ਬਗੈਰ ਕਾਗਜ਼ਾਤ ਅਤੇ ਬਿਨਾਂ ਨੰਬਰ ਪਲੇਟਾਂ ਤੋਂ ਚੱਲਣ ਵਾਲੇ ਵਾਹਨਾਂ ਖ਼ਿਲਾਫ਼ ਅੱਪਰਾ ਪੁਲਿਸ ਦੀ ਵੱਡੀ ਕਾਰਵਾਈ
ਨਹੀਂ ਬਖਸ਼ੇ ਜਾਣਗੇ ਟਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ : ਮਨਦੀਪ ਸਿੰਘ ਚੋਂਕੀ ਇੰਚਾਰਜ ਅੱਪਰਾ
ਅੱਪਰਾ, 22 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਸੜਕਾਂ 'ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਹਰਵਿੰਦਰ ਸਿੰਘ ਵਿਰਕ ਐਸ.ਐਸ.ਪੀ. ਜਲੰਧਰ ਦਿਹਾਤੀ, ਮਨਜੀਤ ਸਿੰਘ ਡੀ.ਐੱਸ.ਪੀ. ਟਰੈਫਿਕ ਜਲੰਧਰ, ਡੀ.ਐੱਸ.ਪੀ. ਫਿਲੌਰ ਭਾਰਤ ਮਸੀਹ ਅਤੇ ਬਲਵਿੰਦਰ ਸਿੰਘ ਐਸ.ਐਚ.ਓ. ਫਿਲੌਰ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਏ. ਐਸ. ਆਈ. ਮਨਦੀਪ ਸਿੰਘ ਇੰਚਾਰਜ ਪੁਲਿਸ ਚੌਂਕੀ ਅੱਪਰਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਟੀਮ ਨੇ ਬਿਨਾਂ ਲੋੜੀਂਦੇ ਕਾਗਜ਼ਾਤ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਦਿਆਂ 1 ਦਰਜਨ ਤੋਂ ਵੱਧ ਮੋਟਰ ਸਾਈਕਲਾਂ ਨੂੰ ਜ਼ਬਤ ਕਰ ਲਿਆ ਗਿਆ, ਜਦਕਿ ਅਧੂਰੇ ਦਸਤਾਵੇਜ਼ਾਂ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਚੌਕੀ ਇੰਚਾਰਜ ਮਨਦੀਪ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਐਸ.ਆਈ. ਕੁਲਵੀਰ ਸਿੰਘ, ਏ.ਐਸ.ਆਈ. ਲਖਵਿੰਦਰ ਸਿੰਘ ਅਤੇ ਏ.ਐਸ.ਆਈ. ਚਮਨ ਲਾਲ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।