ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦੇ ਫੈਸਲੇ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਖ਼ਤ ਵਿਰੋਧ
ਅੰਮ੍ਰਿਤਸਰ, 17 ਮਈ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦਾ ਐਲਾਨ ਕੀਤਾ ਹੈ ਜਿਸ 'ਤੇ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ ਜਤਾਇਆ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੰਥਕ ਆਗੂ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ, ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਖ਼ਾਲਸਾ ਫ਼ਤਹਿਨਾਮਾ ਦੇ ਸੰਪਾਦਕ ਸ. ਰਣਜੀਤ ਸਿੰਘ, ਭਾਈ ਅੰਗਦ ਸਿੰਘ ਕਸ਼ਮੀਰ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਹਰਪ੍ਰੀਤ ਸਿੰਘ ਪੰਮਾ ਆਸਟਰੀਆ ਅਤੇ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦਾ ਕੇਂਦਰੀ ਸਿੱਖ ਅਜਾਇਬ ਘਰ 'ਚ ਉਹਨਾਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਹੀ ਲੱਗਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੇ ਸਿੱਖ ਕੌਮ, ਖ਼ਾਲਸਾ ਪੰਥ ਅਤੇ ਦੇਸ ਪੰਜਾਬ ਲਈ ਘਾਲਣਾ ਘਾਲੀਆਂ ਹੋਣ ਤੇ ਪੰਥ ਨੂੰ ਉਹਨਾਂ ਉੱਤੇ ਫ਼ਖ਼ਰ ਹੋਵੇ। ਪਰ ਡਾਕਟਰ ਮਨਮੋਹਨ ਸਿੰਘ ਤਾਂ ਭਾਰਤ ਦੇ ਉੱਚ ਅਹੁਦਿਆਂ ਉੱਤੇ ਹੋਣ ਦੇ ਬਾਵਜੂਦ ਵੀ ਪੰਥ ਅਤੇ ਪੰਜਾਬ ਲਈ ਕੁਝ ਨਾ ਕਰ ਸਕਿਆ, ਸਗੋਂ ਉਹ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੇ ਹੁਕਮਾਂ ਉੱਤੇ ਪੰਥ ਅਤੇ ਪੰਜਾਬ ਵਿਰੁੱਧ ਭੁਗਤਦਾ ਰਿਹਾ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਦੀ ਬਜਾਏ ਸਗੋਂ ਸ਼੍ਰੋਮਣੀ ਕਮੇਟੀ ਨੂੰ ਅਜਾਇਬ ਘਰ 'ਚ ਤੁਰੰਤ ਹੀ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਸ਼ਹੀਦ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ, ਸ਼ਹੀਦ ਭਾਈ ਹਰਮੀਤ ਸਿੰਘ ਪੀਐਚਡੀ, ਭਾਈ ਗਜਿੰਦਰ ਸਿੰਘ ਹਾਈਜੈਕਰ, ਭਾਈ ਮਹਿਲ ਸਿੰਘ ਬੱਬਰ ਅਤੇ ਭਾਈ ਲਖਬੀਰ ਸਿੰਘ ਰੋਡੇ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀਆਂ ਸਿੱਖ ਕੌਮ ਦੇ ਲੇਖੇ ਲਾ ਦਿੱਤੀਆਂ ਤੇ ਵੱਡੀਆਂ ਕੁਰਬਾਨੀਆਂ ਕੀਤੀਆਂ। ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ, ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਅਤੇ ਦਸ ਸਾਲ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ ਡਾਕਟਰ ਮਨਮੋਹਨ ਸਿੰਘ ਨੇ ਚੁੱਪੀਧਾਰੀ ਰੱਖੀ, ਉਹ ਗਵਰਨਰ ਅਤੇ ਪ੍ਰਧਾਨ ਮੰਤਰੀ ਵੀ ਰਿਹਾ ਪਰ ਉਸਨੇ ਸਿੱਖ ਕੌਮ ਦੇ ਭਲੇ ਲਈ ਇੱਕ ਵੀ ਕਾਰਜ ਨਾ ਕੀਤਾ, ਉਹ ਸਿੱਖ ਕੌਮ ਦੀ ਆਜ਼ਾਦੀ ਦੇ ਵਿਰੁੱਧ ਭੁਗਤਦਾ ਰਿਹਾ, ਸਿੱਖਾਂ ਦੀਆਂ ਕਾਲੀਆਂ ਸੂਚੀਆਂ ਵੀ ਖ਼ਤਮ ਨਾ ਕਰਵਾ ਸਕਿਆ ਅਤੇ ਉਲਟਾ ਵਿਦੇਸ਼ਾਂ ਵਿੱਚ ਜਾ ਕੇ ਸੰਘਰਸ਼ਸ਼ੀਲ ਗੁਰਸਿੱਖਾਂ ਦਾ ਵਿਰੋਧ ਕਰਦਾ ਰਿਹਾ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਉਸ ਕਾਂਗਰਸ ਅਤੇ ਭਾਰਤ ਨੂੰ ਸਾਰੀ ਉਮਰ ਆਪਣੀਆਂ ਸਿਆਸੀ ਸੇਵਾਵਾਂ ਦਿੱਤੀਆਂ ਜਿਸ ਕਾਂਗਰਸ ਅਤੇ ਭਾਰਤ ਸਰਕਾਰ ਨੇ ਸਿੱਖਾਂ ਦਾ ਮਲੀਆਮੇਟ ਕਰਨਾ ਚਾਹਿਆ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੀ ਸਿੱਖਾਂ ਦੇ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਤੇ ਹੋਰਾਂ ਬੁੱਚੜਾਂ ਨਾਲ ਵੀ ਸਾਂਝ ਰਹੀ ਜਿਸ ਦੀਆਂ ਤਸਵੀਰਾਂ ਵੀ ਗਵਾਹ ਹਨ। ਡਾਕਟਰ ਮਨਮੋਹਨ ਸਿੰਘ ਦਾ ਰਿਮੋਟ ਕੰਟਰੋਲ ਸੋਨੀਆ ਗਾਂਧੀ ਕੋਲ ਰਿਹਾ ਤੇ ਉਹ ਕਾਂਗਰਸ ਦੀਆਂ ਉਂਗਲਾਂ 'ਤੇ ਨੱਚਦਾ ਰਿਹਾ, ਉਸਨੇ ਸਿੱਖ ਕੌਮ ਨੂੰ ਹਮੇਸ਼ਾਂ ਨਿਰਾਸ਼ ਕੀਤਾ। ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣਾ ਸਿੱਖ ਕੌਮ ਉੱਤੇ ਹਮਲਾ ਕੀਤੇ ਜਾਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਦਲ ਦਲ ਦੀ ਮੱਤ ਮਾਰੀ ਜਾ ਚੁੱਕੀ ਹੈ ਜੋ ਸਿੱਖ ਕੌਮ ਨੂੰ ਸੰਤਾਪ ਦੇਣ ਲਈ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਦਾ ਐਲਾਨ ਕਰ ਰਹੇ ਹਨ ਇਹ ਕਾਲ਼ਾ ਇਤਿਹਾਸ ਸਿਰਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਸਿੱਖ ਕੌਮ ਦੇ ਭਾਰੀ ਰੋਹ ਅਤੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੀਆਂ ਤਸਵੀਰਾਂ ਸਿੱਖ ਬਰਦਾਸ਼ਤ ਨਹੀਂ ਕਰਨਗੇ।
Posted By: GURBHEJ SINGH ANANDPURI