Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਮੈਂਬਰ ਸ. ਜਸਵੰਤ ਸਿੰਘ ਪੁੜੈਣ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਸਪਸ਼ਟੀਕਰਨ ਤੇ ਕੀਤੀ ਖਿਮਾ ਜਾਚਨਾ

07 Oct, 2026 05:40 PM

ਸ੍ਰੀ ਅੰਮ੍ਰਿਤਸਰ, 7 ਅਕਤੂਬਰ-ਕੰਵਰ ਪ੍ਰਤਾਪ ਸਿੰਘ 
ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਸਵੰਤ ਸਿੰਘ ਪੁੜੈਣ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ 2026 ਨੂੰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲੇ, ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ 10 ਦਿਨਾਂ ਦੇ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਿਆ ਕਿਹਾ ਗਿਆ ਸੀ। ਇਨ੍ਹਾਂ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਹੈ।
ਅੱਜ ਮਿਤੀ 7 ਅਕਤੂਬਰ 2026 ਨੂੰ ਸ. ਜਸਵੰਤ ਸਿੰਘ ਪੁੜੈਣ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ। ਸ. ਜਸਵੰਤ ਸਿੰਘ ਪੁੜੈਣ ਨੇ ਸਿੰਘ ਸਾਹਿਬ ਕੋਲ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੈ। ਸ. ਪੁੜੈਣ ਨੇ ਕਿਹਾ ਕਿ ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀ, ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀ। ਉਨ੍ਹਾਂ ਇਸ ਭੁੱਲ ਲਈ ਖਿਮਾ ਜਾਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫ਼ੈਸਲਾ ਹੋਵੇਗਾ ਉਸ ਨੂੰ ਉਹ ਪ੍ਰਵਾਨ ਕਰਨਗੇ। ਸ. ਪੁੜੈਣ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਹੋਈ ਅਵੱਗਿਆ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲੱਗੇ ਤਾਂ ਜੋ ਉਹ ਸੁਰਖ਼ਰੂ ਹੋ ਕੇ ਵਿਚਰ ਸਕਣ ਤੇ ਉਨ੍ਹਾਂ ਦੇ ਮਨ ਉੱਤੇ ਕੋਈ ਬੋਝ ਨਾ ਰਹੇ। 
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਕਿਹਾ ਸ. ਜਸਵੰਤ ਸਿੰਘ ਪੁੜੈਣ ਵੱਲੋਂ ਦਿੱਤਾ ਗਈ ਸਪਸ਼ਟੀਕਰਨ ਤੇ ਕੀਤੀ ਗਈ ਖਿਮਾ ਜਾਚਨਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੇ ਸਿੰਘ ਸਾਹਿਬਾਨ ਵੱਲੋਂ ਫ਼ੈਸਲਾ ਕੀਤਾ ਜਾਵੇਗਾ ।

Posted By: GURBHEJ SINGH ANANDPURI

Latest News