ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਅਤੇ ਸ਼ਹੀਦ ਭਾਈ ਸਤਨਾਮ ਸਿੰਘ ਚੰਗਿਆੜਾ ਦੀ ਯਾਦ 'ਚ ਸਮਾਗਮ 26 ਨਵੰਬਰ ਨੂੰ : ਬੀਬੀ ਜਸਮੀਤ ਕੌਰ ਛੀਨਾ
ਅੰਮ੍ਰਿਤਸਰ, 24 ਨਵੰਬਰ ( ਨਜ਼ਰਾਨਾ ਟਾਈਮਜ ਬਿਊਰੋ ):
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖ਼ਾਲਿਸਤਾਨ ਦੇ ਮੁਖੀ ਜਰਨੈਲ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਸਤਨਾਮ ਸਿੰਘ ਚੰਗਿਆੜਾ ਦਾ ਸ਼ਹੀਦੀ ਸਮਾਗਮ ਮਿਤੀ 26 ਨਵੰਬਰ 2025 ਨੂੰ ਪਿੰਡ ਉੱਗਰ ਔਲਖ, ਨੇੜੇ ਅਜਨਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਏਗਾ।
ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਦੀ ਸਿੰਘਣੀ ਬੀਬੀ ਜਸਮੀਤ ਕੌਰ ਛੀਨਾ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਣਗੇ ਜਿਸ ਵਿੱਚ ਜੱਥਿਆਂ ਵੱਲੋਂ ਹਰਿ ਜਸ ਅਤੇ ਸ਼ਹੀਦਾਂ ਦੇ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ ਅਤੇ ਫਿਰ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਮੌਜੂਦਾ ਸੰਘਰਸ਼ ਪ੍ਰਤੀ ਵਿਚਾਰਾਂ ਦੀ ਸਾਂਝ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ, ਉਹਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਬੀਬੀ ਜਸਮੀਤ ਕੌਰ ਛੀਨਾ ਨੇ ਸਮੂਹ ਪੰਥਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰਾਂ ਤੇ ਸੰਗਤਾਂ ਨੂੰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ