Nazrana Times

ਪੰਜਾਬੀ

ਨਾਂਦੇੜ ਵਿਖੇ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

13 Aug, 2026 04:27 PM

ਅੰਮ੍ਰਿਤਸਰ, 13 ਅਗਸਤ-ਨਜ਼ਰਾਨਾ ਟਾਈਮਜ ਬਿਊਰੋ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਰਿਵਾਰ ਨਾਲ ਦਰਸ਼ਨ ਦੀਦਾਰ ਕਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ’ਤੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਨਜ਼ਦੀਕ ਇਕ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਆਸਥਾ ਦੇ ਪ੍ਰਤੀਕ ਪਾਵਨ ਅਸਥਾਨ ’ਤੇ ਨੁਮਾਇੰਦਾ ਸਿੱਖ ਸਿਆਸੀ ਜਥੇਬੰਦੀ ਦੇ ਮੁਖੀ ’ਤੇ ਹਮਲਾ ਦੁਖਦਾਈ ਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦਰਸ਼ਨਾਂ ਲਈ ਪਰਿਵਾਰ ਸਮੇਤ ਗਏ ਸ. ਬਾਦਲ ’ਤੇ ਹਮਲਾ ਕਰਨਾ ਜਿਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਉਥੇ ਹੀ ਗੁਰੂ ਘਰ ਦੀ ਮਾਣ-ਮਰਯਾਦਾ ਦੀ ਸਿੱਧੇ ਤੌਰ ’ਤੇ ਤੌਹੀਨ ਹੈ। ਹਰ ਸਿੱਖ ਭਾਵਨਾ ਨਾਲ ਗੁਰੂ ਘਰ ਆਉਂਦਾ ਹੈ ਅਤੇ ਕਿਸੇ ਸ਼ਰਧਾਲੂ ’ਤੇ ਅਜਿਹਾ ਹਮਲਾ ਸਿੱਖ ਸ਼ਰਧਾ ਨੂੰ ਸਿੱਧੀ ਠੇਸ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸਿੱਖਾਂ ਨੂੰ ਆਪਸ ਵਿਚ ਲੜਾ ਕੇ ਕੌਮ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਅਜਿਹੇ ਮਨਸੂਬਿਆਂ ਲਈ ਹੀ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਅਤੇ ਮਰਯਾਦਾ ਸਮੁੱਚੇ ਸਿੱਖ ਪੰਥ ਲਈ ਸਰਵਉੱਚ ਹੈ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਵਾਪਰੀ ਅਜਿਹੀ ਦੁਖਦਾਈ ਘਟਨਾ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਕੇ ਇਸ ਘਟਨਾ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।

Posted By: GURBHEJ SINGH ANANDPURI

Latest News