ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ 17 ਵਾਂ 2 ਦਿਨਾਂ ਸਿੱਖ ਚਿਲਡਰਨ ਕੈਂਪ ਜੈਕਾਰਿਆਂ ਦੀ ਗੂੰਜ ਹੇਠ ਸ਼ੁਰੂ
ਨਿਊਜ਼ੀਲੈਂਡ ਤੋਂ ਸਟਾਫ਼ ਰਿਪੋਰਟਰ ਤਰਨਜੋਤ ਸਿੰਘ ਦੀ ਸਿੱਖ ਚਿਲਡਰਨ ਡੇ ਦੇ ਪਹਿਲੇ ਦਿਨ ਦੀ ਵਿਸ਼ੇਸ਼ ਰਿਪੋਰਟ
ਮੈਂਬਰ ਪਾਰਲੀਮੈਂਟ ਰੀਮਾ ਨਾਖਲੇ ,ਕੌਂਸਲਰ ਡੈਨੀਅਲ ਨਿਊਮੈਨ ਨੇ ਕੀਤਾ ਬੱਚਿਆਂ ਅਤੇ ਸੰਗਤਾਂ ਨੂੰ ਸੰਬੋਧਨ
ਪ੍ਰਧਾਨਮੰਤਰੀ ਕ੍ਰਿਸਟੋਫਰ ਲਕਸਨ ਅੱਜ ਕਰਨਗੇ ਸ਼ਿਰਕਤ
ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਾਲ 2026 ਦਾ ਸਭ ਤੋਂ ਵੱਡਾ ਈਵੈਂਟ 17 ਵਾਂ 2 ਦਿਨਾਂ “ ਸਿੱਖ ਚਿਲਡਰਨ ਡੇ “ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਰਦਾਸ ਅਤੇ ਹੁਕਨਾਮਾ ਸਾਹਿਬ ਉਪਰੰਤ ਜੈਕਾਰਿਆਂ ਦੀ ਗੂੰਜ ਹੇਠ ਸ਼ੁਰੂ ਹੋਇਆ ।
ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਸਿੱਖ ਹੈਰੀਟੇਜ਼ ਸਕੂਲ ਟਾਕਾਨੀਨੀ ਵਲੋਂ ਨਜ਼ਰਾਨਾ ਟਾਈਮਜ਼ ਨੂੰ ਜਾਣਕਾਰੀ ਦਿੰਦਿਆਂ ਮੁੱਖ ਬੁਲਾਰੇ ਦਲਜੀਤ ਸਿੰਘ ਅਤੇ ਮਨਦੀਪ ਕੌਰ, ਗੁਰਿੰਦਰਜੀਤ ਸਿੰਘ ,ਮਨਜੀਤ ਸਿੰਘ ਨੇ ਦਸਿਆ ਕਿ ਕੈਂਪ ਦੇ ਪਹਿਲੇ ਦਿਨ ਮੈਂਬਰ ਪਾਰਲੀਮੈਂਟ ਰੀਮਾ ਨਾਖਲੇ , ਕੌਂਸਲਰ ਡੈਨੀਅਲ ਨਿਊਮੈਨ ਆਕਲੈਂਡ ਕੌਂਸਲ ਤੋਂ ਕਰਿਤਿਕਾ ਸਲੈਚ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਬੱਚਿਆਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੈਂਪ ਦੀ ਵਧਾਈ ਦਿੱਤੀ ।
ਉਹਨਾਂ ਦਸਿਆ ਕਿ ਕੈਂਪ ਦੇ ਪਹਿਲੇ ਦਿਨ ਕੀਰਤਨ, ਕਵਿਤਾ, ਦਸਤਾਰ ਸਜਾਉਣ,ਪ੍ਰਸ਼ਨੋਤਰੀ,ਗਤਕਾ,ਸਿੱਖ ਆਰਟ,ਸੋਲੋ ਤਬਲਾ ,ਭਾਸ਼ਣ,ਪ੍ਰਸ਼ਾਦਾ ਬਣਾਉਣ,ਲਿਖਣ ਕਲਾ,ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਣ ਮੁਕਾਬਲੇ 5 ਸਾਲ ਤੋਂ 24 ਸਾਲ ਤੱਕ ਦੇ ਬੱਚਿਆਂ ਵਿਚਕਾਰ 6 ਗਰੁੱਪ ਕੈਟਾਗਿਰੀ ਬਣਾਕੇ ਕਰਵਾਏ ਗਏ । ਜਿਸ ਵਿੱਚ 70 ਤੋਂ ਵੱਧ ਜੱਜ ਸਾਹਿਬਾਨ ਅਤੇ ਸਮੁੱਚੇ ਸਕੂਲ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ ।
ਉਹਨਾਂ ਅੱਗੇ ਦਸਦਿਆਂ ਕਿਹਾ ਕਿ ਕੈਂਪ ਦੇ ਦੂਸਰੇ ਦਿਨ 11 ਸਾਲ ਤੋਂ ਉਪਰ ਵਾਲੇ ਬੱਚਿਆਂ ਤੋਂ ਲੈ ਕਿ 24 ਸਾਲ ਤਕ ਦੇ ਨੌਜਵਾਨ ਕੀਰਤਨੀਆਂ ਦੇ ਮੁਕਾਬਲੇ ਹੋਣਗੇ । ਕੈਂਪ ਦੌਰਾਨ ਬੱਚਿਆਂ ਅਤੇ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਸਟਾਲ ਲਗਾਏ ਗਏ ਸਨ । ਕੈਂਪ ਦੌਰਾਨ ਭਾਗ ਲੈਣ ਵਾਲੇ ਸਮੁੱਚੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਵੀ ਦਿੱਤੇ ਗਏ ਜਦਕਿ ਜੇਤੂ ਅਤੇ ਉਪਜੇਤੂਆਂ ਦਾ ਐਲਾਨ ਅਤੇ ਵਿਸ਼ੇਸ਼ ਸਨਮਾਨ ਭਲਕੇ ਹੋਵੇਗਾ । ਕੈਂਪ ਦੌਰਾਨ ਕੀਰਤਨ ਮੁਕਾਬਲਿਆਂ ਦਾ ਸਟੇਜ ਸੰਚਾਲਨ ਰਾਜਵਿੰਦਰ ਕੌਰ ਨੇ ਬਾਖੂਬੀ ਨਿਭਾਇਆ ।
Posted By: GURBHEJ SINGH ANANDPURI