Nazrana Times

ਪੰਜਾਬੀ

ਪਿੰਡ ਖੁੱਡਾ ਵਿਖੇ ਵਰ੍ਹਦੇ ਮੀਂਹ 'ਚ ਸਜਾਇਆ ਨਗਰ ਕੀਰਤਨ, ਸ਼ਬਦ ਗੁਰੂ ਦੇ ਲੜ ਲੱਗਣ ਸੰਗਤਾਂ : ਜਥੇਦਾਰ ਜਗਜੀਤ ਸਿੰਘ ਨਿਹੰਗ

25 Aug, 2025 01:12 AM

ਹੁਸ਼ਿਆਰਪੁਰ, 24 ਅਗਸਤ , ਨਜ਼ਰਾਨਾ ਟਾਈਮਜ ਬਿਊਰੋ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖੁੱਡਾ ਦੇ ਗੁਰਦੁਆਰਾ ਸਿੰਘ ਸਭਾ ਵੱਡੀ ਬੋਹੜ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਭਾਵੇਂ ਭਾਰੀ ਮੀਂਹ ਪੈ ਰਿਹਾ ਸੀ ਪਰ ਫਿਰ ਵੀ ਗੁਰੂ ਪਿਆਰ ਵਿੱਚ ਭਿੱਜੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਪਿੰਡ ਦੀਆਂ ਸੜਕਾਂ ਉੱਤੇ ਅਦਬ-ਸਤਿਕਾਰ, ਸ਼ਰਧਾ-ਭਾਵਨਾ ਤੇ ਬੜੇ ਉਤਸ਼ਾਹ ਸਹਿਤ ਨਗਰ ਕੀਰਤਨ ਕੱਢਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਸ ਪਾਲਕੀ ਵਿੱਚ ਸਵਾਰ ਸਨ, ਰਸਤੇ ਵਿੱਚ ਅਨੇਕਾਂ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ ਅਤੇ ਸੰਗਤਾਂ ਨੇ ਚਾਹ-ਪਾਣੀ, ਲੰਗਰ ਆਦਿਕ ਦੀ ਸੇਵਾ ਕੀਤੀ। ਇਸ ਮੌਕੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਸੰਗਤਾਂ ਨਾਲ ਸਾਂਝੇ ਰੂਪ ਵਿੱਚ ਧੁਰ ਕੀ ਬਾਣੀ ਦਾ ਕੀਰਤਨ ਕੀਤਾ ਅਤੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਗੁਰਬਾਣੀ ਦਾ ਅਨਮੋਲ ਖਜ਼ਾਨਾ ਬਖ਼ਸ਼ਿਸ਼ ਕੀਤਾ ਹੈ ਜਿਸ ਨਾਲ ਸਾਡਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਹੁੰਦਾ ਹੈ। ਉਹਨਾਂ ਕਿਹਾ ਕਿ ਸਭ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਦੇਹਧਾਰੀ-ਪਖੰਡੀਆਂ, ਮੜ੍ਹੀਆਂ-ਮਸਾਣਾਂ, ਜਠੇਰਿਆਂ ਅਤੇ ਹੋਰ ਕਰਮਕਾਂਡਾਂ ਦਾ ਖਹਿੜਾ ਛੱਡਣਾ ਚਾਹੀਦਾ ਹੈ। ਨੌਜਵਾਨ ਵੀ ਨਸ਼ਾ ਅਤੇ ਪਤਿਤਪੁਣਾ ਤਿਆਗ ਕੇ ਅੰਮ੍ਰਿਤਧਾਰੀ, ਕੇਸਾਧਾਰੀ ਤੇ ਸ਼ਸਤਰਧਾਰੀ ਹੋਣ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਪੱਪੀ ਵੀ ਹਾਜਰ ਸਨ ਜਿਨ੍ਹਾਂ ਨੇ ਸਾਰੇ ਪ੍ਰਬੰਧ ਬਹੁਤ ਸ਼ਾਨਦਾਰ ਕੀਤੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #