ਨਿਰਭੈ ਯੋਧਾ, ਦਿਵਾਨੇ ਖਾਸ, ਮਹਾਨ ਗਿਆਨੀ ਭਾਈ ਮਨੀ ਸਿੰਘ ਸ਼ਹੀਦ।
ਨਿਰਭੈ ਯੋਧਾ, ਦਿਵਾਨੇ ਖਾਸ, ਮਹਾਨ ਗਿਆਨੀ ਭਾਈ ਮਨੀ ਸਿੰਘ ਸ਼ਹੀਦ।
ਏਥੇ ਇਹ ਦੱਸਣ ਦੀ ਬਹੁਤੀ ਲੋੜ ਨਹੀਂ ਕਿ ਭਾਈ ਮਨੀ ਸਿੰਘ ਜੀ ਦੀ ਬਹੁ ਪੱਖੀ ਸ਼ਖਸੀਅਤ ਦੀ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਤੇ ਨਿਰਾਲੀ ਥਾਂ ਹੈ। ਇੱਕ ਐਸੇ ਸਮੇਂ ਵਿੱਚ ਜਦੋਂ ਕਿ ਪੰਜਾਬ ਉਤੇ ਜਾਬਰ ਤੇ ਪਤਿਤ ਹਕੂਮਤ ਲੋਕਾਂ ਦੀ ਅਖਲਾਕੀ ਸ਼ਖਸੀਅਤ ਨੂੰ ਮਲੀਆਮੇਟ ਕਰਨ ਤੇ ਤੁਲੀ ਹੋਈ ਸੀ, ਉਸ ਵਕਤ ਅਜਿਹੇ ਸਰਕਾਰੀ ਹੁਕਮ ਜਾਰੀ ਹੋਏ ਸਨ ਕਿ ਕੋਈ ਬੰਦਾ ‘ਗੁੜ‘ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ ਸੀ, ਕਿਉਂਕਿ ਇਹ ‘ਗੁਰ ਸ਼ਬਦ ਦੇ ਕਿਸੇ ਹੱਦ ਤਕ ਨੇੜੇ ਹੈ, ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਸਨ, ਉਸ ਵਕਤ ਭਾਈ ਮਨੀ ਸਿੰਘ ਮਨੁੱਖੀ ਅਣਖ ਤੇ ਵਿਚਾਰਾਂ ਦੀ ਸੁਤੰਤਰਤਾ ਦੀ ਰੱਖਿਆ ਵਾਸਤੇ ਤੇ ਵਹਿਸ਼ੀ ਬਰਬਰਤਾ ਦੇ ਸਾਹਮਣੇ ਆਤਮਕ ਬਲ ਦੀ ਉੱਚਤਾ ਦਰਸਾਉਣ ਦੀ ਖਾਤਰ ਮੈਦਾਨ ਏ ਜੰਗ ਵਿੱਚ ਉਤਰਿਆ ਤੇ ਬੰਦ ਬੰਦ ਕਟਵਾ ਕੇ ਪਾਪ ਦੇ ਹਵਨ ਕੁੰਡ ਦੀ ਅਗਨੀ ਵਿੱਚ ਆਪਣੇ ਪ੍ਰਾਣਾ ਦੀ ਆਹੂਤੀ ਦਿੱਤੀ। ਇਸ ਤਰਾਂ ਖਿਆਲਾਂ ਦੀ ਆਜਾਦੀ ਤੇ ਧਰਮ ਦੀ ਰੱਖਿਆ ਦੇ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦੀ ਅਹਿਮੀਅਤ ਕੇਵਲ ਇੱਕ ਜੀਵਨ ਉਸਾਰੂ ਪ੍ਰੇਰਨਾ ਕਰਕੇ ਨਹੀਂ ਸੁਚੱਜੇ ਮਰਨ ਦਾ ਢੰਗ ਦੱਸਣ ਕਰਕੇ ਵੀ ਬਹੁਤ ਹੈ। ਭਾਈ ਸਾਹਿਬ ਇੱਕ ਕਰਮ ਯੋਗੀ ਸਨ। ਆਪਣੇ ਸਮੇਂ ਦੇ ਨਿਰਭੈ ਯੋਧਾ, ਸਿਆਸੀ ਤੇ ਧਾਰਮਿਕ ਆਗੂ ਹੋਣ ਤੋਂ ਬਿਨਾਂ ਸਿੱਖ ਧਰਮ ਤੇ ਸਾਹਿਤ ਦਾ ਮਹਾਨ ਵਿਦਵਾਨ ਤੇ ਪੂਰਨ ਗਿਆਤਾ ਵੀ ਸੀ। ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਤੇ ਤਰੀਕਾਂ ਬਾਰੇ ਵੱਖੋਂ ਵੱਖਰੇ ਵਿਦਵਾਨਾਂ ਦੀ ਵੱਖੋ ਵੱਖਰੀ ਰਾਏ ਹੈ। ਕਈ ਖਰੜਿਆਂ ਵਿੱਚ ੨ ਮਨੀ ਸਿੰਘ ਤੇ ਕਈ ਵਿੱਚ ਤਿੰਨ ਦਾ ਵੀ ਜਿਕਰ ਆਇਆ। ਹਰੇਕ ਵਿਦਵਾਨ ਨੇ ਆਪਣੇ ਵਾਲੀ ਖੋਜ ਵਾਲੇ ਮਨੀ ਸਿੰਘ ਨੂੰ ਭਾਈ ਮਨੀ ਸਿੰਘ ਜੀ ਸ਼ਹੀਦ ਹੋਣ ਦਾਅਵਾ ਕੀਤਾ। ਪਰ ਜੇ ਅਸਲ ਭਾਈ ਮਨੀ ਸਿੰਘ ਜੀ ਬਾਰੇ ਜਿਹੜੀ ਖੋਜ ਜਿਆਦਾ ਸਟੀਕ ਤੇ ਅਸਲ ਜਾਪਦੀ ਹੈ। ਉਹ ਹੈ ਭੱਟ ਵਹੀ ਕਰਸਿੰਧੂ, ਪਰਗਨਾ ਸ਼ਫੀਦੋਂ. ਤੇ ਭੱਟ ਵਹੀ ਮੁਲਤਾਨੀ ਸਿੰਧੀ ਵਹੀ।
ਬਧਾਈ ਲੀ ਮਨੀ ਰਾਮ ਕੀ, ਬੇਟਾ ਮਾਈ ਦਾਸ ਕਾ, ਪੋਤਾ ਬੱਲੂ ਕਾ, ਪੜਪੋਤਾ ਮੁਲੇ ਕਾ ਸੰਬਤ 1701 ਬਰਖਾਸਤ ਮਾਹ ਚੇਤਰ ਸੁਦੀ ਦੁਆਦਸੀ ਰਵੀ ਵਾਰ ਸ਼ੁਭ ਵਾਰ ਸ਼ੁਭ ਘੜੀ ਜਨਮ ਹੁਆ, ਕੁਲ ਪ੍ਰੋਹਤ ਬੋਹਥ ਭੱਟ ਕੋ ਮਾਨਾ, ਗੁਰੂ ਕੀ ਕੜਾਹੀ ਕੀ। (ਮੁਲਤਾਨੀ ਸਿੰਧੀ ਵਹੀ) ਭਾਈ ਮਨੀ ਸਿੰਘ ਜੀ ਦਾ ਜਨਮ ਮਾਤਾ ਮਧਰੀ ਬਾਈ ਦੀ ਕੁੱਖੋਂ ਪਿਤਾ ਭਾਈ ਦਾਸ ਜੀ ਦੇ ਗ੍ਰਹਿ ਵਿਖੇ 13 ਚੇਤਰ ਸੁਦੀ ਦੁਆਦਸ਼ੀ ਐਤਵਾਰ ਸੰਮਤ 1701 ਬਿਕਰਮੀ(10 ਮਾਰਚ 1644ਈ.) ਨੂੰ ਪਿੰਡ ਅਲੀਪਰੁ ਉਤਰੀ ਵਿੱਚ ਹੋਇਆ ਜਿਹੜਾ ਅੱਜ ਕੱਲ ਤਹਿਸੀਲ ਤੇ ਜਿਲਾ ਮਜੱਫਰਗੜ (ਲਹਿੰਦੇ ਪੰਜਾਬ ਪਾਕਿਸਤਾਨ) ਵਿੱਚ ਹੈ ਉਥੇ ਹੋਇਆ।
ਭਾਈ ਮਨੀ ਸਿੰਘ ਜੀ ਦਾ ਗੁਰੂ ਘਰ ਨਾਲ ਸਿੱਧਾ ਸੰਬੰਧ ਸੰਮਤ 1714 ਬਿ. (1657 ਈ.) ਵਿੱਚ ਪਿਆ। ਇਸ ਵੇਲੇ ਇਨਾਂ ਦੀ ਉਮਰ ੧੩ ਸਾਲ ਦੀ ਸੀ। ਇਹ ਆਪਣੇ ਪਿਤਾ ਦੇ ਨਾਲ ਕੀਰਤਪੁਰ ਵਿੱਚ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਲਈ ਆਇਆ ਅਤੇ ਪੰਦਰਾਂ ਸਾਲਾਂ ਦੀ ਉਮਰ ਵਿੱਚ ਹਾੜ ਸੁਦੀ ਪੂਰਨਮਾਸ਼ੀ ਨੂੰ ਪਿੰਡ ਖੈਰਪੁਰ ਸਦਾਤ (ਜਿਲਾਂ ਮਜੱਫਰਗੜ) ਵਿੱਚ ਜਾਦੋ ਬੰਸੀ ਬੜ੍ਹਤੀਏ ਕਨਾਵਤਾਂ ਦੇ ਘਰ ਭਾਈ ਲਖੀ ਰਾਇ ਦੀ ਸੁਪਤ੍ਰੀ ਸੀਤੋ ਬਾਈ ਨਾਲ ਸ਼ਾਦੀ ਹੋਈ। ਭਾਈ ਮਨੀ ਸਿੰਘ ਦੀ ਅਹਿਮੀਅਤ ਦਾ ਏਥੋਂ ਪਤਾ ਲਗਦਾ ਹੈ ਕਿ ਸੱਤਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਂ ਜਾਣ ਤੋਂ ਬਾਅਦ ਆਪ ਅੱਠਵੇਂ ਸਤਿਗੁਰਾਂ ਦੀ ਹਜੂਰੀ ਵਿੱਚ ਰਹੇ। ਭਾਈ ਸੇਵਾ ਸਿੰਘ ਦੇ ਕਥਨ ਅਨੁਸਾਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਨਾਲ ਦਿੱਲੀ ਜਾਣ ਵਾਲੇ ਸਿੱਖਾਂ ਵਿੱਚ ਵੀ ਭਾਈ ਸਾਹਿਬ ਸ਼ਾਮਿਲ ਸਨ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ੩ ਵੈਸਾਖ ਚੇਤ੍ਰ ਸੁਦੀ ੧੪ ਸੰਮਤ ੧੭੨੧ ਬਿ(੩੦ ਮਾਰਚ ੧੬੬੪) ਨੂੰ ਦਿੱਲੀ ਵਿੱਚ ਜੋਤੀ ਜੋਤ ਸਮਾ ਗਏ। ਤੇ ਭਾਈ ਸਾਹਿਬ ਸਤਿਗੁਰਾਂ ਦੀ ਮਾਤਾ ਸੁਲੱਖਣੀ ਜੀ ਨਾਲ ਨਾਵੇਂ ਸਤਿਗੁਰਾਂ ਦੀ ਸੇਵਾ ਵਿੱਚ ਬਕਾਲੇ ਪਿੰਡ ਵਿੱਚ ਆ ਹਾਜਰ ਹੋਏ। ਉਸ ਵੇਲੇ ਇਹਨਾਂ ਦੀ ਉਮਰ ੨੦ ਕੁ ਸਾਲ ਦੀ ਸੀ।
ਸੰਮਤ ੧੭੩੨ ਬਿ. (੧੬੭੫ ਈ.) ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਦਿੱਲੀ ਵਿਖੇ ਸ਼ਹਾਦਤ ਸਮੇਂ ਭਾਈ ਮਨੀ ਸਿੰਘ ਜੀ ਸ੍ਰੀ ਦਸ਼ਮੇਸ਼ ਜੀ ਦੀ ਹਜੂਰੀ ਵਿੱਚ ਸੇਵਾ ਵਿੱਚ ਤਤਪਰ ਸੀ।੧੩ ਸਾਲਾਂ ਦੀ ਉਮਰ ਵਿੱਚ ਗੁਰੂ ਹਰਿ ਰਾਇਸਾਹਿਬ ਦੇ ਲੰਗਰ ਵਿੱਚ ਸੇਵਾ ਕਰਨ ਜਵਾਨ ਹੁਣ ੩੫ ਸਾਲ ਦੀ ਉਮਰ ਵਿੱਚ ਪੜਨ, ਪੜਾਉਣ ਤੇ ਲਿਖਣ, ਲਿਖਾਉਣ ਵਾਲਾ ਵਿਦਵਾਨ ਬਣ ਗਿਆ ਸੀ, ਸ਼ਹੀਦ ਬਿਲਾਸ ਦਾ ਲਿਖਾਰੀ ਲਿਖਦਾ ਹੈ
ਆਯੂ ਪੈਂਤੀ ਬਰਖ ਕੀ ਮਨੀ ਸਿੰਘ ਕੀ ਆਇ।
ਲਿਖੇ ਲਿਖਾਏ ਪੋਥੀਆਂ, ਮਨ ਮਹਿ ਬਹੁ ਉਤਸਾਇ।੪੦।
ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਣਾ ਨਾਂ ਪੋਥੀ ਸੀ, ਜਿਸ ਤਰਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਕੁੱਝ ਭਾਗਾਂ ਦੇ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ।(ਬਚਿੱਤਰ ਨਾਟਕ, ਚਰਿਤਰੋ ਪਾਖਿਆਨ ਆਦਿਕ) ਉਸੇ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਪੁਰਾਣੀਆਂ ਬੀੜਾਂ ਵਿੱਚ ਵੀ ਲਿਖਿਆ ਮਿਲਦਾ ਹੈ ‘ਪੋਥੀ‘ ਲਿਖ ਪਹੁੰਚੇ। ਭਾਈ ਚੌਲਾਂ ਸਿੰਘ ਹਜੂਰੀ ਦੇ ਰਹਿਤ ਨਾਮੇ ਤੇ ਭਾਈ ਕੇਸਰ ਸਿੰਘ ਛਿੱਬਰ ਦੀਆਂ ਲਿਖਤਾਂ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਰਤਾਰ ਪੁਰੀ ਸੋਢੀਆਂ ਪਾਸੋਂ ਗੁਰੂ ਅਰਜਨ ਸਾਹਿਬ ਵਾਲੀ ਬੀੜ ਸੰਮਤ ੧੭੩੫ ਬਿ. ਵਿੱਚ ਮੰਗਵਾਈ ਤਾਂ ਉਹਨਾਂ ਨੇ ਦੇਣੋਂ ਇਨਕਾਰ ਕਰ ਦਿੱਤਾ ਸੀ। ਉਦੋਂ ਕੁ ਹੀ ਭਾਈ ਮਨੀ ਸਿੰਘ ਜੀ ਦੀ ਆਯੂ ੩੫ ਕੁ ਵਰੇ ਬਣਦੀ ਹੈ। ਇਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਆਗਿਆ ਪਾ ਕੇ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਬੀੜ ਦੀਆਂ ਸੁੱਧ ਨਕਲਾਂ ਤਿਆਰ ਕਰਨ ਦਾ ਕਾਰਜ ਆਰੰਭਿਆ ਤਾਕਿ ਧੀਰ ਮੱਲੀਆਂ ਦੇ ਪਏ ਅੜਿੱਕੇ ਨੂੰ ਦੂਰ ਕੀਤਾ ਜਾ ਸਕੇ। ੭ ਕੁ ਵਰੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਨਾਹਨ ਪਧਾਰੇ ਉਸ ਵਕਤ ਵੀ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਾਲ ਸਨ। ਉਸ ਵਕਤ ਤੱਕ ਭਾਈ ਮਨੀ ਸਿੰਘ ਜੀ ਗੁਰੂ ਜੀ ਦੇ ਹਜੂਰੀ ੫੨ ਕਵੀਆਂ ਵਿੱਚ ਵੀ ਸ਼ਾਮਿਲ ਸਨ।
ਕਵੀ ਬਵੰਜਾ ਬੇ ਗੁਰ ਪਾਸ। ਉਨ ਮੈਂ ਗਨਨਾ ਇਨ ਕੀ ਖਾਸ।…. (ਪੰਥ ਪ੍ਰਕਾਸ਼, ਛਾਪ ਛੇਵੀਂ ਨਿਵਾਸ ਉਨਤ੍ਰਹਵੋਂ)
ਇਸ ਤੋਂ ਅਗਲੇ ਸਾਲ ੨੪ ਭਾਦਰੋਂ ਸੁਦੀ ਅਸ਼ਟਮੀ ਸੰਮਤ ੧੭੪੫ ਬਿ।(੨੪ ਅਗਸਤ ੧੬੮੮ ਈ) ਨੂੰ ਬਾਬਾ ਰਾਮ ਰਾਇ ਜੀ ਦੀ ਬਰਸੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਉਥੇ ਜਾ ਨਾ ਸਕੇ ਤਾਂ ਗੁਰੂ ਸਾਹਿਬ ਜੀ ਨੇ ਆਪਣੀ ਥਾਂ ਭਾਈ ਮਨੀ ਸਿੰਘ, ਦੀਵਾਨ ਨੰਦ ਚੰਦ(ਸੰਘਾ) ਅਤੇ ਪ੍ਰੋਹਤ ਦਇਆ ਰਾਮ ਆਦਿ ਚੋਣਵੇਂ ੫੦ ਸਿੱਖ ਭੇਜੇ ਸਨ।
੧੮ ਅੱਸੂ ਸੁਦੀ ਚੌਥ ਸੰਮਤ ੧੭੪੫ ਬਿ.(੧੮ ਸਤੰਬਰ ੧੬੮੮ ਈ.) ਨੂੰ ਭੰਗਾਣੀ ਦੀ ਜੰਗ ਤੇ ਪਿੱਛੋਂ ੨੨ ਚੇਤ੍ਰ ਸੰਮਤ ੧੭੪੭ ਬਿ(੨੦ ਮਾਰਚ ੧੬੯੧ ਈ ਨੂੰ ਨਦਾਉਣ ਦੀ ਜੰਗ ਦੋਹਾਂ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ। (ਦਸ ਸਾਤ ਸਤੰ ਸਨ ਬੀਚ ਭਯੋ ਪੰਤਾਲੀਸ ਜੰਗ ਭਯੋ ਯਹ ਗ੍ਰਾਮ ਭੰਗਾਨੀ। ਦੇਸੀ ਦੇਸ ਬਿਖੈ ਤਬ ਤੈ ਬਿਦਤੈ, ਗੁਰ ਬੀਰ ਕਟੈਲ ਮਹਾਨੀ(ਗਿ ਗਿਆਨ ਸਿੰਘ, ਪੰਥ ਪ੍ਰਕਾਸ ਲਿਖਤੀ, ਪ੍ਰਤਾ ੫੧ ਲਾ. ਗੰਡਾ ਸਿੰਘ ਪਟਿਆਲਾ)
ਸਿਮਰ ਭੱਟ ਸਤਿਗੁਰ ਅਪਨਾ, ਗਿਆਨ ਬਤਾਵੈ ਸੱਚਾ।
ਤਉ ਬੇਖਾ ਪੰਵਾਰ ਬੀਝੇ ਕਾ ਅਥਰਾਕ ਨ, ਤਉ ਬੇਖਾ ਰੱਜਪੂਤੀ ਕਾ ਨੱਕਾ।
ਦਿੱਲੀ ਲਗ ਧਾਂਕ ਸੁਨੀ ਤੇਰੀ ਬੱਲੂ, ਤਉ ਜਾਨੇ ਸ਼ਾਹ ਚੁਗੱਤਾ।
ਸੁਪੂਤ ਪੋਤਾ ਤਉ ਗਾਂਊ ਮਨੀ ਰਾਮ, ਰੋਸ਼ਨ ਬੰਸ ਜੱਲੇ ਦਾ ਕਿੱਤਾ।
ਪੈਲ੍ਹਾਂ ਹੇਠ ਭੰਗਾਨੀ ਮਾਰੀ, ਰਾਨਾ ਘਾਲ ਕੀਆ ਰਨ ਜਿੱਤਾ।
ਸਾਕਾ ਕੀਆ ਨਦਾਵਨ ਤੈਂ ਨੇ, ਘਾਲਿਆ ਰਾਨਾ ਬੀਚ ਪਰਬੱਤਾ।
ਘੋੜੇ ਬੀਸ ਪਚਾਸ ਗਿਣਤੀ ਕੇ ਆਏ, ਪੈਦਲ ਆਏ ਬਹੁ ਰਜਪੁੱਤਾ।
ਧਨ ਧਨ ਮਾਤਾ ਮਧਰੀ ਬਾਈ, ਤਉ ਜਾਇਆ ਮਨੀ ਰਾਮ ਪੂਤ ਸੁਪੱਤਾ।
ਸੁਪੂਤ ਬੇਟਾ ਤਾਉ ਗਾਊਂ ਦਿਆਲ ਦਾਸ, ਜੀਤੇ ਜੀ ਦੇਗੇ ਉਬਲਿੱਤਾ। ਜਸ ਜੋੜ ਦੇਸੂ ਭੱਟ ਭਣਿਆ,
ਅਨੰਦਪੁਰ ਕੇ ਮਲਹਾਨ ਰੁਪਉਂ ਸੇ ਮੂੰਡ ਭੱਟੋਂ ਕਾ ਭਰ ਦਿੱਤਾ।
ਕੀ ਬਧਾਈ ਬੇਟੇ ਚਿਤ੍ਰ ਬਚ੍ਰਿਤ ਊਦੇ ਬਿਆਹਿ ਕੀ, ਸਾਲ ਸਤ੍ਰਾਂ ਸੈ ਪਚਾਸ ਸੀਬਿਤਾ।
ਮੈਂਹਗੇ ਮੋਲ ਕਰਹੈ ਹੈ ਦੀਏ, ਮੁਰਕੀ ਬੱਚ ਕੱਨੀ ਔ ਬਾਲਿਤਾ। (ਭੱਟ ਵਹੀ ਮੁਲਤਾਨੀ ਸਿੰਧੀ)
੧੭੪੮ ਬਿ.(੧੬੯੧ ਈ.) ਦੀ ਵੈਸਾਖੀ ਨੂੰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਦੀਵਾਨੀ ਦੀ ਉੱਚ ਪਦਵੀ ਤੇ ਨਿਯੁਕਤ ਕੀਤਾ।
ਲਿਖਤੰ ਮਨੀ ਰਾਮ ਬੇਟਾ ਨਾਇਕ ਮਾਈ ਦਾਸ ਕਾ ਪੋਤਾ ਬੱਲੂ ਕਾ,
ਪੜਪੋਤਾ ਮਿਲੇ ਕਾ ਜਤੀਆ ਪੰਵਾਰ ਬੰਸ ਬੀਝੇ ਕਾ ਬੰਝਰਉਤ ਜਲਹਾਨਾ
ਬਾਸੀ ਅਲੀ ਪੁਰ ਪਰਗਨਾ ਮੁਲਤਾਨ ਮਿਤੀ ੨ ਚੇਤ ਸੰਬਤ ੧੭੫੧ ਕੋ ਗੁਰੂ ਗੋਬਿੰਦ ਰਾਇ ਜੀ ਕੇ ਸਾਥ ਦੀਵਾਨ ਹੋ ਕਰ ਆਏ ਸੁਖ ਦੇ ਇਸਨਾਨ।
ਸੰਮਤ ੧੭੫੫ ਬਿ.(੧੬੯੮ ਈ.)ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ, ਤੇ ਚੜ੍ਹਦੇ ਸਾਲ ਦੀ ਵੈਸਾਖੀ ਨੂੰ ਦੂਰੋਂ ਨੇੜਿਓਂ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ। ਇਸੇ ਦਿਨ ਭਾਈ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ ਭਾਈ ਮਨੀ ਸਿੰਘ ਨੇ ਆਪਣੇ ਪੰਜ ਪੁਤ੍ਰ ਸਤਿਗੁਰਾਂ ਦੀ ਭੇਟ ਕੀਤੇ ਤੇ , ਹਮੇਸ਼ਾਂ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਰਹਿਣ ਦਾ ਮਨ ਬਣਾ ਲਿਆ,
ਪੁਰ ਮੁਲਤਾਨ ਅਲੀਪੁਰ ਨੇਰੇ। ਮਾਈ ਦਾਸ ਰਾਜਪੂਤ ਬਸੇਰੇ।
ਤਿਸ ਕੇ ਮਨੀ ਰਾਮ ਸੁਤ ਹੋਯੋ। ਆਇ ਤਰਾਂ ਗੁਰ ਦਰਸ਼ਨ ਜੋਯੋ।
ਪਾਂਚ ਪੁਤ੍ਰ ਲੈ ਆਪਨੇ ਸਾਥ। ਸ਼ਰਨੀ ਪਰਯੋ ਰਹਿਯੋ ਗੁਰ ਨਾਥ।
ਸੋ ਪੰਚਹੁ ਭਰਾਤਾ ਕਰ ਖਰੇ। ਸਿੰਘ ਨਾਮ ਗੁਰ ਤਿਨ ਕੇ ਧਰੇ।
ਬਡੋ ਬਚਿਤ੍ਰ ਸਿੰਘ ਭੱਟ ਭਯੋ। ਉਦੇ ਸਿੰਘ ਦੂਸਰ ਬਿਦਤਯੋ।
ਅਨਿਕ ਸਿੰਘ ਅਰ ਅਜਬ ਸਿੰਘ ਪੁਨ। ਪੰਚਮ ਭਯੋ ਅਜਾਇਬ ਸਿੰਘ ਗੁਨ।
ਅਮ੍ਰਿਤ ਖੰਡੇ ਕੋ ਤਿਨ ਦੀਨਾ। ਮਾਨਹੁ ਪੰਚ ਪਾਂਡਵ ਬਲ ਪੀਨਾ।
ਰੰਨ ਮਹਿ ਕਰੇ ਕਰਮ ਜਿਨ ਭੀਖਨ। ਰਿਪੂ ਮਾਰੇ ਜਿਨ ਸ਼ਸਤ੍ਰ ਤੀਖਨ। (ਗੁਰ ਪ੍ਰਤਾਪ ਸੂਰਜ ਗ੍ਰੰਥ, ਰੁੱਤ ੩ ਅੰਸ਼ੂ ੨੦)
(ਭਾਈ ਮਨੀ ਸਿੰਘ ਜੀ ਦੇ ੧੦ ਪੁੱਤਰਾਂ ਦੇ ਨਾਮ ਇਸ ਪ੍ਰਕਾਰ ਹਨ ਚਿੱਤ੍ਰ ਸਿੰਘ, ਬਚਿਤ੍ਰ ਸਿੰਘ, ਉਦੇ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ, ਅਤੇ ਦੇਸਾ ਸਿੰਘ ਰਹਿਤ ਨਾਮੀਆ। ੭ ਪੁੱਤਰ ਸ੍ਰੀ ਸੀਤੋ ਬਾਈ ਜੀ ਦੇ ਕੁਖੋਂ ਤੇ ੩ ਗੁਰੀਏ ਚੁਹਾਣ ਹਜਾਵਤ ਦੀ ਪੁਤਰੀ ਸ਼੍ਰੀ ਖੇਮੀਂ ਜੀ ਦੀ ਕੁੱਖ ਤੋਂ ਪੈਦਾ ਹੋਏ ਸਨ।)
ਭਾਈ ਮਨੀ ਸਿੰਘ ਜੀ ਦੀਵਾਨ ਹੋਣ ਕਾਰਨ ਅਨੇਕ ਮਾਲੀ, ਸਿਆਸੀ ਤੇ ਪ੍ਰਬੰਧਕ ਮਸਲਿਆਂ ਵਿੱਚ ਵਿਅਸਤ ਹੋਣ ਦੇ ਬਾਵਜੂਦ ਵੀ ਇਤਨਾ ਸਮਾਂ ਕੱਢ ਲੈਂਦੇ ਸਨ। ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਗਿਆਨੀ ਬਣ ਗਏ। ਤੇ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਉਂਦੇ ਸਨ।
ਕਥਾ ਰੋਜ ਗੁਰੂ ਗ੍ਰੰਥ ਕੀ ਸੰਗਤ ਤਾਈਂ ਸੁਨਾਇ।
ਅਨੰਦਪੁਰੇ ਕਛੁ ਸਮਾ ਇਮ ਬੀਤ ਗਯੋ ਧੀ ਆਇ। ( ਸ਼ਹੀਦ ਬਿਲਾਸ)
ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਦੀ ਦਾਤ ਲੈਣ ਉਪਰੰਤ ਗੁਰੂ ਸਾਹਿਬ ਜੀ ਨੇ ਅਮ੍ਰਿਤਸਰ ਸਾਹਿਬ ਦੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਭਾਈ ਮਨੀ ਸਿੰਘ ਜੀ ਨੂੰ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰ ਕੇ ਆਪ ਦੇ ਨਾਲ ਭਾਈ ਭੂਪਤ ਸਿੰਘ,ਗੁਲਜਾਰ ਸਿੰਘ, ਕੋਇਰ ਸਿੰਘ ਚੰਦਰਾ, ਦਾਨ ਸਿੰਘ ਤੇ ਕੀਰਤ ਸਿੰਘ ਨੂੰ ਭੇਜਿਆ।
ਪ੍ਰਥਮ ਭੁਜੰਗੀ ਵਲ ਮਾਝੇ ਘਲਾਏ।
ਦੇ ਦੇ ਪਹੁਲ ਗੁਰੂ ਚੱਕ ਬਹਾਏ। (ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਸਰੀ, ਪੰਨਾ ੪੭)
ਭਾਈ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ। ਗੁਰ ਮਰਯਾਦਾ ਅਨੁਸਾਰ ਭਾਈ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਤੀਸਰੇ ਮੁੱਖ ਗ੍ਰੰਥੀ ਸਥਾਪਿਤ ਹੋਏ ਪਹਿਲੇ ਬਾਬਾ ਬੁੱਢਾ ਜੀ ਮੱਘਰ ਸੁਦੀ ਚੌਥ ਸੰਮਤ ੧੬੮੮ ਬਿ.(੧੬ ਨਵੰਬਰ ੧੬੩੧ਈ.) ਨੂੰ ਸੱਚਖੰਡ ਪਧਾਰ ਗਏ ਇਹਨਾਂ ਦੇ ਬਾਅਦ ਭਾਈ ਗੁਰਦਾਸ ਜੀ ਦੂਸਰੇ ਮੁੱਖ ਗ੍ਰੰਥੀ ਸਨ ਜੋ ਕਿ ਅਮ੍ਰਿਤਸਰ ਦੀ ਪਹਿਲੀ ਜੰਗ ਤੋਂ ਬਾਅਦ ੨੫ ਭਾਦਰੋਂ ਸੁਦੀ ਪੰਚਮੀ ਸੰਮਤ ੧੬੯੩ ਬਿ. (੨੫ ਅਗਸਤ ੧੬੩੬ਈ.) ਨੂੰ ਸੱਚਖੰਡ ਪਿਆਨਾ ਕਰ ਗਏ। ਤੇ ਬਾਅਦ ਵਿੱਚ ਤੀਸਰੇ ਸਥਾਨ ਤੇ ਭਾਈ ਮਨੀ ਸਿੰਘ ਜੀ ਦਾ ਹੀ ਜਿਕਰ ਆਉਂਦਾ ਹੈ।
ਸ੍ਰੀ ਅਮ੍ਰਿਤਸਰ ਸਾਹਿਬ ਜੀ ਦੀ ਸੇਵਾ ਸੰਭਾਲ ਕਰਦਿਆਂ ਵੀ ਭਾਈ ਮਨੀ ਸਿੰਘ ਜੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਨੂੰ ਸ੍ਰੀ ਅਨੰਦਪੁਰ ਸਾਹਿਬ ਆਇਆ ਕਰਦੇ ਸਨ। ੧ ਸਤੰਬਰ ੧੭੦੦ ਈ. ਨੂੰ ਹਾਥੀ ਨਾਲ ਲੜਨ ਵਾਲੀ ਜੰਗ ਵਿੱਚ, ਜਿੱਥੇ ਭਾਈ ਸਾਹਿਬ ਜੀ ਦੇ ਦੋ ਪੁੱਤਰ ਭਾਈ ਬਚਿੱਤਰ ਸਿੰਘ ਤੇ ਉਦੇ ਸਿੰਘ ਨੂੰ ਗੁਰੂ ਸਾਹਿਬ ਜੀ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਵਿੱਚ ਮੁਕਾਬਲੇ ਲਈ ਭੇਜਿਆ ਸੀ ਉਥੇ ਹੀ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਪੁੱਤਰਾਂ ਦੇ ਨਾਲ ਨਾਲ ਭਾਈ ਮਨੀ ਸਿੰਘ ਜੀ ਨੇ ਵੀ ਉਸ ਜੰਗ ਵਿੱਚ ਹਿੱਸਾ ਲਿਆ ਸੀ।
ਲੋਹ ਗਢੇ ਬਰ ਬੀਰ ਮਨੀ ਸਿੰਘ ਮੱਦ੍ਰਜ ਏ ਭੱਟ ਤੀਰ ਬੁਲਾਯੋ।
ਢਾਲ ਕ੍ਰਿਪਾਨ ਬੰਦੂਕ ਕਮਾਨ, ਦਏ ਸਭ ਆਯੁਧ ਮਾਨ ਬਢਾਯੋ। (ਵੀਰ ਸਿੰਘ ਬਲ ਕ੍ਰਿਤ ਸਿੰਘ ਸਾਗਰ, ਅਧਿਆਏ ੧੧)
ਇਸ ਤੋਂ ਬਾਅਦ ਅਗਲੀਆਂ ਜੰਗਾਂ ਵਿੱਚ ਵੀ ਭਾਈ ਸਾਹਿਬ ਜੀ ਸਮੇਤ ਆਪ ਜੀ ਦੇ ਪੁੱਤਰਾਂ ਨੇ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕੇ ਆਪਣੀ ਤਾਕਤ ਦੇ ਜੌਹਰ ਦਿਖਾਏ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਇੱਕ ਉਚੇਚਾ ਹੁਕਮਨਾਮਾ ਬਖਸ ਕੇ ਆਪ ਜੀ ਨੂੰ ਨਿਵਾਜਿਆ।
ੴ ਸਤਿਗੁਰ ਪ੍ਰਸਾਦਿ।।
ਸ਼੍ਰੀ ਸਤਿਗੁਰੂ ਜੀ ਕੀ ਆਗਿਆ ਹੈ।। ਭਾਈ ਬਚਿੱਤ੍ਰ ਸਿੰਘ ਜੀ।। ਭਾਈ ਉਦੇ ਸਿੰਘ ਜੀ।। ਭਾਈ ਅਨਿਕ ਸਿੰਘ ਜੀ।। ਭਾਈ ਅਜਬ ਸਿੰਘ ਜੀ।। ਭਾਈ ਅਜਾਇਬ ਸਿੰਘ ਜੀ।। ਨਾਇਕ ਮਾਈ ਦਾਸ ਵੋਇ ਮਨੀ ਸਿੰਘ ਨੂੰ ਵਾਹਗੁਰੂ ਸਰਮ ਰਖੇਗਾ।। ਤੁਸੀਂ ਮੇਰੇ ਪੁੱਤਰ ਫਰਜੰਦਹ ਖਾਨ ਜਾਦ ਹੋ।। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਕੇ ਤੁਸੀਂ ਮਹਿਰਮ ਹੋ।। ਹੋਰ ਕੌਡੀ ਦਮੜੀ ਪੈਸਾ ਧੇਲਾ ਰੁਪੈਆ ਰਛਿਆ ਦਾ। ਜੋ ਅਸਾਨੂ ਦੇਹਿਗਾ।। ਇਹ ਮੇਰੇ ਪੁੱਤ੍ਰ ਫਰਜੰਦ ਹੈਨਿ।। ਸਿੱਖਾਂ ਪੁੱਤਾਂ ਦਾ ਵਾਦਾ ਵ ਲਾ ਹੈ।। ਜੇ ਲੋਚ ਕੇ ਸੇਵਾ ਕਰੋਗੇ ਤੁਸਾਡੀ ਸੇਵਾ ਦਰਗਾਹਿ ਥਾਇ ਪਵੈਗੀ।। ਤੁਸਾਂ ਉਪਰ ਵਾਹਿਗੁਰੂ ਰਛਿਆ ਕਰੇਗਾ।।
(ਸੰਮਤ ੧੭੬੦ ਮਿਤੀ ਕੱਤਕ ੧)
ਲੇਖ ਦੇ ਅਕਾਰ ਨੂੰ ਮੁੱਖ ਰੱਖਦੇ ਹੋਏ ਭਾਈ ਸਾਹਿਬ ਜੀ ਸਾਰੇ ਜੀਵਨ ਬਾਰੇ ਲਿਖਣਾ ਮੁਸ਼ਕਿਲ ਹੈ। ਇਸ ਲਈ ਤਾਂ ਕਈ ਹਜਾਰਾਂ ਪੰਨਿਆ ਦੀ ਕਿਤਾਬ ਭਰ ਜਾਵੇਗੀ
ਸਾਧੂ ਦਿਆਲ ਦਾਸ ਕ੍ਰਿਤ ਦੌਰੇ ਦੀ ਸਾਖੀ ਪੋਥੀ ਵਿੱਚ ਲਿਖਦਾ ਹੈ ਕਿ ਗੁਰੂ ਜੀ ਦੇ ਦੱਖਣ ਜਾਣੇ ਕੀ ਤਿਆਰੀ ਕੀਤੀ…. ਸੁਣ ਕੇ ਗੁਰੂ ਜੀ ਦਾ ਬਾਕ ਸਰਬਤ੍ਰ ਖ਼ਾਲਸੇ ਨੇੜੇ ਦੂਰ ਕੇ ਹੁਮ ਹੁਮਾ ਕੇ ਆਏ ਦਰਸ਼ਨਾ ਨੂੰ। ਭਾਈ ਰੂਪੇ ਦੇ ਧਰਮ ਸਿੰਘ ਆਇਆ। ਅੰਮ੍ਰਿਤਸਰ ਤੇ ਮਨੀ ਸਿੰਘ ਜੀ ਆਏ ਸੰਗਤ ਕੋ ਸਾਥ ਲੈ ਕੇ। ਰਾਮ ਦਾਸੋ ਭਾਈ ਗੁਰਬਖਸ ਸਿੰਘ ਜੀ ਆਏ, ਸੰਗਤ ਕੋ ਸਾਥ ਲੈ ਕੇ। ਆਪਣੀ ਆਪਣੀ ਭੇਟਾ ਸਰਬਤ੍ਰ ਨੇ। ਦਰਬਾਰੀ ਘਰਬਾਰੀ ਦੀਵਾਨ ਸੇ ਗੁਰੂ ਜੀ ਕੇ, ਉਨਾਂ ਬੇਨਤੀ ਕੀਤੀ, ਪਾਤਿਸ਼ਾਹ। ਸਭ ਸਿੱਖ ਕੋਈ ਚਲਿਆ ਆਵਦਾ ਹੈ। ਦਖਣ ਭੱਠ ਪਈ ਕਾ ਕੀ ਨਾਉ ਲੈਦੇ ਹਉ।
ਗੁਰੂ ਜੀ ਬਚਨ ਕੀਤਾ, ਨਾ ਵੇ!! ਸਾਡਾ ਕੰਮ ਹੀ ਹੈ, ਅਸਾ ਨੂੰ ਜਰੂਰ ਜਾਣਾ ਹੀ ਹੈ…। ਭਾਈ ਗੁਰਬਖਸ਼ ਸਿੰਘ, ਭਾਈ ਮਨੀ ਸਿੰਘ , ਭਾਈ ਧਰਮ ਸਿੰਘ, ਦਾਨ ਸਿੰਘ ਕਾ ਬੇਟਾ, ਗੁਰਬਖਸ ਸਿੰਘ, ਭਾਈ ਸੰਤੋਖ ਸਿੰਘ ਏ ਪੰਜੇ ਨਾਮਦਾਰ ਗੁਰੂ ਜੀ ਕੇ ਸਾਥ ਹੀ ਚੜ੍ਹੇ ਚਰਨ ਕਮਲੋਂ ਕੇ …. ਕਤਿਕ ਸੁਦੀ ਤਿਥਿ ਪੰਚਮੀ ਸਵਾ ਪਹਿਰ ਦਿਨ ਚੜ੍ਹੇ ਕੂਚ ਕੀਆ ਦਖਣ ਕਉ.
ਸ਼ਹੀਦ ਬਿਲਾਸ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਬਘੌਰ ਤੋਂ ਵਾਪਿਸ ਅੰਮ੍ਰਿਤਸਰ ਸਾਹਿਬ ਆ ਗਏ ਸਨ। ਗੁਰੂ ਸਾਹਿਬ ਜੀ ਦੇ ਦੱਖਣ ਜਾਣ ਦੇ ਬਾਅਦ ਸਿੱਖਾਂ ਵਿੱਚ ਕੁੱਝ ਉਦਾਸੀ ਛਾ ਗਈ ਸੀ। ਭਾਈ ਸਾਹਿਬ ਨੇ ਵਾਪਿਸ ਆ ਕੇ ਇਸ ਉਦਾਸੀ ਨੂੰ ਦੂਰ ਕਰਨ ਲਈ। ਬਾਬਾਣੀਆਂ ਕਹਾਣੀਆਂ ਕਰਨ ਦਾ ਢੰਗ ਸੋਚਿਆ। ਦਸਵੇਂ ਪਾਤਿਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸਿੱਖੀ ਦੀ ਲਹਿਰ ਨੂੰ ਸੋਕੇ ਦਾ ਖਤਰਾ ਸੀ। ਭਾਈ ਸਾਹਿਬ ਜੀ ਨੇ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਵੈਸਾਖੀ ਸ੍ਰੀ ਅਮ੍ਰਿਤਸਰ ਸਾਹਿਬ ਮਨਾਉਣ ਲਈ ਦੂਰ ਦੂਰ ਤੱਕ ਪੱਤ੍ਰ ਘੱਲੇ ਇਹ ਢੰਗ ਜਥੇਬੰਦੀ ਨੂੰ ਮਜਬੂਤ ਕਰਨ ਦਾ ਸੀ। ਉਪਰੰਤ ਬਾਬਾ ਬੰਦਾ ਸਿੰਘ ਜੀ ਬਹਾਦੁਰ ਦਾ ਪੰਜਾਬ ਆਉਣਾ ਤੇ ਪਹਿਲਾ ਸਿੱਖ ਰਾਜ ਕਾਇਣ ਕਰਨ ਵੇਲੇ ਵੀ ਭਾਈ ਮਨੀ ਸਿੰਘ ਜੀ ਦੁਆਰਾ ਚਲਾਈ ਹੋਈ ਲਹਿਰ ਦਾ ਉਸ ਵਿੱਚ ਬਹੁਤ ਸਹਿਯੋਗ ਸੀ। ਉਸ ਵਿੱਚ ਤੱਤ ਖਾਲਸਾ ਤੇ ਬੰਦਈ ਖਾਲਸਾ ਦੇ ਝਗੜੇ ਦਾ ਨਿਪਟਾਰਾ ਵੀ ਇੱਕ ਬਹੁਤ ਸ਼ਲਾਘਾਯੋਗ ਫੈਸਲਾ ਸੀ। ਉਸ ਵੇਲੇ ਤੱਕ ਭਾਈ ਸਾਹਿਬ ਜੀ ਉਮਰ ੮੦ ਕੁ ਸਾਲ ਦੇ ਲਗਭਗ ਸੀ। ਬੇਸ਼ੱਕ ਆਪ ਜੀ ਜੰਗ ਦੇ ਮੈਦਾਨਾ ਵਿੱਚ ਉਸ ਵੇਲੇ ਅਗਵਾਈ ਨਹੀਂ ਸੀ ਕਰ ਰਹੇ ਪਰ ਇੱਕ ਸੁਲਝੇ ਤੇ ਸਮਝਦਾਰ ਘਰ ਦੇ ਬਜ਼ੁਰਗ ਬਣ ਕੇ ਸਿੱਖਾਂ ਦੇ ਜਥਿਆਂ ਦੀ ਅਗਵਾਈ ਕਰਦੇ ਸਨ।
ਅਖੀਰ ੯੦ ਵਰਿਆਂ ਦੀ ਉਮਰ ਵਿੱਚ ਦਿਵਾਲੀ ਦੇ ਇੱਕਠ ਦੀ ਮਨਜੂਰੀ ਲਈ ਸਰਕਾਰ ਨਾਲ ਕੀਤੇ ਕਰਾਰ ਜੋ ਕਿ ਸਰਕਾਰ ਦੀਆਂ ਨੀਤੀਆਂ ਨੇ ਹੀ ਤੁੜਵਾਇਆ ਜਦੋਂ ਉਸ ਦੀ ਰਕਮ ਭਾਈ ਸਾਹਿਬ ਜੀ ਨੇ ਨਾ ਦਿੱਤੀ ਤਾਂ ਉਹਨਾਂ ਨੂੰ ਹਾੜ ਸੁਦੀ ਪੰਚਮੀ ਸੰਮਤ ੧੭੯੧ ਬਿ(੨੪ ਜੂਨ ੧੭੩੪ਈ.) ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਮਨੀ ਸਿੰਘ ਮਾਈ ਦਾਸ ਕਾ, ਪੋਤਾ ਬਲੂ ਕਾ, ਪੜਪੋਤਾ ਮੂਲੇ ਕਾ… ਸ਼ਾਹੀ ਹੁਕਮ ਗੈਲ ਅਸਾਢ ਸੁਦੀ ਪੰਚਮੀ ਸੰਬਤ ੧੭੯੧ ਕੋ ਲਾਹੌਰ ਕੇ ਮਲਹਾਨ ੬ ਘੜੀ ਦਿਨ ਚਢੇ ਬੰਦ ਬੰਦ ਕਾਟਾ। ਭੂੰ ਕਾਟ ਆਇਆ, ਗੈਲੋਂ ਜਗਤ ਸਿੰਘ ਬੇਟਾ ਮਾਈ ਦਾਸ ਕਾ , ਚਿਤ੍ਰ ਸਿੰਘ ਬੇਟਾ ਮਨੀ ਸਿੰਘ ਕਾ, ਗੁਰਬਖਸ ਸਿੰਘ ਬੇਟਾ ਮਨੀ ਸਿੰਘ ਕਾ ਮਾਰੇ ਗਏ। ਆਗੇ ਗੁਰੂ ਭਾਨੇ ਕਾ ਖਾਵਿੰਦ, ਗੁਰੂ ਗੁਰੂ ਜਨਮ ਸਵਰੇਗਾ।
ਭਾਈ ਮਨੀ ਸਿੰਘ ਜੀ ਦੀ ਸਹਾਦਤ ਨੂੰ ਕੋਟ ਕੋਟ ਪ੍ਰਣਾਮ ਜਿਹਨਾਂ ਨੇ ਆਪਣਾ ਸਾਰਾ ਜੀਵਨ ਤੇ ਪੂਰਾ ਪਰਿਵਾਰ ਰਿਸ਼ਤੇਦਾਰੀਆਂ ਸਮੇਤ ਗੁਰੂ ਘਰ ਦੇ ਲੇਖੇ ਲਾਇਆ।
ਸੁਰਜੀਤ ਸਿੰਘ ਜਰਮਨੀ(ਡਾ.)
Posted By: TAJEEMNOOR KAUR