ਬਰਸਾਤਾਂ ਤੋਂ ਪਹਿਲਾਂ ਹੜ੍ਹ ਰੋਕੂ ਪ੍ਰਬੰਧ ਯਕੀਨੀ ਬਣਾਏ ਜਾਣ– ਰਮਨਦੀਪ ਕੌਰ,ਬਿੱਲਾ ਸ਼ੇਰੋਂ
ਹਲਕਾ ਖਡੂਰ ਸਾਹਿਬ ਦੇ ਦਰਿਆਈ ਇਲਾਕਿਆਂ ਦੀ ਸੁਰੱਖਿਆ ਲਈ ਰਾਜਪਾਲ ਪੰਜਾਬ ਕੋਲ ਦਖ਼ਲ ਦੀ ਕੀਤੀ ਮੰਗ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ
ਪੰਜਾਬ ਵਿੱਚ ਮੌਨਸੂਨ ਦੀ ਆਮਦ ਅਤੇ ਬਰਸਾਤਾਂ ਦੌਰਾਨ ਦਰਿਆਵਾਂ ਵਿੱਚ ਵੱਧਦੇ ਪਾਣੀ ਦੇ ਵਹਾਅ ਨੂੰ ਦੇਖਦਿਆਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਉਨ੍ਹਾਂ ਦੇ ਪਤੀ ਸੀਨੀਅਰ ਯੂਥ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਅਤੇ ਕਿਸਾਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਦਰਜਨਾਂ ਪਿੰਡ ਬਿਆਸ ਦਰਿਆ ਦੇ ਕੰਢੇ ਵੱਸਦੇ ਹਨ ਅਤੇ ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਵੀ ਦਰਿਆ ਦੇ ਨਾਲ ਲੱਗਦੀ ਹੈ। ਬੀਤੇ ਸਾਲ ਆਏ ਹੜ੍ਹਾਂ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ, ਜਿਸ ਕਰਕੇ ਕਈ ਪਰਿਵਾਰ ਅੱਜ ਵੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਅਫ਼ਸੋਸ ਦੀ ਗੱਲ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੀ ਮੌਜੂਦਾ ਸਰਕਾਰ ਵੱਲੋਂ ਅਜੇ ਤੱਕ ਢੰਗ ਨਾਲ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਵਿਭਾਗ ਨਹਿਰਾਂ ਦੀ ਸਮੇਂ ਸਿਰ ਮੁਰੰਮਤ ਅਤੇ ਸੰਭਾਲ ਕਰਨ ਵਿੱਚ ਹੀ ਅਸਫ਼ਲ ਸਾਬਤ ਹੋ ਰਹੇ ਹਨ ਤਾਂ ਹੜ੍ਹਾਂ ਵਰਗੀ ਵੱਡੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਉਨ੍ਹਾਂ ਦੀ ਤਿਆਰੀ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਰਸਾਤਾਂ ਦੇ ਪੂਰੇ ਜ਼ੋਰ ਫੜਨ ਤੋਂ ਪਹਿਲਾਂ ਹੀ ਹੜ੍ਹ ਰੋਕੂ ਪ੍ਰਬੰਧਾਂ, ਦਰਿਆਈ ਬੰਨ੍ਹਾਂ ਦੀ ਮਜ਼ਬੂਤੀ,ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਅਤੇ ਐਮਰਜੈਂਸੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਮੁੜ ਕਿਸੇ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।
ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਨੇ ਇਸ ਗੰਭੀਰ ਮਸਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਸਬੰਧਤ ਵਿਭਾਗਾਂ ਤੋਂ ਹੜ੍ਹ ਰੋਕੂ ਤਿਆਰੀਆਂ ਬਾਰੇ ਵਿਸਥਾਰਪੂਰਵਕ ਵੇਰਵਾ ਮੰਗਿਆ ਜਾਵੇ ਅਤੇ ਪ੍ਰਭਾਵਿਤ ਖੇਤਰਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਤੁਰੰਤ ਚੁੱਕੇ ਜਾਣ।
Posted By: GURBHEJ SINGH ANANDPURI