Nazrana Times

ਪੰਜਾਬੀ

ਮਾਨਸਾ ਦੀ ਘਟਨਾ ਤੋਂ ਉੱਠਦੇ ਤਲਖ਼ ਸਵਾਲ! ਕੀ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣਾ ਵੀ ਗੁਨਾਹ ਹੈ? ਬਿੰਦਰ ਸਿੰਘ ਖੁੱਡੀ ਕਲਾਂ

14 Oct, 2026 12:17 PM

ਮਾਨਸਾ ਦੀ ਘਟਨਾ ਤੋਂ ਉੱਠਦੇ ਤਲਖ਼ ਸਵਾਲ!

ਕੀ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣਾ ਵੀ ਗੁਨਾਹ ਹੈ? 

ਬਿੰਦਰ ਸਿੰਘ ਖੁੱਡੀ ਕਲਾਂ 

:​ਗੁਰੂਆਂ, ਪੀਰਾਂ, ਯੋਧਿਆਂ ਅਤੇ ਮਿਹਨਤੀ ਕਿਸਾਨਾਂ ਦੀ ਸਰਜ਼ਮੀਨ ਵਜੋਂ ਜਾਣੇ ਜਾਣ ਵਾਲੇ ਪੰਜਾਬ ਦੇ‌ ਮੱਥੇ 'ਤੇ ਨਸ਼ਿਆਂ ਦੇ ਸੌਦਾਗਰਾਂ ਨੇ ਕਾਲਖ ਦਾ ਟਿੱਕਾ‌ ਧਰ ਦਿੱਤਾ ਹੈ। ਪੰਜਾਬ ਦੀ ਨੌਜਵਾਨੀ ਅੱਜ ਨਸ਼ਿਆਂ ਦੀ ਅਜਿਹੀ ਭਿਆਨਕ ਦਲਦਲ ਵਿੱਚ ਧੱਸ ਚੁੱਕੀ ਹੈ ਜਿਸ ਨੇ ਸਾਡੀ ਆਉਣ ਵਾਲੀ ਨਸਲ ਦੇ ਭਵਿੱਖ ਉੱਤੇ ਇੱਕ ਵੱਡਾ ਪ੍ਰਸ਼ਨਚਿੰਨ੍ਹ ਲਗਾ ਦਿੱਤਾ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਜਦੋਂ ਨਸ਼ਾ ਤਸਕਰਾਂ ਦਾ ਜਾਲ ਪੰਜਾਬ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਾ ਹੈ। ਨਸ਼ਿਆਂ ਖ਼ਿਲਾਫ਼ ਬੁਲੰਦ ਹੋਣ ਵਾਲੀ ਹਰ ਆਵਾਜ਼ ਇੱਕ ਆਸ ਦੀ ਕਿਰਨ ਵਾਂਗ ਜਾਪਦੀ ਹੈ। ਪ੍ਰੰਤੂ ਮਾਨਸਾ ਦੇ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਅਤੇ ਸਮਾਜਿਕ ਸੇਵਕ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦਿਲ ਕੰਬਾਊ ਘਟਨਾ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਸਿਰਫ਼ ਇੱਕ ਵਿਅਕਤੀ ਦਾ ਕਤਲ ਨਹੀਂ ਹੈ, ਸਗੋਂ ਇਹ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਖ਼ੁਆਬ ਦੇਖਣ ਵਾਲੀ ਹਰ ਅੱਖ, ਹਰ ਕਲਮ, ਹਰ ਸੋਚ ਅਤੇ ਹਰ ਚੇਤੰਨ ਨਾਗਰਿਕ ਉੱਤੇ ਇੱਕ ਕਾਇਰਾਨਾ ਹਮਲਾ ਹੈ। ਇਸ ਖੂਨੀ ਘਟਨਾ ਨੇ ਅੱਜ ਪੰਜਾਬ ਦੇ ਹਰ ਸੰਵੇਦਨਸ਼ੀਲ ਮਨ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਤਲਖ਼ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਆਪਣੇ ਪੰਜਾਬ ਨੂੰ ਬਚਾਉਣ ਲਈ, ਆਪਣੀ ਜਵਾਨੀ ਨੂੰ ਬਚਾਉਣ ਲਈ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਖ਼ਿਲਾਫ਼ ਆਵਾਜ਼ ਉਠਾਉਣਾ ਵੀ ਕੋਈ ਗੁਨਾਹ ਹੈ? ਕੀ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਅੰਜਾਮ ਹੁਣ ਸਿਰਫ਼ ਗੋਲੀਆਂ ਅਤੇ ਮੌਤ ਹੀ ਹੋਵੇਗਾ? 

​ਮਾਨਸਾ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਵਪਾਰੀਆਂ ਅਤੇ ਕਾਲਾਬਾਜ਼ਾਰੀਆਂ ਖ਼ਿਲਾਫ਼ ਨਿਰੰਤਰ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਨਾਮ ਕਿਸੇ ਪਛਾਣ ਦਾ ਮੁਹਤਾਜ ਨਹੀਂ ਸੀ। ਉਹ ਕੋਈ ਆਮ ਰਾਜਨੇਤਾ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਸਿਆਸੀ ਕੁਰਸੀ ਦਾ ਭੁੱਖਾ ਸੀ। ਉਸ ਦਾ ਇੱਕੋ-ਇੱਕ ਮਕਸਦ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਾਹਨਤ ਤੋਂ ਮੁਕਤ ਕਰਾਉਣਾ ਅਤੇ ਉਨ੍ਹਾਂ ਤਸਕਰਾਂ ਦੀਆਂ ਨੰਗੀਆਂ ਹਕੀਕਤਾਂ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਸੀ ਜੋ ਜ਼ਹਿਰ ਵੇਚ ਕੇ ਆਪਣੇ ਘਰ ਭਰ ਰਹੇ ਹਨ। ਜਦੋਂ ਪ੍ਰਸ਼ਾਸਨ ਅਤੇ ਕਾਨੂੰਨ ਦੀਆਂ ਢਿੱਲੀਆਂ ਨੀਤੀਆਂ ਕਾਰਨ ਨਸ਼ੇ ਦਾ ਕਾਰੋਬਾਰ ਸ਼ਰੇਆਮ ਵਧ ਫਲ ਰਿਹਾ ਸੀ, ਤਾਂ ਪਰਵਿੰਦਰ ਸਿੰਘ ਝੋਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਨਸ਼ਾ ਵੇਚਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਬੇਨਕਾਬ ਕਰਨ ਦਾ ਬੀੜਾ ਚੁੱਕਿਆ। ਪਰ ਅੱਜ ਉਸੇ ਝੋਟਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।ਜੋ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਮਾਫੀਆ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਕੋਈ ਡਰ ਰਿਹਾ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਦਾ। ​ਇਹ ਘਟਨਾ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਕਾਨੂੰਨ ਵਿਵਸਥਾ ਉੱਤੇ ਇੱਕ ਬਹੁਤ ਵੱਡਾ ਧੱਬਾ ਹੈ। ਜਦੋਂ ਇੱਕ ਆਮ ਨਾਗਰਿਕ ਸਮਾਜਿਕ ਭਲਾਈ ਲਈ, ਅਪਰਾਧ ਖ਼ਿਲਾਫ਼ ਅਤੇ ਜਨਤਾ ਦੀ ਸੁਰੱਖਿਆ ਲਈ ਅੱਗੇ ਆਉਂਦਾ ਹੈ, ਤਾਂ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰਾਜ ਪ੍ਰਸ਼ਾਸਨ ਦੀ ਹੁੰਦੀ ਹੈ। ਪ੍ਰੰਤੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਪੰਜਾਬ ਵਿੱਚ ਸੱਚ ਬੋਲਣਾ ਅਤੇ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣਾ ਆਪਣੀ ਜਾਨ ਤਲੀ 'ਤੇ ਰੱਖਣ ਦੇ ਬਰਾਬਰ ਬਣ ਗਿਆ ਹੈ। ਨਸ਼ਾ ਤਸਕਰਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਉਨ੍ਹਾਂ ਦੇ ਕਾਲੇ ਕਾਰੋਬਾਰ ਵਿੱਚ ਰੁਕਾਵਟ ਬਣੇਗਾ ਉਸ ਦਾ ਹਸ਼ਰ ਇਹੀ ਹੋਵੇਗਾ। ਇਹ ਇੱਕ ਅਜਿਹਾ ਭਿਆਨਕ ਡਰ ਦਾ ਮਾਹੌਲ ਹੈ ਜੋ ਕਿਸੇ ਵੀ ਜਮਹੂਰੀ ਅਤੇ ਸੱਭਿਅਕ ਸਮਾਜ ਲਈ ਅਤਿਅੰਤ ਘਾਤਕ ਹੈ। ਜੇਕਰ ਆਪਣੇ ਘਰ, ਆਪਣੇ ਪਿੰਡ ਅਤੇ ਆਪਣੇ ਰਾਜ ਨੂੰ ਬਚਾਉਣ ਲਈ ਉੱਠਣ ਵਾਲਿਆਂ ਦਾ ਹਸ਼ਰ ਅਜਿਹਾ ਹੁੰਦਾ ਰਿਹਾ, ਤਾਂ ਕੌਣ ਅੱਗੇ ਆ ਕੇ ਨਸ਼ਿਆਂ ਵਿਰੁੱਧ ਲੜੇਗਾ? ਸਾਡਾ ਸਿਸਟਮ ਨਸ਼ਾ ਮੁਕਤੀ ਦੇ ਦਾਅਵੇ ਤਾਂ ਕਰਦਾ ਹੈ, ਪਰ ਨਸ਼ਾ ਵਿਰੋਧੀ ਯੋਧਿਆਂ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ? 

​ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਨਸ਼ਾ ਸਿਰਫ਼ ਇੱਕ ਸਮਾਜਿਕ ਬੁਰਾਈ ਨਹੀਂ ਰਹੀ। ਸਗੋਂ ਇਹ ਇੱਕ ਵਿਸ਼ਾਲ ਅਤੇ ਸੰਗਠਿਤ ਮਾਫੀਆ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਮਾਫੀਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ, ਜਿਨ੍ਹਾਂ ਵਿੱਚ ਕਥਿਤ ਤੌਰ 'ਤੇ ਕਈ ਰਾਜਨੀਤਿਕ, ਸਮਾਜਿਕ ਅਤੇ ਪ੍ਰਸ਼ਾਸਨਿਕ ਧਿਰਾਂ ਦੀ ਮਿਲੀਭੁਗਤ ਦੀਆਂ ਚਰਚਾਵਾਂ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀਆਂ ਰਹੀਆਂ ਹਨ। ਜਦੋਂ ਵੀ ਕੋਈ ਸਾਧਾਰਨ ਨਾਗਰਿਕ ਜਾਂ ਸਮਾਜ ਸੇਵੀ ਸੰਸਥਾ ਇਸ ਸੰਗਠਿਤ ਅਪਰਾਧ ਦੀ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਮਾਫੀਆ ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਹੈ। ਪਰਵਿੰਦਰ ਸਿੰਘ ਝੋਟਾ ਉੱਤੇ ਹੋਇਆ ਇਹ ਹਮਲਾ ਇਸੇ ਮਾਫੀਆ ਦੀ ਬੌਖਲਾਹਟ ਦਾ ਨਤੀਜਾ ਹੈ। ਜਦੋਂ ਝੋਟਾ ਵਰਗੇ ਨੌਜਵਾਨ ਲੋਕਾਂ ਨੂੰ ਜਾਗਰੂਕ ਕਰਨ ਲੱਗੇ ਅਤੇ ਨਸ਼ਾ ਵੇਚਣ ਵਾਲਿਆਂ ਦੀਆਂ ਹਰਕਤਾਂ ਨੂੰ ਜਨਤਕ ਕਰਨ ਲੱਗੇ, ਤਾਂ ਨਸ਼ੇ ਦੇ ਸੌਦਾਗਰਾਂ ਨੂੰ ਆਪਣੇ ਸਾਮਰਾਜ ਦੇ ਡਿੱਗਣ ਦਾ ਡਰ ਸਤਾਉਣ ਲੱਗ ਪਿਆ। ਉਸ ਡਰ ਦੇ ਨਤੀਜੇ ਵਜੋਂ ਹੀ ਅੱਜ ਇੱਕ ਅਜਿਹੇ ਹੀਰੇ ਵਰਗੇ ਨੌਜਵਾਨ ਦੀ ਆਵਾਜ਼ ਨੂੰ ਸਦਾ ਲਈ ਖ਼ਾਮੋਸ਼ ਕਰ ਦਿੱਤਾ ਗਿਆ। 

​ ਪੰਜਾਬ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹ ਧਰਤੀ ਹਮੇਸ਼ਾ ਜ਼ੁਲਮ, ਅਨਿਆਂ ਅਤੇ ਬੁਰਾਈਆਂ ਖ਼ਿਲਾਫ਼ ਲੜਨ ਵਾਲੇ ਸੂਰਮਿਆਂ ਦੀ ਰਹੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਅਧਰਮ ਅਤੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਉਪਦੇਸ਼ ਦਿੱਤਾ ਸੀ। ਪ੍ਰੰਤੂ ਅੱਜ ਦੇ ਦੌਰ ਵਿੱਚ ਜਦੋਂ ਅਸੀਂ ਨਸ਼ਿਆਂ ਵਰਗੀ ਭਿਆਨਕ ਬੁਰਾਈ ਦਾ ਸਾਹਮਣਾ ਕਰ ਰਹੇ ਹਾਂ, ਤਾਂ ਅਜਿਹੇ ਅਨਿਆਂ ਖ਼ਿਲਾਫ਼ ਲੜਨ ਵਾਲਿਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਹ ਸਿਰਫ਼ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦਾ ਘਾਟਾ ਨਹੀਂ ਹੈ, ਇਹ ਪੂਰੇ ਪੰਜਾਬ ਸਮਾਜ ਦਾ ਇੱਕ ਅਜਿਹਾ ਅਪੂਰਨ ਘਾਟਾ ਹੈ ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕੇਗੀ। ਉਸ ਦੀ ਮੌਤ ਨੇ ਪੰਜਾਬ ਦੇ ਹਜ਼ਾਰਾਂ ਮਾਪਿਆਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਜੋ ਆਪਣੇ ਪੁੱਤਰਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਦਿਨ-ਰਾਤ ਅਰਦਾਸਾਂ ਕਰਦੇ ਹਨ। ਜੇਕਰ ਨਸ਼ਾ ਵਿਰੋਧੀ ਆਗੂ ਹੀ ਆਪਣੇ ਘਰਾਂ ਅਤੇ ਸ਼ਹਿਰਾਂ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਇੱਕ ਆਮ ਬਾਪ ਜਾਂ ਮਾਂ ਆਪਣੇ ਪੁੱਤ ਨੂੰ ਨਸ਼ਾ ਵੇਚਣ ਵਾਲਿਆਂ ਤੋਂ ਕਿਵੇਂ ਬਚਾ ਸਕਦੀ ਹੈ? 

​ ਅਕਸਰ ਦੇਖਿਆ ਜਾਂਦਾ ਹੈ ਕਿ ਅਜਿਹੀਆਂ ਵੱਡੀਆਂ ਵਾਰਦਾਤਾਂ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੇਤਾ ਵੱਡੇ-ਵੱਡੇ ਬਿਆਨ ਦਿੰਦੇ ਹਨ, ਜਾਂਚ ਕਮੇਟੀਆਂ ਬਣਾਉਣ ਦਾ ਐਲਾਨ ਕਰਦੇ ਹਨ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਦਾਅਵੇ ਕਰਦੇ ਹਨ। ਪ੍ਰੰਤੂ ਸਵਾਲ ਇਹ ਉੱਠਦਾ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਨ ਹੀ ਕਿਉਂ ਦਿੱਤੀਆਂ ਜਾਂਦੀਆਂ ਹਨ? ਜਦੋਂ ਪਰਵਿੰਦਰ ਸਿੰਘ ਝੋਟਾ ਲਗਾਤਾਰ ਨਸ਼ਾ ਮਾਫੀਆ ਖ਼ਿਲਾਫ਼ ਬੋਲ ਰਿਹਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਤਾਂ ਉਸ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਗਏ? ਜੇਕਰ ਪੁਲਿਸ ਨਸ਼ਾ ਤਸਕਰਾਂ 'ਤੇ ਸਮੇਂ ਸਿਰ ਕਾਨੂੰਨੀ ਸ਼ਿਕੰਜਾ ਕੱਸਦੀ‌ ਤਾਂ ਅੱਜ ਕਿਸੇ ਤਸਕਰ ਦੀ ਇਹ ਜੁਰਅਤ ਨਾ ਹੁੰਦੀ ਕਿ ਉਹ ਕਿਸੇ ਨਸ਼ਾ ਵਿਰੋਧੀ ਆਗੂ 'ਤੇ ਗੋਲੀਆਂ ਚਲਾ ਸਕੇ। 

​ਨਸ਼ਿਆਂ ਦੀ ਸਮੱਸਿਆ ਹੁਣ ਸਿਰਫ਼ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਰਹੀ, ਸਗੋਂ ਇਹ ਪੰਜਾਬ ਦੇ ਵਜੂਦ ਅਤੇ ਹੋਂਦ ਦੀ ਲੜਾਈ ਬਣ ਚੁੱਕੀ ਹੈ। ਅੱਜ ਪੰਜਾਬ ਦਾ ਹਰ ਜ਼ਿਲ੍ਹਾ, ਹਰ ਪਿੰਡ ਅਤੇ ਹਰ ਗਲੀ ਇਸ ਜ਼ਹਿਰ ਦੀ ਲਪੇਟ ਵਿੱਚ ਹੈ। ਹਜ਼ਾਰਾਂ ਨੌਜਵਾਨ ਨਸ਼ੇ ਦੀ ਲੱਤ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਕਿੰਨੇ ਹੀ ਪਰਿਵਾਰ ਉੱਜੜ ਚੁੱਕੇ ਹਨ ਅਤੇ ਕਿੰਨੀਆਂ ਹੀ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋ ਚੁੱਕੀਆਂ ਹਨ। ਅਜਿਹੇ ਦੁਖਦਾਈ ਹਾਲਾਤਾਂ ਵਿੱਚ ਪਰਵਿੰਦਰ ਸਿੰਘ ਝੋਟਾ ਵਰਗੇ ਨੌਜਵਾਨ ਹੀ ਸਨ ਜੋ ਆਪਣੇ ਨਿੱਜੀ ਹਿੱਤਾਂ ਨੂੰ ਛੱਡ ਕੇ ਸਮਾਜ ਦੀ ਸੇਵਾ ਲਈ ਮੈਦਾਨ ਵਿੱਚ ਨਿੱਤਰੇ ਸਨ। ਉਨ੍ਹਾਂ ਨੇ ਆਪਣੀ ਜਵਾਨੀ, ਆਪਣਾ ਸਮਾਂ ਅਤੇ ਆਪਣਾ ਸੁੱਖ-ਚੈਨ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੇਖੇ ਲਗਾ ਦਿੱਤਾ। ਪ੍ਰੰਤੂ ਬਦਲੇ ਵਿੱਚ ਸਮਾਜ ਅਤੇ ਸਿਸਟਮ ਨੇ ਉਨ੍ਹਾਂ ਨੂੰ ਕੀ ਦਿੱਤਾ? ਗੋਲੀਆਂ, ਲਹੂ-ਲੁਹਾਨ ਜਿਸਮ ਅਤੇ ਮੌਤ। ਇਹ ਇੱਕ ਅਜਿਹਾ ਕੜਵਾ ਸੱਚ ਹੈ ਜੋ ਸਾਡੇ ਪੂਰੇ ਸਿਸਟਮ ਦੇ ਚਿਹਰੇ ਤੋਂ ਮੁਖੌਟਾ ਲਾਹੁੰਦਾ ਹੈ। 

​ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦਾ ਹਰ ਚੇਤੰਨ ਨਾਗਰਿਕ, ਹਰ ਸਮਾਜਿਕ ਸੰਸਥਾ, ਹਰ ਬੁੱਧੀਜੀਵੀ ਅਤੇ ਹਰ ਨੌਜਵਾਨ ਇਸ ਘਟਨਾ ਦੇ ਖ਼ਿਲਾਫ਼ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਕਰੇ। ਜੇਕਰ ਅਸੀਂ ਅੱਜ ਵੀ ਖ਼ਾਮੋਸ਼ ਰਹੇ ਤਾਂ ਸਮਾਂ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।​ਇਸ ਦੇ ਨਾਲ ਹੀ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਸਿਰਫ਼ ਖੋਖਲੇ ਦਾਅਵਿਆਂ ਅਤੇ ਕਾਗਜ਼ੀ ਨੀਤੀਆਂ ਨਾਲ ਨਸ਼ਾ ਖ਼ਤਮ ਨਹੀਂ ਹੋਵੇਗਾ। ਜੇਕਰ ਸਰਕਾਰ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਿਪਟਣਾ ਪਵੇਗਾ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸੀ ਤੇ ਪ੍ਰਸ਼ਾਸਨਿਕ ਚਿਹਰਿਆਂ ਨੂੰ ਨੰਗਾ ਕਰਨਾ ਪਵੇਗਾ। ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਅਤੇ ਇਸ ਸਾਜ਼ਿਸ਼ ਦੇ ਪਿੱਛੇ ਬੈਠੇ ਮਾਸਟਰਮਾਈਂਡਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਜੋ ਭਵਿੱਖ ਵਿੱਚ ਕੋਈ ਵੀ ਅਪਰਾਧੀ ਅਜਿਹੀ‌ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਸੌ ਵਾਰ ਸੋਚੇ। ਸਰਕਾਰ ਨੂੰ ਨਸ਼ਾ ਵਿਰੋਧੀ ਲੜਾਈ ਲੜ ਰਹੇ ਸਮਾਜ ਸੇਵੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਨਾਗਰਿਕ ਅਪਰਾਧ ਖ਼ਿਲਾਫ਼ ਬੋਲਣ ਤੋਂ ਨਾ ਡਰੇ। 

​ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣਾ ਕੋਈ ਗੁਨਾਹ ਨਹੀਂ ਹੈ, ਸਗੋਂ ਇਹ ਸਾਡਾ ਨੈਤਿਕ, ਸਮਾਜਿਕ ਅਤੇ ਰਾਸ਼ਟਰੀ ਫ਼ਰਜ਼ ਹੈ। ਪ੍ਰੰਤੂ ਜਦੋਂ ਸਮਾਜ ਵਿੱਚ ਅਜਿਹੀ ਆਵਾਜ਼ ਉਠਾਉਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਤਾਂ ਇਹ ਸਾਰੇ ਸਮਾਜ ਲਈ ਇੱਕ ਗੰਭੀਰ ਚੇਤਾਵਨੀ ਹੁੰਦੀ ਹੈ। ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੇ ਪੰਜਾਬ ਦੇ ਅਣਖੀਲੇ ਲੋਕਾਂ ਦੀ ਜ਼ਮੀਰ ਨੂੰ ਵੰਗਾਰਿਆ ਹੈ। ਇਹ ਵੰਗਾਰ ਹੈ ਕਿ ਅਸੀਂ ਅਪਰਾਧੀਆਂ ਅੱਗੇ ਗੋਡੇ ਟੇਕਾਂਗੇ ਜਾਂ ਫਿਰ ਇਕਜੁੱਟ ਹੋ ਕੇ ਆਪਣੇ ਪੰਜਾਬ, ਆਪਣੀ ਜਵਾਨੀ ਅਤੇ ਆਪਣੇ ਭਵਿੱਖ ਨੂੰ ਬਚਾਉਣ ਲਈ ਅੱਗੇ ਆਵਾਂਗੇ। ਝੋਟਾ ਦੇ ਕਤਲ ਦੀ ਘਟਨਾ ਸਾਨੂੰ ਇਹ ਯਾਦ ਦਿਵਾਉਂਦੀ ਰਹੇਗੀ ਕਿ ਜਦੋਂ ਤੱਕ ਪੰਜਾਬ ਦੀ ਧਰਤੀ ਤੋਂ ਨਸ਼ੇ ਦਾ ਕਾਲਾ ਦੈਤ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ, ਤਦ ਤੱਕ ਇਹ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਇਹੀ ਉਸ ਸੱਚੇ ਨਸ਼ਾ ਵਿਰੋਧੀ ਯੋਧੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Latest News