ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਅਲੀ ਉਸਮਾਨ ਬਾਜਵਾ ਦਾ ਪੰਜਾਬੀ ਕਹਾਣੀ-ਸੰਗ੍ਰਹਿ ‘ਪਹਿਲੀ ਰੋਟੀ’ ਲੋਕ ਅਰਪਣ
ਲਾਹੌਰ (ਨਜ਼ਰਾਨਾ ਟਾਈਮਜ਼): ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ, ਲਾਹੌਰ ਵਿੱਚ ਨੌਜਵਾਨ ਕਹਾਣੀਕਾਰ ਅਲੀ ਉਸਮਾਨ ਬਾਜਵਾ ਦਾ ਪੰਜਾਬੀ ਕਹਾਣੀ-ਸੰਗ੍ਰਹਿ ‘ਪਹਿਲੀ ਰੋਟੀ’ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼ ਦੀ ਪੰਜਾਬੀ ਅਦਬੀ ਮਜਲਿਸ ਵੱਲੋਂ ਕਰਵਾਇਆ ਗਿਆ। ਸਾਂਝ ਪਬਲੀਕੇਸ਼ਨਜ਼, ਲਾਹੌਰ ਵੱਲੋਂ ਛਾਪੇ ਗਏ ਇਸ ਸੰਗ੍ਰਹਿ ਵਿੱਚ 13 ਕਹਾਣੀਆਂ ਸ਼ਾਮਲ ਹਨ।
ਸਮਾਗਮ ਦੀ ਪ੍ਰਧਾਨਗੀ ਓਰੀਐਂਟਲ ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਨਬੀਲਾ ਰਹਿਮਾਨ ਨੇ ਕੀਤੀ। ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼ ਦੇ ਨਿਰਦੇਸ਼ਕ ਪ੍ਰੋ. ਡਾ. ਨਵੀਦ ਸ਼ਹਿਜ਼ਾਦ ਦੀ ਹਾਜ਼ਰੀ ਵਿੱਚ ਸਾਂਝ ਪਬਲੀਕੇਸ਼ਨਜ਼ ਦੇ ਪ੍ਰਕਾਸ਼ਕ ਅਮਜਦ ਸਲੀਮ ਮਿਨਹਾਸ ਨੇ ਲੇਖਕ ਅਤੇ ਪੁਸਤਕ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਵਾਈ।
ਤਿੰਨ ਕਹਾਣੀਆਂ ਦੀ ਵਿਸਥਾਰ ਨਾਲ ਪੜਚੋਲ
ਗੌਰਮਿੰਟ ਕਾਲਜ ਯੂਨੀਵਰਸਿਟੀ, ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜ਼ਹੀਰ ਵੱਟੂ ਨੇ ਸੰਗ੍ਰਹਿ ਦੀਆਂ ਕਹਾਣੀਆਂ ‘ਗੋਗੋ’, ‘ਪੂਰਨੇ’ ਅਤੇ ‘ਘੜੀ ਸਿਆਣਫ਼’ ਦੀ ਵਿਸਥਾਰ ਨਾਲ ਪੜਚੋਲ ਕੀਤੀ। ਪੰਜਾਬ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼ ਦੇ ਸਹਾਇਕ ਪ੍ਰੋਫੈਸਰ ਡਾ. ਮੁਹੰਮਦ ਇਰਫ਼ਾਨ ਉਲ ਹੱਕ ਨੇ ਵੀ ਸੰਗ੍ਰਹਿ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਅਲੀ ਉਸਮਾਨ ਬਾਜਵਾ ਨੇ ਸੁਣਾਈ ‘ਪਹਿਲੀ ਰੋਟੀ’
ਅਲੀ ਉਸਮਾਨ ਬਾਜਵਾ ਨੇ ਸਰੋਤਿਆਂ ਨਾਲ ਆਪਣੇ ਲੇਖਣ ਸਫ਼ਰ ਬਾਰੇ ਗੱਲ ਕੀਤੀ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਹਿਮੀਅਤ ਉੱਤੇ ਚਾਨਣਾ ਪਾਇਆ। ਉਨ੍ਹਾਂ ਸੰਗ੍ਰਹਿ ਦੀ ਸਿਰਲੇਖ ਕਹਾਣੀ ‘ਪਹਿਲੀ ਰੋਟੀ’ ਪੜ੍ਹ ਕੇ ਸੁਣਾਈ, ਜਿਸ ਨੂੰ ਹਾਜ਼ਰੀਨ ਨੇ ਸਰਾਹਿਆ। ਕਹਾਣੀ ਪਾਠ ਮਗਰੋਂ ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਲੇਖਕ ਨਾਲ ਸਵਾਲ-ਜਵਾਬ ਕੀਤੇ।
ਮਸਨੂਈ ਬੁੱਧੀ ਦੇ ਵਿਸ਼ੇ ਕਰਕੇ ਚਰਚਾ ਵਿੱਚ ‘ਘੜੀ ਸਿਆਣਫ਼’
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਡਾ. ਨਬੀਲਾ ਰਹਿਮਾਨ ਨੇ ‘ਘੜੀ ਸਿਆਣਫ਼’ ਦੀ ਸ਼ਲਾਘਾ ਕੀਤੀ। ਉਨ੍ਹਾਂ ਮਸਨੂਈ ਬੁੱਧੀ (ਏਆਈ) ਨੂੰ ਕਹਾਣੀ ਦਾ ਵਿਸ਼ਾ ਬਣਾਉਣ ਕਰਕੇ ਇਸ ਨੂੰ ਆਧੁਨਿਕ ਪੰਜਾਬੀ ਗਲਪ ਵਿੱਚ ਇੱਕ ਮੀਲ ਪੱਥਰ ਦੱਸਿਆ। ਸਮਾਗਮ ਵਿੱਚ ਇਸ ਨੂੰ ਪਾਕਿਸਤਾਨ ਵਿੱਚ ਮਸਨੂਈ ਬੁੱਧੀ ਬਾਰੇ ਲਿਖੀ ਗਈ ਪਹਿਲੀ ਪੰਜਾਬੀ ਨਿੱਕੀ ਕਹਾਣੀ ਵਜੋਂ ਪੇਸ਼ ਕੀਤਾ ਗਿਆ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਲੇਖਕ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ ਸ਼ਾਮਲ ਹੋਏ। ਅੰਤ ਵਿੱਚ ਮਹਿਮਾਨਾਂ ਲਈ ਚਾਹ ਅਤੇ ਹਲਕੇ ਜਲਪਾਨ ਦਾ ਪ੍ਰਬੰਧ ਕੀਤਾ ਗਿਆ।
Posted By: Ali Imran Chattha