ਬਿਜਲੀ ਸੋਧ ਬਿਲ-2025 ਵਿਰੁੱਧ 8 ਦਸੰਬਰ ਨੂੰ ਪਾਵਰ ਕਾਮ ਸਬ-ਡਿਵੀਜ਼ਨ ਦਫਤਰਾਂ ਅੱਗੇ ਵਿਸ਼ਾਲ ਧਰਨੇ
ਗੁਰਦਾਸਪੁਰ, 4 ਦਸੰਬਰ 2025 , ਸੁਰਜੀਤ ਸਿੰਘ ਖ਼ਾਲਸਾ
ਸੰਯੁਕਤ ਕਿਸਾਨ ਮੋਰਚੇ, ਪਾਵਰ ਕਾਮ ਦੀਆਂ ਜਥੇਬੰਦੀਆਂ ਅਤੇ ਮਜ਼ਦੂਰ ਸੰਗਠਨਾਂ ਦੇ ਸਾਂਝੇ ਬੁਲਾਰੇ ਨੇ ਐਲਾਨ ਕੀਤਾ ਕਿ 8 ਦਸੰਬਰ ਨੂੰ ਰਾਜ ਭਰ ਦੇ ਪਾਵਰ ਕਾਮ ਸਬ-ਡਿਵੀਜ਼ਨ ਦਫਤਰਾਂ ਅੱਗੇ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਧਰਨੇ ਦਿੱਤੇ ਜਾਣਗੇ। ਇਸ ਦੌਰਾਨ ਪ੍ਰਦਰਸ਼ਨਕਾਰੀ ਬਿਜਲੀ ਸੋਧ ਬਿਲ-2025 ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਉਣਗੇ।
ਸ਼ਹੀਦ ਬਲਜੀਤ ਸਿੰਘ ਭਵਨ, ਗੁਰਦਾਸਪੁਰ ਵਿੱਚ ਹੋਈ ਵਿਸ਼ਾਲ ਤਿਆਰੀ ਮੀਟਿੰਗ ਵਿੱਚ ਕਿਸਾਨ, ਮਜ਼ਦੂਰ ਅਤੇ ਬਿਜਲੀ ਕਾਮਿਆਂ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਬੀਕੇਯੂ ਕਾਦੀਆਂ ਦੇ ਗੁਰਦੀਪ ਸਿੰਘ ਮੁਸਤਫਾਬਾਦ ਅਤੇ ਪਾਵਰ ਕਾਮ ਜਥੇਬੰਦੀਆਂ ਦੇ ਗੁਰਵੇਲ ਸਿੰਘ ਬਲਪੁਰੀਆਂ ਨੇ ਸਾਂਝੇ ਤੌਰ ਤੇ ਕੀਤੀ।
ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ, ਲਖਵਿੰਦਰ ਸਿੰਘ ਮੰਜਿਆਂਵਾਲੀ, ਜਗਜੀਤ ਸਿੰਘ ਅਲੂਣਾ, ਰਾਜ ਗੁਰਵਿੰਦਰ ਸਿੰਘ ਲਾਡੀ, ਤੇ ਹੋਰਾਂ ਨੇ ਆਪਣੇ ਸੰਬੋਧਨਾਂ ਵਿੱਚ ਕਿਹਾ ਕਿ ਬਿਜਲੀ ਸੋਧ ਬਿਲ-2025 ਆਮ ਲੋਕਾਂ ਲਈ ਗੰਭੀਰ ਖਤਰਾ ਹੈ।
ਉਹਨਾਂ ਮੁਤਾਬਕ ਬਿਲ ਦੇ ਮੁੱਖ ਨੁਕਸਾਨ ਇਹ ਹਨ:
• ਬਿਜਲੀ ਵੰਡ ਦਾ ਨਿੱਜੀਕਰਨ
• ਮੋਬਾਇਲ ਰੀਚਾਰਜ ਵਾਂਗ ਪ੍ਰੀਪੇਡ ਬਿਜਲੀ ਸਿਸਟਮ
• ਹਰ ਮੀਟਰ ’ਚ ਚਿਪ ਲਗਾ ਕੇ ਨਿਗਰਾਨੀ
• ਸਬਸਿਡੀਆਂ ਦਾ ਅੰਤ
• ਕਿਸਾਨਾਂ ਦੇ ਬੰਬੀਆਂ ‘ਤੇ ਮੀਟਰ ਲਗਾਉਣਾ
• ਗਰੀਬ ਪਰਿਵਾਰਾਂ ਤੋਂ ਮੁਫ਼ਤ ਸਹਾਇਤਾ ਖਤਮ
ਆਗੂਆਂ ਨੇ ਕਿਹਾ ਕਿ ਇਹ ਬਿਲ ਗਰੀਬ ਅਤੇ ਮੱਧਵਰਗ ’ਤੇ ਵੱਡਾ ਵਿੱਤੀ ਬੋਝ ਪਾ ਦਵੇਗਾ। ਉਹਨਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਇਸ ਬਿਲ ਦੇ ਵਿਰੋਧ ਵਿੱਚ ਕੋਈ ਸਪਸ਼ਟ ਕਦਮ ਨਹੀਂ ਚੁੱਕਿਆ। ਚੇਤਾਵਨੀ ਦਿੱਤੀ ਗਈ ਕਿ ਜੇ ਪੰਜਾਬ ਸਰਕਾਰ ਨੇ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬਿਲ ਵਿਰੋਧੀ ਮਤਾ ਪਾਸ ਨਾ ਕੀਤਾ, ਤਾਂ ਮਾਨ ਸਰਕਾਰ ਵਿਰੁੱਧ ਵੱਡਾ ਮੋਰਚਾ ਖੋਲ੍ਹਿਆ ਜਾਵੇਗਾ।
8 ਦਸੰਬਰ ਦੇ ਧਰਨਿਆਂ ਲਈ ਗੁਰਦਾਸਪੁਰ, ਬਟਾਲਾ, ਕਲਾਨੌਰ, ਡੇਹਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਕਾਦੀਆਂ, ਸ਼੍ਰੀ ਹਰਿਗੋਬਿੰਦਪੁਰ, ਬਹਿਰਾਮਪੁਰ, ਦੀਨਾ ਨਗਰ, ਜੌੜਾ ਛਤਰਾਂ, ਕਾਹਨੂੰਵਾਨ ਸਮੇਤ ਸਾਰੀਅਾਂ ਸਬ-ਡਿਵੀਜ਼ਨਾਂ ਵਿੱਚ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
ਆਗੂਆਂ ਨੇ ਸਮੂਹ ਖਪਤਕਾਰਾਂ, ਕਿਸਾਨਾਂ, ਮਜ਼ਦੂਰਾਂ ਤੇ ਲੋਕ-ਹਿਤੈਸ਼ੀ ਸੰਸਥਾਵਾਂ ਨੂੰ ਇਸ ਵੱਡੀ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਮਜ਼ਦੂਰ ਵਿਰੋਧੀ ਚਾਰ ਕੋਡਾਂ ਦਾ ਵਿਰੋਧ, ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦੀ ਹਮਾਇਤ ਅਤੇ ਲੇਬਰ ਦਫ਼ਤਰ ਨੂੰ ਗੁਰਦਾਸਪੁਰ ਤੋਂ ਬਟਾਲਾ ਸ਼ਿਫ਼ਟ ਕਰਨ ਦੇ ਫ਼ੈਸਲੇ ਦਾ ਵਿਰੋਧ ਵੀ ਕੀਤਾ ਗਿਆ।
Posted By: GURBHEJ SINGH ANANDPURI