ਪੰਥ ਤੇ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਨੂੰ ਹਰਾਉਣ ਲਈ ਪੰਥਕ ਧਿਰਾਂ ਇਕੱਠੀਆਂ ਹੋਣ: ਭਾਈ ਮਨਦੀਪ ਸਿੰਘ ਜਤਾਲਾ
ਜਗਰਾਉਂ, 14 ਨਵੰਬਰ (ਕੁਲਵਿੰਦਰ ਸਿੰਘ ਚੰਦੀ): ਭਾਈ ਮਨਦੀਪ ਸਿੰਘ ਜਤਾਲਾ ਨੇ ਕਿਹਾ ਕਿ ਕਾਂਗਰਸ ਹੋਵੇ, ਬਾਦਲ ਦਲ, ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ, ਕਿਸੇ ਨੇ ਵੀ ਪੰਥ ਅਤੇ ਪੰਜਾਬ ਨਾਲ ਵਫ਼ਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਵਾਰੀ-ਵਾਰੀ ਰਾਜ ਕਰਕੇ ਪੰਥ ਤੇ ਪੰਜਾਬ ਨੂੰ ਕੁੱਟਿਆ ਅਤੇ ਲੁੱਟਿਆ ਹੈ। ਹਾਕਮਾਂ ਦੇ ਚਿਹਰੇ ਬਦਲਦੇ ਰਹੇ, ਪਰ ਪੰਜਾਬ ਦੇ ਬੁਨਿਆਦੀ ਮਸਲੇ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਵੋਟਾਂ ਲੈਣ ਵੇਲੇ ਵੱਡੇ ਵਾਅਦੇ ਕਰਨ ਵਾਲੇ ਆਗੂ ਕੁਰਸੀਆਂ ਮਿਲਦਿਆਂ ਹੀ ਪੰਜਾਬ ਦੇ ਹੱਕਾਂ ਤੋਂ ਮੂੰਹ ਮੋੜ ਲੈਂਦੇ ਹਨ। ਪੰਜਾਬ ਨੂੰ ਹੁਣ ਹੋਰ ਝੂਠੇ ਲਾਰਿਆਂ ਵਿੱਚ ਉਲਝਾਉਣ ਦੀ ਥਾਂ ਉਸ ਦੇ ਮਸਲਿਆਂ ਦਾ ਪੱਕਾ ਹੱਲ ਚਾਹੀਦਾ ਹੈ। ਭਾਈ ਜਤਾਲਾ ਨੇ ਕਿਹਾ ਕਿ ਅੱਜ ਸਮੁੱਚੀਆਂ ਪੰਥਕ ਧਿਰਾਂ ਨੂੰ ਆਪਣੇ ਮਤਭੇਦ ਅਤੇ ਨਿੱਜੀ ਹਿੱਤ ਪਾਸੇ ਰੱਖ ਕੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਥਕ ਧਿਰਾਂ ਸਾਂਝਾ ਪ੍ਰੋਗਰਾਮ ਅਤੇ ਮਜ਼ਬੂਤ ਏਕਤਾ ਬਣਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਹੁਣ ਤੋਂ ਹੀ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਸਿਰਫ਼ ਬਿਆਨਾਂ ਤੱਕ ਸੀਮਤ ਨਾ ਰਹੇ, ਸਗੋਂ ਅਮਲੀ ਰੂਪ ਵਿੱਚ ਸਾਹਮਣੇ ਆਵੇ। ਪੰਜਾਬ ਦਾ ਭਵਿੱਖ ਨਿੱਜੀ ਕੁਰਸੀਆਂ ਨਾਲੋਂ ਵੱਡਾ ਹੈ ਅਤੇ ਇਸ ਦੀ ਰਾਖੀ ਲਈ ਸਾਂਝੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।