਿ ਵਿਦੇਸ਼ ਭੇਜਣ ਦਾ ਦਲਾਲ ਸੀ।
ਨਿਸ਼ਾਂਤ ਨੇ ਕਿਹਾ ਕਿ ਵਿਦੇਸ਼ ਜਾਣ ਦੀ ਖ਼ੁਆਹਿਸ ਨੇ ਉਸਦੇ ਪਰਿਵਾਰ ਨੂੰ ਵੱਡੇ ਕਰਜ਼ੇ ‘ਚ ਡੁਬੋ ਦਿੱਤਾ। ਉਸ ਨੇ ਹੋਰ ਨੌਜਵਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜਲਦੀ ਪੈਸੇ ਕਮਾਉਣ ਦੀ ਲਾਲਸਾ ‘ਚ ਉਹਨਾਂ ਨੂੰ ਆਪਣਾ ਭਵਿੱਖ ਖ਼ਤਰੇ ‘ਚ ਨਹੀਂ ਪਾਉਣਾ ਚਾਹੀਦਾ।
Posted By: GURBHEJ SINGH ANANDPURI