Nazrana Times

ਪੰਜਾਬੀ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਮੋਹਾਲੀ ਹਲਕੇ ਤੋਂ ਕੀਤੀਆਂ 3 ਬੱਸਾਂ ਰਵਾਨਾ...

13 Oct, 2026 03:48 PM

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਸਰਕਾਰ : ਵਿਧਾਇਕ ਕੁਲਵੰਤ ਸਿੰਘ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿੰਮੇਵਾਰੀ ਸੰਭਾਲਦਿਆਂ ਹੀ ਜੋ- ਜੋ ਵਾਅਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੀ ਕਚਹਿਰੀ 'ਚ ਜਾਂਦਿਆਂ ਕੀਤੇ ਗਏ ਸਨ। ਉਹਨਾਂ ਸਭਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਵੀ ਅਗਾਹ ਜਾਂਦੇ ਹੋਏ ਪੰਜਾਬ ਦੇ ਵਿਕਾਸ ਦੀ ਗੱਲ, ਪੰਜਾਬ ਨੂੰ ਰੰਗਲਾ ਅਤੇ ਤੰਦਰੁਸਤ ਪੰਜਾਬ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਵਿੱਚੋਂ 3 ਬੱਸਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਤੀਰਥ ਯਾਤਰਾ ਤੇ ਰਵਾਨਾ ਹੋਣੇ ਵਾਲੀਆਂ ਇਹ ਬੱਸਾਂ ਫੇਸ -5, ਨੇੜੇ ਗੁਰਦੁਆਰਾ ਸਾਹਿਬ, ਫੇਸ 3ਬੀ2 ਅਤੇ ਪਿੰਡ ਨਗਾਰੀ ਤੋਂ ਰਵਾਨਾ ਹੋਈਆਂ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਦਾ ਇਹ ਜਥਾ ਸੰਗਤ ਦੇ ਰੂਪ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕੀ ਮੰਦਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕਰਕੇ ਵਾਪਸ ਮੁਹਾਲੀ ਪਰਤੇਗਾ। ਇਸ ਤੀਰਥ ਯਾਤਰਾ ਨੂੰ ਲੈ ਕੇ ਸੀਨੀਅਰ ਸਿਟੀਜਨ ਸ਼ਰਧਾਲੂਆਂ ਦੇ ਵਿੱਚ ਪੂਰਾ ਉਤਸਾਹ ਹੈ ਅਤੇ ਉਹ ਪੂਰੀ ਸ਼ਰਧਾ ਦੇ ਨਾਲ ਇਸ ਯਾਤਰਾ ਤੇ ਰਵਾਨਾ ਹੋ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੇ ਹੀ ਚਾਅ ਦੇ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਦੇ ਵਿੱਚ ਲਿਆਂਦਾ ਅਤੇ ਅੱਜ ਸਮੁੱਚੇ ਪੰਜਾਬੀ ਇਸ ਗੱਲ ਨੂੰ ਲੈ ਕੇ ਖੁਸ਼ ਅਤੇ ਸੰਤੁਸ਼ਟ ਹਨ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਜਿਹੜੀਆਂ ਗਾਰੰਟੀਆਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਸਨ ਉਹਨਾਂ ਸਭਨਾਂ ਨੂੰ ਪੂਰੇ ਕਰ ਲਿਆ ਹੈ। ਆਮ ਆਦਮੀ ਪਾਰਟੀ ਲੋਕਾਂ ਦੁਆਰਾ ਚੁਣੀ ਗਈ ਅਤੇ ਲੋਕਾਂ ਦੀ ਹੀ ਸਰਕਾਰ ਹੈ ਅਤੇ ਲੋਕਾਂ ਦੀ ਭਲਾਈ ਲਈ ਹੀ ਲਗਾਤਾਰ ਕੰਮ ਕਰਨ ਦੇ ਲਈ ਵਚਨਵੱਧ ਹੈ। ਫਿਰ ਚਾਹੇ, ਉਹ ਖੇਡ ਮੈਦਾਨ ਦੀ ਉਸਾਰੀ ਹੋਵੇ, ਪਾਰਕਾਂ ਦੇ ਵਿੱਚ ਯੋਗਸ਼ਾਲਾਵਾਂ ਚੱਲ ਰਹੀਆਂ ਹਨ, ਜਿੱਥੇ ਲੋਕਾਂ ਨੂੰ ਯੋਗਾ ਕਰਵਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਕੋਚ ਪਹੁੰਚਦੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਲੋਕਾਂ ਦੇ ਵਿਚਕਾਰ ਹੈ ਅਤੇ ਮੁੱਖ ਮੰਤਰੀ ਖੁਦ, ਕੈਬਨਟ ਮੰਤਰੀ, ਐਮਐਲਏ., ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਅਤੇ ਸਮਰਥਕ ਲੋਕਾਂ ਦੀ ਭਲਾਈ ਲਈ ਕੰਮ ਸਮੇਂ ਸਿਰ ਕਰਨ ਦੇ ਲਈ ਵਚਨਵੱਧ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਪ੍ਰਤੀ ਲੋਕਾਂ ਦੇ ਸੁਝਾਅ ਜਾਨਣ ਅਤੇ ਰਹਿ ਚੁੱਕੇ ਕੰਮਾਂ ਸਬੰਧੀ ਸੂਬੇ ਦੇ ਵਸਿੰਦਿਆਂ ਦੀ ਰਾਏ ਜਾਨਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ -ਲੋਕ ਮਿਲਣੀ- ਪ੍ਰੋਗਰਾਮਾਂ ਦਾ ਆਯੋਜਨ ਸਮੁੱਚੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ, ਅਤੇ ਸਾਨੂੰ ਇਹ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਲੋਕੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਸੇਵਾ ਨੂੰ ਪ੍ਰਵਾਨਿਤ ਕਰਨਗੇ, ਅਤੇ ਆਗਾਮੀ ਵਿਧਾਨ ਸਭਾ ਚੋਣਾਂ 2007 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫਿਰ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾ ਕੀ ਬੋਲਦੇ ਹਨ, ਇਸ ਗੱਲ ਦਾ ਸਾਨੂੰ ਰਤਾ ਭਰ ਵੀ ਵੀ ਫਰਕ ਨਹੀਂ ਪੈਂਦਾ, ਅਸੀਂ ਤਾਂ ਸਿਰਫ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਅਤੇ ਕਰਦੇ ਰਹਾਂਗੇ। ਲੋਕਾਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿੱਥੇ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਪਿਛਲੇ ਤੀਰਥ ਅਸਥਾਨਾਂ ਦੇ ਲਈ ਕੀਤੀ ਗਈ। ਉੱਥੇ ਹੁਣ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਦੀ ਆਸਥਾ ਅਤੇ ਸ਼ਰਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਅਰ ਸਿਟੀਜਨ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਖਾਟੂਸ਼ਾਮ, ਬਾਲਾਸਰ, ਵਰਿੰਦਾਵਨ, ਹਰਿਦੁਆਰ, ਰਿਸ਼ੀਕੇਸ਼ ਤੀਰਥ ਸਥਾਨਾਂ ਲਈ ਯਾਤਰਾ ਸ਼ੁਰੂ ਕੀਤੀ ਗਈ ਹੈ, ਅਤੇ ਇਹ ਯਾਤਰਾ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਚਲਦੀ ਰਹੇਗੀ। ਇਸ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੁਆਰਡੀਨੇਟਰ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਸੀਨੀਅਰ ਆਗੂ ਅਕਵਿੰਦਰ ਸਿੰਘ ਗੋਸਲ, ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕੌਂਸਲਰ ਨਸੀਬ ਸਿੰਘ ਸੰਧੂ, ਸ਼ਰਨਜੀਤ ਕੌਰ ਬਲਾਕ ਪ੍ਰਧਾਨ, ਕੁਲਦੀਪ ਕੌਰ, ਸੁਖਬੀਰ ਸਿੰਘ, ਸਤਿਆਜੀਤ ਸਿੰਘ ਕੁੰਦਲਾ, ਹਰਮੇਸ਼ ਸਿੰਘ ਕੁੰਬੜਾ, ਅਮਰਜੀਤ ਸਿੰਘ ਸਿੱਧੂ, ਜਥੇਦਾਰ ਨਰਿੰਦਰ ਸਿੰਘ, ਚੇਤਨ ਸ਼ਰਮਾ ਨਗਾਰੀ, ਅਮਰੀਕ ਸਿੰਘ ਨਗਾਰੀ, ਛੱਜੂ ਨਗਾਰੀ, ਲੱਕੀ ਸ਼ਰਮਾ ਨਗਾਰੀ ਵੀ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News